ਦਿੱਲੀ ਸਰਕਾਰ ਦੇ ਅਧਿਕਾਰਾਂ ਦੇ ਮੁੱਦੇ ’ਤੇ ਸੁਪਰੀਮ ਕੋਰਟ ਦਾ ਫੈਸਲਾ ਲੋਕਤੰਤਰ ਦੀ ਜਿੱਤ : ਕੰਗ
Friday, May 12, 2023 - 01:21 PM (IST)
ਚੰਡੀਗੜ੍ਹ (ਰਮਨਜੀਤ ਸਿੰਘ) : ਦਿੱਲੀ ਦੀ ਕੇਜਰੀਵਾਲ ਸਰਕਾਰ ਤੇ ਕੇਂਦਰ ਸਰਕਾਰ ਵਿਚਾਲੇ ਅਧਿਕਾਰਾਂ ਨੂੰ ਲੈ ਕੇ ਖਿੱਚਤਾਣ ਵਿਚਕਾਰ ਸੁਪਰੀਮ ਕੋਰਟ ਵਲੋਂ ‘ਆਪ’ ਸਰਕਾਰ ਦੇ ਪੱਖ ਵਿਚ ਦਿੱਤੇ ਗਏ ਫੈਸਲੇ ਨੂੰ ਆਮ ਆਦਮੀ ਪਾਰਟੀ ਪੰਜਾਬ ਨੇ ਲੋਕਤੰਤਰ ਦੀ ਜਿੱਤ ਦੱਸਿਆ। ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਕੰਗ ਨੇ ਕਿਹਾ ਕਿ ਸੁਪਰੀਮ ਕੋਰਟ ਵਲੋਂ ਪ੍ਰਸ਼ਾਸਨਿਕ ਅਧਿਕਾਰਾਂ ਦੀ ਨਿਯੁਕਤੀ ਤੇ ਤਬਾਦਲਿਆਂ ਸਮੇਤ ਪ੍ਰਸ਼ਾਸਕੀ ਅਧਿਕਾਰਾਂ ’ਤੇ ਫੈਸਲਾ ਲੈਣ ਦਾ ਅਧਿਕਾਰ ਦਿੱਲੀ ਸਰਕਾਰ ਨੂੰ ਦੇਣ ਸਬੰਧੀ ਫੈਸਲਾ ਲੋਕਤੰਤਰ ਦੀ ਜਿੱਤ ਹੈ। ਅੱਜ ਦੇ ਸਮੇਂ ਵਿਚ ਲੋਕਤੰਤਰ ਨੂੰ ਬਚਾਉਣ ਦੀ ਆਖਰੀ ਉਮੀਦ ਸੁਪਰੀਮ ਕੋਰਟ ਹੈ, ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਦਿੱਲੀ ਸਮੇਤ ਦੇਸ਼ ਦੇ ਸਮੂਹ ਸੂਬਿਆਂ ਦੇ ਅਧਿਕਾਰਾਂ ਨੂੰ ਖਤਮ ਕਰ ਕੇ ਆਪਣੀ ਤਾਨਾਸ਼ਾਹੀ ਸਥਾਪਿਤ ਕਰਨ ਦਾ ਯਤਨ ਕਰ ਰਹੀ ਹੈ। ਅੱਜ ਦੇ ਫੈਸਲੇ ਤੋਂ ਇਹ ਸਿੱਧ ਹੁੰਦਾ ਹੈ ਕਿ ਸੁਪਰੀਮ ਕੋਰਟ ਕਿਸੇ ਨੂੰ ਵੀ ਸੰਵਿਧਾਨ ਦੀ ਆਤਮਾ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦੇਵੇਗੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੇ 13 ਮਹੀਨਿਆਂ ਦੇ ਕਾਰਜਕਾਲ ਨੂੰ ਲੈ ਕੇ ਲੋਕਾਂ ’ਚ ਭਾਰੀ ਉਤਸ਼ਾਹ : ਕੁਲਦੀਪ ਸਿੰਘ ਧਾਲੀਵਾਲ
ਕੰਗ ਨੇ ਕਿਹਾ ਕਿ ਰਾਜਪਾਲ ਤੇ ਉਪ ਰਾਜਪਾਲ ਰਾਹੀਂ ਸੂਬਿਆਂ ਦੀਆਂ ਚੁਣੀਆਂ ਸਰਕਾਰਾਂ ਦੇ ਕੰਮਾਂ ਵਿਚ ਕੀਤੀ ਜਾ ਰਹੀ ਬੇਲੋੜੀ ਦਖਲਅੰਦਾਜ਼ੀ, ਸੂਬਿਆਂ ਦੇ ਅਧਿਕਾਰਾਂ ਨੂੰ ਲਗਾਤਾਰ ਸੀਮਤ ਕੇ ਕਰ ਉਨ੍ਹਾਂ ਨੂੰ ਕਮਜੋਰ ਕਰਨਾ ਦੇਸ਼ ਦੇ ਸੰਘੀ ਢਾਂਚੇ ਦੇ ਉਲਟ ਹੈ। ਭਾਜਪਾ ਦਾ ਇਹ ਰਵੱਈਆ ਕਿਸੇ ਵੀ ਤਰ੍ਹਾਂ ਦੇਸ਼ ਦੇ ਹਿੱਤ ਵਿਚ ਨਹੀਂ ਹੈ। ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦਾ ਜ਼ਿਕਰ ਕਰਦਿਆਂ ਕੰਗ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਨੂੰ ਦੋ ਵਾਰ ਵੱਡਾ ਬਹੁਮਤ ਦੇ ਕੇ ਆਪਣਾ ਲੀਡਰ ਚੁਣਿਆ ਪਰ ਭਾਜਪਾ ਦੀ ਕੇਂਦਰ ਸਰਕਾਰ ਨੇ ਉਨ੍ਹਾਂ ਦੇ ਕੰਮਾਂ ਵਿਚ ਲਗਾਤਾਰ ਦਖਲਅੰਦਾਜ਼ੀ ਕੀਤੀ ਅਤੇ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਅਧਿਕਾਰੀਆਂ ਦੇ ਤਬਾਦਲੇ ਤਕ ਦਾ ਅਧਿਕਾਰ ਖੋਹ ਲਿਆ। ਅਰਵਿੰਦ ਕੇਜਰੀਵਾਲ ਨੇ ਪਿਛਲੇ ਲਗਭਗ ਇਕ ਦਹਾਕੇ ਤੋਂ ਦੇਸ਼ ਅਤੇ ਦਿੱਲੀ ਦੇ ਲੋਕਾਂ ਦੇ ਅਧਿਕਾਰਾਂ ਲਈ ਲੰਬੀ ਲੜਾਈ ਲੜੀ ਅਤੇ ਅੱਜ ਸੁਪਰੀਮ ਕੋਰਟ ਨੇ ਉਸ ’ਤੇ ਮੋਹਰ ਲਾਉਂਦਿਆਂ ਭਾਜਪਾ ਦੀ ਤਾਨਾਸ਼ਾਹੀ ’ਤੇ ਕਰਾਰੀ ਚੋਟ ਮਾਰੀ ਹੈ। ਕੰਗ ਨੇ ਭਾਜਪਾ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਕੇਂਦਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਦੇਸ਼ ਵਿਚ ਤਾਨਾਸ਼ਾਹੀ ਨਹੀਂ ਚੱਲੇਗੀ, ਹੁਣ ਲੋਕ ਸੰਸਦ ਤੋਂ ਲੈ ਕੇ ਸੜਕ ਤਕ ਇਸ ਦਾ ਵਿਰੋਧ ਕਰਨਗੇ।
ਇਹ ਵੀ ਪੜ੍ਹੋ : ਸਰਕਾਰੀ ਸਕੂਲ 'ਚ ਇਕ-ਇਕ ਕਰ ਡਿੱਗਣ ਲੱਗੀਆਂ ਕੁੜੀਆਂ, ਸਿਹਤ ਵਿਗੜਣ ਕਾਰਨ ਪਈਆਂ ਭਾਜੜਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ