ਐੱਸ.ਐੱਸ.ਪੀ ਨੇ ਖੁਦ ਪੁਲਸ ਮੁਲਾਜ਼ਮਾਂ ਦੇ ਕਰਵਾਏ ਕੋਰੋਨਾ ਟੈਸਟ
Thursday, Jun 25, 2020 - 01:47 AM (IST)
ਮਾਨਸਾ/ਬੁਢਲਾਡਾ, (ਮਿੱਤਲ/ਮਨਜੀਤ)- ਮਾਨਸਾ ਪੁਲਸ ਨੇ ਕੋਰੋਨਾ ਵਾਇਰਸ ਦੇ ਖਿਲਾਫ ਫਿਰ ਤੋਂ ਲੋਕਾਂ ਦੀ ਸੁਰੱਖਿਆ ਲਈ ਸਖਤੀ ਕਰਨ ਦਾ ਫੈਸਲਾ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਸਖਤੀ ਤੋਂ ਬਿਨ੍ਹਾਂ ਲੋਕ ਲਾਪਰਵਾਹੀ ਤੋਂ ਬਾਜ ਨਹੀਂ ਆਉਂਦੇ। ਜਿਸ ਕਰਕੇ ਬਿਮਾਰੀ ਜਿਆਦਾ ਫੈਲਦੀ ਹੈ। ਮਾਨਸਾ ਦੇ ਐੱਸ.ਐੱਸ.ਪੀ ਡਾ: ਨਰਿੰਦਰ ਭਾਰਗਵ ਦੀ ਅਗਵਾਈ ਵਿੱਚ ਪਹਿਲ ਕਦਮੀ ਕਰਦਿਆਂ ਮਾਨਸਾ ਪੁਲਸ ਦੇ 219 ਦੇ ਕਰੀਬ ਮੁਲਾਜਮਾਂ ਦਾ ਕੋਰੋਨਾ ਟੈਸਟ ਥਾਣਾ ਸਦਰ ਬੁਢਲਾਡਾ ਵਿਖੇ ਕੀਤਾ ਗਿਆ। ਇਸੇ ਦੌਰਾਨ ਐੱਸ.ਐੱਸ.ਪੀ ਡਾ. ਨਰਿੰਦਰ ਭਾਰਗਵ ਖੁਦ ਮੌਜੂਦ ਰਹੇ। ਉਨ੍ਹਾਂ ਦੱਸਿਆ ਕਿ ਕੋਰੋਨਾ ਟੈਸਟਾਂ ਦੀ ਪਹਿਲ ਪੁਲਸ ਮੁਲਾਜਮਾਂ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਕਿਉਂਕਿ ਪੁਲਸ ਮੁਲਾਜਮ ਸਮਾਜ ਵਿੱਚ ਫਰੰਟ ਲਾਈਨ 'ਤੇ ਕੰਮ ਕਰਦੇ ਹਨ। ਉਨ੍ਹਾਂ ਵਿੱਚ ਇਹ ਬਿਮਾਰੀ ਫੈਲ ਸਕਦੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਬਹੁਤ ਜਿਆਦਾ ਲੋੜ ਹੈ ਕਿ ਲੋਕ ਮਾਸਕ ਪਾ ਕੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ। ਇਸ ਦੇ ਨਾਲ ਵਾਰ-ਵਾਰ ਹੱਥ ਧੌਣ, ਸੈਨੀਟਾਈਜ਼ਰ ਦੀ ਵਰਤੋਂ ਦਾ ਵੀ ਖਿਆਲ ਰੱਖਣ। ਉਨ੍ਹਾਂ ਕਿਹਾ ਕਿ ਖਿਆਲ ਰੱਖਿਆ ਜਾਵੇ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਦੁਨੀਆਂ ਦੇ ਵੱਡੇ-ਵੱਡੇ ਦੇਸ਼ਾਂ ਵਿੱਚ ਤਬਾਹੀ ਮਚਾਈ ਹੈ, ਜਿੱਥੇ ਲਾਕਡਾਊਨ ਨਾ ਰਹਿਣ ਕਰਕੇ ਲੋਕਾਂ ਵੱਲੋਂ ਲਾਪਰਵਾਹੀ ਵਰਤਦਿਆਂ ਲੱਖਾਂ ਦੀ ਤਦਾਦ ਵਿੱਚ ਮੌਤਾਂ ਹੋਈਆਂ ਅਤੇ ਉਨ੍ਹਾਂ ਦੇਸ਼ਾਂ ਦੀ ਅਰਥ ਵਿਵਸਥਾ ਵੀ ਡਾਵਾਂਡੋਲ ਹੋਈ। ਜਦਕਿ ਏਸ਼ੀਆ ਦੇ ਦੇਸ਼ ਨਿਊਜਲੈਂਡ ਨੇ ਸਾਵਧਾਨੀਆਂ ਵਰਤੀਆਂ ਅਤੇ ਸਖਤੀ ਨਾਲ ਨਿਯਮ ਲਾਗੂ ਕੀਤੇ, ਜਿੱਥੇ ਕੋਰੋਨਾ ਪੈਰ ਨਹੀਂ ਪਸਾਰ ਨਹੀਂ ਸਕਿਆ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਦੀ ਖੁਸ਼-ਕਿਸਮਤੀ ਹੈ। ਇੱਥੇ ਸਥਾਨਕ ਕੋਰੋਨਾ ਕੇਸ ਨਹੀਂ ਆਏ। ਬਾਹਰਲੇ ਕੇਸ ਜਰੂਰ ਮਿਲੇ। ਪਰ ਕੋਰੋਨਾ ਦੀ ਮਹਾਂਮਾਰੀ ਇੱਥੇ ਨਹੀਂ ਫੈਲ ਸਕੀ। ਡਾ. ਭਾਰਗਵ ਨੇ ਅਪੀਲ ਕੀਤੀ ਕਿ ਲੋਕ ਸਾਵਧਾਨੀਆਂ ਦੀ ਵਰਤੋਂ ਕਰਨ। ਜੇਕਰ ਅਜਿਹਾ ਨਹੀਂ ਹੋਵੇਗਾ ਤਾਂ ਪੁਲਸ ਸਖਤੀ ਕਰਦਿਆਂ ਚਲਾਨ ਕੱਟਣ ਲਈ ਮਜਬੂਰ ਹੋਵੇਗੀ। ਇਸ ਮੌਕੇ ਡੀ.ਐੱਸ.ਪੀ ਬਲਵਿੰਦਰ ਸਿੰਘ ਪੰਨੂੰ ਬੁਢਲਾਡਾ ਨੇ ਵੀ ਲੋਕਾਂ ਨੂੰ ਕੋਰੋਨਾ ਪ੍ਰਤੀ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਕੋਰੋਨਾ ਟੈਸਟ ਦੇ ਇੰਚਾਰਜ ਡਾ: ਰਣਜੀਤ ਰਾਏ, ਡਾ. ਅਰਸ਼ਦੀਪ ਸਿੰਘ, ਡਾ. ਵਿਸ਼ਵਦੀਪ ਸਿੰਘ, ਐੱਸ.ਆਈ ਭੁਪਿੰਦਰ ਸਿੰਘ, ਜਸਪ੍ਰੀਤ ਸਿੰਘ, ਵਿਸ਼ਾਲ ਸਿੰਘ, ਐੱਸ.ਐੱਚ.ਓ ਥਾਣਾ ਸਦਰ ਜਸਵਿੰਦਰ ਸਿੰਘ, ਥਾਣਾ ਬੋਹਾ ਦੇ ਮੁੱਖੀ ਸੰਦੀਪ ਸਿੰਘ ਭਾਟੀ, ਐੱਸ.ਆਈ ਗੁਰਸ਼ਰਨ ਕੌਰ, ਹੌਲਦਾਰ ਗੁਰਮੀਤ ਕੌਰ ਤੋਂ ਇਲਾਵਾ ਹੋਰ ਵੀ ਮੌਜੂਦ ਸਨ।