ਗਰੀਬ ਕਿਸਾਨ ਦੇ ਪੁੱਤ ਨੇ ਚਮਕਾਇਆ ਪੰਜਾਬ ਦਾ ਨਾਂ, ਸਖ਼ਤ ਮਿਹਨਤ ਸਦਕਾ ਹਾਸਲ ਕੀਤਾ ਇਹ ਮੁਕਾਮ

Sunday, Dec 11, 2022 - 02:12 PM (IST)

ਗਰੀਬ ਕਿਸਾਨ ਦੇ ਪੁੱਤ ਨੇ ਚਮਕਾਇਆ ਪੰਜਾਬ ਦਾ ਨਾਂ, ਸਖ਼ਤ ਮਿਹਨਤ ਸਦਕਾ ਹਾਸਲ ਕੀਤਾ ਇਹ ਮੁਕਾਮ

ਗੁਰਦਾਸਪੁਰ (ਗੁਰਪ੍ਰੀਤ ਸਿੰਘ)- ਸਰਕਾਰਾਂ ਦੀ ਬੇ-ਰੁਖ਼ੀ ਦਾ ਸ਼ਿਕਾਰ ਹੋ ਕੇ ਕਈ ਚੰਗੇ ਖਿਡਾਰੀ ਨਸ਼ਿਆਂ 'ਚ ਪੈ ਜਾਂਦੇ ਹਨ ਪਰ ਗੁਰਦਾਸਪੁਰ ਦੇ ਇਕ ਛੋਟੇ ਜਿਹੇ ਪਿੰਡ ਖੋਖਰ ਦਾ ਰਹਿਣ ਵਾਲਾ ਕਰਨਦੀਪ ਸਿੰਘ ਘਰੋਂ ਬਹੁਤ ਗਰੀਬ ਹੋਣ ਦੇ ਬਾਵਜੂਦ ਮਿਹਨਤ ਕਰਦਾ ਰਿਹਾ ਅਤੇ ਅੱਜ ਉਸਨੇ ਮਿਕਸਡ ਮਾਰਸ਼ਲ ਆਰਟ 'ਚੋਂ ਪਹਿਲਾਂ ਸਥਾਨ ਹਾਸਲ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਰਨਦੀਪ ਸਿੰਘ ਨੇ ਕਿਹਾ ਕਿ ਉਸ ਨੇ ਕੋਲਕਾਤਾ ਤੋਂ ਮਿਕਸਡ ਮਾਰਸ਼ਲ ਆਰਟ 'ਚੋਂ ਪਹਿਲਾਂ ਸਥਾਨ ਹਾਸਲ ਕਰਕੇ ਬੈਲਟ ਜਿੱਤੀ ਹੈ। ਉਨ੍ਹਾਂ  ਕਿਹਾ ਕਿ ਉਹ ਮਿਕਸਡ ਮਾਰਸ਼ਲ ਆਰਟ ਦਾ ਅਭਿਆਸ ਕਰਨ ਲਈ ਘਰੋਂ ਸ਼ਹਿਰ ਕਰੀਬ 15 ਕਿਲੋਮੀਟਰ ਦੂਰ ਸਾਇਕਲ 'ਤੇ ਜਾਂਦਾ ਸੀ ਅਤੇ ਕਈ ਵਾਰੀ ਸਾਇਕਲ ਨਹੀਂ ਹੁੰਦੀ ਸੀ ਅਤੇ ਉਸ ਕੋਲ ਕਿਰਾਇਆ ਨਾ ਹੋਣ ਕਰਕੇ ਉਹ ਲਿਫ਼ਟ ਲੈਕੇ ਜਾ ਪੈਦਲ ਹੀ ਅਭਿਆਸ ਲਈ ਜਾਂਦਾ ਸੀ। ਕਰਨਦੀਪ ਨੇ ਕਿਹਾ ਕਿ ਇਕ ਸਮਾਂ ਇਹੋ ਜਿਹਾ ਆ ਗਿਆ ਸੀ ਲੋਕਾਂ ਅਤੇ ਰਿਸ਼ਤੇਦਾਰਾਂ ਨੇ ਉਸਨੂੰ ਮਿਹਣੇ ਦੇਣੇ ਸ਼ੁਰੂ ਕਰ ਦਿੱਤੇ ਸੀ ਕਿ ਇਸਦਾ ਕੁਝ ਨਹੀਂ ਬਣਨਾ, ਖੇਡ ਛੱਡ ਦੇਵੇ ਤੇ ਕੋਈ ਕੰਮ ਕਰੇ ਪਰ ਕਰਨਦੀਪ ਨੇ ਲੋਕਾਂ ਦੀ ਨਹੀਂ ਸੁਣੀ ਅਤੇ ਆਪਣੀ ਮਿਹਨਤ ਜਾਰੀ ਰੱਖੀ। 

ਇਹ ਵੀ ਪੜ੍ਹੋ- ਪਤੰਗ ਲੁੱਟਦਿਆਂ ਹਾਈਵੋਲਟੇਜ਼ ਤਾਰਾਂ ਦੀ ਲਪੇਟ 'ਚ ਆਏ 12 ਸਾਲਾ ਬੱਚੇ ਦੀ ਹੋਈ ਮੌਤ

10 ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਹੁਣ ਉਸ ਨੂੰ ਮੁਕਾਮ ਮਿਲਿਆ ਹੈ। ਪੂਰੇ ਪੰਜਾਬ 'ਚੋਂ ਸਿਰਫ਼ ਕਰਨ ਖੇਡਣ ਲਈ ਗਿਆ ਅਤੇ ਜਿੱਤਕੇ ਵਾਪਸ ਆਇਆ। ਕਰਨ ਨੇ ਕਿਹਾ ਕਿ ਸਾਡੀ ਪੰਜਾਬ ਸਰਕਾਰ ਖਿਡਾਰੀਆਂ ਦੀ ਸਾਰ ਨਹੀਂ ਲੈਂਦੀ ਅਤੇ ਕਈ ਕਾਰਨਾ ਕਰਕੇ ਖਿਡਾਰੀ ਨਸ਼ੇ 'ਚ ਪੈ ਜਾਂਦੇ ਹਨ। ਜਦਕਿ ਸਾਡਾ ਗੁਆਂਡੀ ਸੂਬਾ ਹਰਿਆਣਾ ਖਿਡਾਰੀਆਂ ਦੀ ਕਦਰ ਕਰਦਾ ਹੈ ਜਿਸ ਕਰਕੇ ਉੱਥੇ ਚੰਗੇ ਖਿਡਾਰੀ ਪੈਦਾ ਹੁੰਦੇ ਹਨ।

ਇਸ ਸੰਬਧੀ ਜਾਣਕਾਰੀ ਦਿੰਦਿਆ ਕਰਨਦੀਪ ਸਿੰਘ ਦੇ ਪਿਤਾ ਨੇ ਕਿਹਾ ਕਿ ਕਰਨਦੀਪ ਸਿੰਘ ਸ਼ੁਰੂ ਤੋਂ  ਹੀ ਬਹੁਤ ਮਿਹਨਤੀ ਸੀ। ਉਸਨੇ ਕਿਹਾ ਕਿ ਘਰ ਤੇ ਹਾਲਾਤ ਕਾਫ਼ੀ ਜ਼ਿਆਦਾ ਮਾੜੇ ਹੋਣ ਕਰਕੇ ਉਸਦੀ ਖੁਰਾਕ ਪੂਰੀ ਨਹੀਂ ਸੀ ਹੁੰਦੀ ਅਤੇ ਪਿੰਡ ਤੋਂ ਕਰੀਬ 15 ਕਿਲੋਮੀਟਰ ਦੂਰ ਗੁਰਦਾਸਪੁਰ ਸ਼ਹਿਰ 'ਚ ਉਹ ਅਭਿਆਸ ਕਰਨ ਲਈ ਸਾਇਕਲ ਤੇ ਜਾਂਦਾ ਸੀ। ਉਹਨਾਂ ਨੇ ਕਿਹਾ ਕਿ ਕਰਨ ਨੂੰ ਕਰੀਬ 10 ਸਾਲ ਹੋ ਚੁੱਕੇ ਨੇ ਮਿਹਨਤ ਕਰਦੇ, ਉਸਨੇ ਲਗਾਤਾਰ ਅਭਿਆਸ ਜਾਰੀ ਰੱਖਿਆ ਜਿਸ ਦੌਰਾਨ ਉਸਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ- ਚਾਈਨਾ ਡੋਰ ਹੋਈ ਖ਼ਤਰਨਾਕ ਸਾਬਿਤ, ਗੁਰਦਾਸਪੁਰ 'ਚ ਪਤੰਗ ਉਡਾਉਂਦਾ ਬੱਚਾ ਘਰ ਦੀ ਛੱਤ ਤੋਂ ਡਿੱਗ ਕੇ ਹੋਇਆ ਜਖ਼ਮੀ

ਉਨ੍ਹਾਂ ਕਿਹਾ ਕਿ ਇਕ ਸਮਾਂ ਇਹੋ ਜਿਹਾ ਵੀ ਆ ਗਿਆ ਸੀ ਕਿ ਅਸੀਂ ਉਸਨੂੰ ਕਿਹਾ ਕਿ ਉਹ ਖੇਡ ਛੱਡ ਦੇਵੇ ਅਤੇ ਕੋਈ ਕੰਮ ਕਰ ਲਵੇ, ਪਰ ਕਰਨ ਨੇ ਆਪਣਾ ਅਭਿਆਸ ਜਾਰੀ ਰੱਖਿਆ। ਕਰਨਦੀਪ ਅਭਿਆਸ ਕਰਨ ਦੇ ਨਾਲ-ਨਾਲ ਖੇਤੀ 'ਚ ਵੀ ਸਾਡੇ ਨਾਲ ਕੰਮ ਕਰਦਾ ਸੀ। ਉਨ੍ਹਾਂ ਕਿਹਾ ਕਿ ਸਰਕਾਰਾਂ ਚੰਗੇ ਖਿਡਾਰੀਆਂ ਦੀ ਸਾਰ ਨਹੀਂ ਲੈਂਦੀਆ ਜਿਸ ਕਰਕੇ ਕਾਫ਼ੀ ਨੌਜਵਾਨ ਨਸ਼ੇ ਦੇ ਸ਼ਿਕਾਰ ਹੋ ਰਹੇ ਹਨ। ਜਿੱਥੇ ਬਾਕੀ ਰਾਜ ਖੇਡਾਂ ਨੂੰ ਪਹਿਲ ਦਿੰਦੇ ਹਨ, ਜਿਸ ਕਰਕੇ ਚੰਗੇ ਖਿਡਾਰੀ ਨਿਕਲਦੇ ਹਨ, ਉੱਥੇ ਹੀ ਪੰਜਾਬ ਸਰਕਾਰ ਦਾ ਖੇਡਾਂ ਵੱਲ ਕੋਈ ਧਿਆਨ ਨਹੀਂ ਹੈ। ਜਿਸ ਕਰਕੇ ਨੌਜਵਾਨ ਨਸ਼ਿਆਂ 'ਚ ਜਾ ਰਹੇ ਹਨ ਜਾਂ ਪੰਜਾਬ ਛੱਡ ਵਿਦੇਸ਼ਾਂ ਵੱਲ ਜਾ ਰਹੇ ਹਨ।


 


author

Shivani Bassan

Content Editor

Related News