ਸੂਲਰ ਘਰਾਟ ਕਾਂਡ ; ਇਕ ਹੋਰ ਜ਼ਖਮੀ ਨੇ ਦਮ ਤੋੜਿਆ
Monday, Sep 25, 2017 - 10:15 AM (IST)
ਦਿੜ੍ਹਬਾ (ਸਰਾਓ, ਅਜੇ, ਬਾਂਸਲ)—ਸੂਲਰ ਘਰਾਟ ਪਟਾਕਾ ਗੋਦਾਮ ਧਮਾਕੇ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋਇਆ ਡਰਾਈਵਰ ਧੰਨਪਤ ਸਿੰਘ ਧੰਨਾ ਪੁੱਤਰ ਸੁਖਦੇਵ ਸਿੰਘ ਵਾਸੀ ਸੂਲਰ ਘਰਾਟ ਵੀ ਜ਼ਿੰਦਗੀ ਦੀ ਲੜਾਈ ਹਾਰ ਗਿਆ।
ਧਮਾਕਾ ਹੋਣ ਸਮੇਂ ਧੰਨਪਤ ਸਿੰਘ ਨੇ ਗੋਦਾਮ ਵਿਚ ਆਪਣੀ ਗੱਡੀ ਭਰਨ ਲਈ ਲਾਈ ਹੋਈ ਸੀ। ਜ਼ਖਮੀ ਹੋਣ ਉਪਰੰਤ ਉਸ ਨੂੰ ਸੰਗਰੂਰ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੋਂ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਕੱਲ ਹੀ ਉਸ ਨੂੰ ਡੀ. ਐੱਮ. ਸੀ. ਹਸਪਤਾਲ ਲੁਧਿਆਣਾ ਭੇਜ ਦਿੱਤਾ ਗਿਆ, ਜਿਥੇ ਉਹ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਧੰਨਪਤ ਆਪਣੇ ਪਿੱਛੇ 2 ਛੋਟੇ ਲੜਕੇ, ਪਤਨੀ ਅਤੇ ਬਜ਼ੁਰਗ ਮਾਂ-ਪਿਓ ਨੂੰ ਛੱਡ ਗਿਆ ਹੈ।
ਗਰੀਬ ਪਰਿਵਾਰ ਨਾਲ ਸੰਬੰਧਿਤ ਧੰਨਪਤ ਸਿੰਘ ਗੱਡੀ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਇਸ ਦੇ ਜਾਣ ਨਾਲ ਪਰਿਵਾਰ ਦੇ ਪੰਜ ਜੀਅ ਕਿਸ ਤਰ੍ਹਾਂ ਗੁਜ਼ਾਰਾ ਕਰਨਗੇ? ਉਸ ਦੀ ਮੌਤ ਦੇ ਰੋਸ ਵਜੋਂ ਅੱਜ ਸੂਲਰ ਘਰਾਟ ਦਾ ਬਾਜ਼ਾਰ ਬਿਲਕੁਲ ਬੰਦ ਰਿਹਾ। ਪਿੰਡ ਵਾਸੀਆਂ ਵੱਲੋਂ ਸਰਕਾਰ ਤੋਂ ਪੀੜਤ ਪਰਿਵਾਰ ਦੀ ਆਰਥਿਕ ਮਦਦ ਕਰਨ ਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਗਈ।
