ਪਾਣੀ ਦੀ ਸਪਲਾਈ ਠੱਪ ਹੋਣ ਕਾਰਨ ਔਰਤਾਂ ਨੇ ਵਿਭਾਗ ਖਿਲਾਫ਼ ਕੀਤੀ ਨਾਅਰੇਬਾਜ਼ੀ
Saturday, Apr 28, 2018 - 04:40 AM (IST)

ਪਠਾਨਕੋਟ/ਘਰੋਟਾ, (ਸ਼ਾਰਦਾ, ਰਾਜਨ)- 10 ਹਜ਼ਾਰ ਦੀ ਆਬਾਦੀ ਵਾਲੇ ਘਰੋਟਾ ਪਿੰਡ ਵਿਚ ਪਾਣੀ ਦੀ ਕਿੱਲਤ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨੂੰ ਲੈ ਕੇ ਅੱਜ ਪਿੰਡ ਵਾਸੀਆਂ ਨੇ ਵਿਭਾਗ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨਕਾਰੀਆਂ ਨੀਲਮ, ਮਨੂ, ਬੰਧੂ, ਜੋਤੀ, ਪੁਸ਼ਪਾ, ਸੀਤਾ, ਰਾਮ ਪਿਆਰੀ ਆਦਿ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਪਾਣੀ ਦੀ ਸਪਲਾਈ ਠੱਪ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਪੇਸ਼ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡ ਵਿਚ ਪਾਣੀ ਦੀ ਸਪਲਾਈ ਦੀਆਂ ਦੋ ਟੈਂਕੀਆਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿਚੋਂ ਇਕ ਟੈਂਕੀ ਬੱਸ ਸਟੈਂਡ ਘਰੋਟਾ, ਜਦਕਿ ਦੂਸਰੀ ਪਿੰਡ ਦੇ ਦੂਸਰੇ ਪੜਾਅ 'ਤੇ ਸਥਿਤ ਹੈ ਪਰ ਦੋ-ਦੋ ਟੈਂਕੀਆਂ ਹੋਣ ਦੇ ਬਾਵਜੂਦ ਵੀ ਪਿੰਡ ਵਿਚ 15-15 ਦਿਨਾਂ ਤੱਕ ਪਾਣੀ ਦੀ ਸਪਲਾਈ ਬੰਦ ਰਹਿੰਦੀ ਹੈ, ਜਿਸ ਕਾਰਨ ਲੋਕ ਦੂਰ-ਦੁਰਾਡੇ ਖੇਤਰਾਂ ਤੋਂ ਪਾਣੀ ਭਰ ਕੇ ਲਿਆਉਣ ਨੂੰ ਮਜਬੂਰ ਹਨ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਾਣੀ ਦੇ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਛੇਤੀ ਹੀ ਉਨ੍ਹਾਂ ਦੀ ਉਕਤ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਸੰਘਰਸ਼ ਦਾ ਰੁਖ਼ ਅਪਨਾਉਣ ਨੂੰ ਮਜਬੂਰ ਹੋਣਗੇ।