ਨੌਕਰ ਨੇ ਆਪਣੇ ਬਿਲਡਰ ਮਾਲਕ ਦਾ ਚੋਰੀ ਕੀਤਾ ਸੀ 15 ਲੱਖ ਰੁਪਏ ਦੀ ਨਕਦੀ ਭਰਿਆ ਬ੍ਰੀਫਕੇਸ

Saturday, Aug 19, 2017 - 04:01 AM (IST)

ਨੌਕਰ ਨੇ ਆਪਣੇ ਬਿਲਡਰ ਮਾਲਕ ਦਾ ਚੋਰੀ ਕੀਤਾ ਸੀ 15 ਲੱਖ ਰੁਪਏ ਦੀ ਨਕਦੀ ਭਰਿਆ ਬ੍ਰੀਫਕੇਸ

ਲੁਧਿਆਣਾ, (ਮਹੇਸ਼)- ਨਗਰ ਦੇ ਪ੍ਰਮੁੱਖ ਬਿਲਡਰ ਸਚਿਨ ਅਰੋੜਾ ਦਾ 15 ਲੱਖ ਰੁਪਏ ਦੀ ਨਕਦੀ ਨਾਲ ਭਰਿਆ ਬੈਗ ਉਸ ਦੇ ਨੌਕਰ ਅਰੁਣ ਕੁਮਾਰ ਨੇ ਸਾਬਕਾ ਨੌਕਰ ਰਾਜ ਕੁਮਾਰ ਉਰਫ ਰਾਜੂ ਅਤੇ ਇਕ ਦੋਸਤ ਸਤਵਿੰਦਰ ਕੁਮਾਰ ਉਰਫ ਜੌਨੀ ਨਾਲ ਮਿਲ ਕੇ ਚੋਰੀ ਕੀਤਾ ਸੀ, ਜਿਸ ਵਿਚ 50,000 ਰੁਪਏ ਦੀ ਨਕਦੀ ਅਰੁਣ ਦੇ ਪਿਤਾ ਮੁਰਲੀ ਨੂੰ ਵੀ ਦਿੱਤੀ ਗਈ ਤਾਂ ਕਿ ਉਹ ਕਿਸੇ ਦੇ ਸਾਹਮਣੇ ਆਪਣੀ ਜ਼ਬਾਨ ਨਾ ਖੋਲ੍ਹੇ। ਹਾਲ ਦੀ ਘੜੀ ਪੁਲਸ ਨੇ ਅਰੁਣ, ਅਰੁਣ ਦੇ ਪਿਤਾ ਮੁਰਲੀ ਅਤੇ ਸਤਵਿੰਦਰ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਚੋਰੀ ਕੀਤੀ ਗਈ ਨਕਦੀ ਵਿਚੋਂ 4.50 ਲੱਖ ਰੁਪਏ ਬਰਾਮਦ ਕੀਤੇ ਹਨ, ਜਦੋਂਕਿ ਰਾਜੂ ਅਜੇ ਤੱਕ ਪੁਲਸ ਦੀ ਪਕੜ ਤੋਂ ਬਾਹਰ ਹੈ, ਜਿਸ ਕੋਲ ਚੋਰੀ ਕੀਤੀ ਗਈ ਬਾਕੀ ਨਕਦੀ ਹੈ। ਪੁਲਸ ਨੇ ਤਿੰਨਾਂ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਉਨ੍ਹਾਂ ਦਾ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਕੇਸ ਦਾ ਖੁਲਾਸਾ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਆਫ ਪੁਲਸ  (ਏ. ਡੀ. ਸੀ. ਪੀ.-3) ਸੁਰਿੰਦਰ ਲਾਂਬਾ ਨੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਰਾਜ ਗੁਰੂ ਨਗਰ ਇਲਾਕੇ ਦਾ ਰਹਿਣ ਵਾਲਾ ਸਚਿਨ ਬਿਲਡਿੰਗਾਂ ਬਣਾ ਕੇ ਵੇਚਣ ਦਾ ਕੰਮ ਕਰਦਾ ਹੈ। ਇਨ੍ਹੀਂ ਦਿਨੀਂ ਉਹ ਪਿੰਡ ਥਰੀਕੇ ਦੀ ਘੁੰਮਣ ਕਾਲੋਨੀ ਵਿਚ ਇਮਾਰਤ ਦੀ ਉਸਾਰੀ ਕਰਵਾ ਰਿਹਾ ਹੈ। 11 ਅਗਸਤ ਦੀ ਰਾਤ ਕਰੀਬ 10 ਵਜੇ ਉਹ ਆਪਣੇ ਹੋਰਨਾਂ ਵਰਕਰਾਂ ਬਲਕਾਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਕੰਮ ਸਮਝਾਉਣ ਲਈ ਸਾਈਟ 'ਤੇ ਗਿਆ ਸੀ। ਉਦੋਂ ਉਸ ਦੇ ਕੋਲ 15 ਲੱਖ ਰੁਪਏ ਦੀ ਨਕਦੀ ਨਾਲ ਭਰਿਆ ਬ੍ਰੀਫਕੇਸ ਸੀ, ਜਿਸ ਨੂੰ ਉਹ ਅਰੁਣ ਦੇ ਦੇਖ-ਰੇਖ ਵਿਚ ਛੱਡ ਕੇ ਵਰਕਰਾਂ ਦੇ ਕੋਲ ਚਲਾ ਗਿਆ। ਕਰੀਬ 10 ਮਿੰਟ ਬਾਅਦ ਜਦੋਂ ਉਹ ਵਾਪਸ ਆਇਆ ਤਾਂ ਨਾ ਤਾਂ ਉਸ ਨੂੰ ਅਰੁਣ ਕਿਤੇ ਦਿਖਾਈ ਦਿੱਤਾ ਅਤੇ ਨਾ ਹੀ ਬ੍ਰੀਫਕੇਸ, ਜਿਸ ਦੀ ਸੂਚਨਾ ਉਸ ਨੇ ਸਦਰ ਪੁਲਸ ਦੇ ਕੋਲ ਕੀਤੀ।
ਦੋਸ਼ੀਆਂ ਨੇ ਕਬੂਲਿਆ ਜੁਰਮ- ਲਾਂਬਾ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਹਰਕਤ ਵਿਚ ਆ ਗਈ। 6 ਦਿਨਾਂ ਦੀ ਜੱਦੋ ਜਹਿਦ ਤੋਂ ਬਾਅਦ 3 ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ। ਜਦੋਂਕਿ ਰਾਜੂ ਪੁਲਸ ਦੇ ਹੱਥ ਨਹੀਂ ਲੱਗਾ। ਫੜੇ ਗਏ ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਜੌਨੀ ਕੋਲੋਂ 3.50 ਲੱਖ, ਅਰੁਣ ਅਤੇ ਮੁਰਲੀ ਤੋਂ 50-50 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ।


Related News