ਜ਼ੀਰਾ ਰੋਡ ''ਤੇ ਲੱਗਦਾ ਜਾਮ ਬਣਿਆ ਗੰਭੀਰ ਸਮੱਸਿਆ

11/19/2017 2:01:55 AM

ਮੋਗਾ,   (ਪਵਨ ਗਰੋਵਰ, ਗੋਪੀ ਰਾਊਕੇ)-  ਮੋਗਾ ਸ਼ਹਿਰ ਦੇ ਜ਼ੀਰਾ ਰੋਡ 'ਤੇ ਅਕਸਰ ਲੱਗਦੇ ਜਾਮ ਨੇ ਰਾਹਗੀਰਾਂ ਦਾ ਲੰਘਣਾ ਦੁੱਭਰ ਕਰ ਕੇ ਰੱਖ ਦਿੱਤਾ ਹੈ। ਪੂਰਾ-ਪੂਰਾ ਦਿਨ ਲੱਗਦੇ ਜਾਮ ਦਾ ਮੁੱਖ ਕਾਰਨ ਜਿਥੇ ਰੋਡ 'ਤੇ ਹੋਏ ਨਾਜਾਇਜ਼ ਕਬਜ਼ੇ ਬਣ ਰਹੇ ਹਨ, ਉੱਥੇ ਵੱਖ-ਵੱਖ ਥਾਵਾਂ ਨੂੰ ਜਾਣ ਵਾਲੀਆਂ ਬੱਸਾਂ ਅਤੇ ਟੈਂਪੂਆਂ ਦੇ ਥਾਂ-ਥਾਂ 'ਤੇ ਬਣੇ ਅੱਡੇ ਵੀ ਜਾਮ ਦੀ ਸਮੱਸਿਆ ਨੂੰ ਅੰਜਾਮ ਦਿੰਦੇ ਹਨ, ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜ਼ੀਰਾ ਰੋਡ ਦੇ ਮੁੱਖ ਚੌਕ ਨੇੜੇ ਟ੍ਰੈਫਿਕ ਵਿਭਾਗ ਦੇ ਅਧਿਕਾਰੀਆਂ ਨੇ ਹਮੇਸ਼ਾ ਹੀ ਦੋਪਹੀਆਂ ਵਾਹਨਾਂ ਦੇ ਚਲਾਨ ਕੱਟੇ ਹਨ ਪਰ ਉਨ੍ਹਾਂ ਕਦੇ ਵੀ ਸਹੀ ਥਾਵਾਂ 'ਤੇ ਨਾ ਖੜ੍ਹਨ ਵਾਲੇ ਵਾਹਨਾਂ ਵਿਰੁੱਧ ਕੋਈ ਠੋਸ ਕਾਰਵਾਈ ਕਰਨ ਨੂੰ ਤਰਜੀਹ ਹੀ ਨਹੀਂ ਦਿੱਤੀ, ਜਿਸ ਕਰ ਕੇ ਜ਼ੀਰਾ ਰੋਡ ਦੀ ਸਮੱਸਿਆ ਵੱਧਦੀ ਜਾ ਰਹੀ ਹੈ।
ਅੱਜ ਦੁਪਹਿਰ ਵੇਲੇ ਜ਼ੀਰਾ ਰੋਡ 'ਤੇ ਬੱਸਾਂ ਅਤੇ ਵੱਡੇ ਵ੍ਹੀਕਲਾਂ ਦੇ ਟ੍ਰੈਫਿਕ 'ਚ ਘਿਰਨ ਕਰ ਕੇ ਜ਼ੀਰਾ ਰੋਡ, ਅੰਮ੍ਰਿਤਸਰ ਅਤੇ ਲੁਧਿਆਣਾ ਰੋਡ ਨੂੰ ਜਾਣ ਵਾਲੇ ਵ੍ਹੀਕਲਾਂ ਦਾ ਜਾਮ ਲੰਮਾ ਸਮਾਂ ਜ਼ੀਰਾ ਰੋਡ 'ਤੇ ਲੱਗਿਆ ਰਿਹਾ, ਜਿਸ ਕਰ ਕੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦੇ ਆਲਮ 'ਚੋਂ ਲੰਘ ਕੇ ਆਪੋ-ਆਪਣੀਆਂ ਮੰਜ਼ਿਲਾ 'ਤੇ ਪੁੱਜਣਾ ਪਿਆ। ਜਾਮ 'ਚ ਫਸੇ ਇਕ ਵਿਅਕਤੀ ਸੁਰਜੀਤ ਸਿੰਘ ਦਾ ਕਹਿਣਾ ਸੀ ਜ਼ੀਰਾ ਰੋਡ 'ਤੇ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਲਈ ਕਦੇ ਵੀ ਟ੍ਰੈਫਿਕ ਵਿਭਾਗ ਨੇ ਗੰਭੀਰਤਾ ਨਹੀਂ ਦਿਖਾਈ, ਜਿਸ ਕਰ ਕੇ ਆਏ ਦਿਨ ਪੇਸ਼ ਆ ਰਹੀ ਇਸ ਸਮੱਸਿਆ ਨੇ ਰਾਹਗੀਰਾਂ ਦੇ ਨੱਕ 'ਚ ਦਮ ਕਰ ਕੇ ਰੱਖ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਟ੍ਰੈਫਿਕ ਵਿਭਾਗ ਨੂੰ ਇਸ ਸਮੱਸਿਆ ਦੇ ਹੱਲ ਲਈ ਗੰਭੀਰ ਯਤਨ ਕਰਨ ਦੀ ਲੋੜ ਹੈ ਤਾਂ ਜੋ ਰਾਹਗੀਰਾਂ ਦੀਆਂ ਮੁਸ਼ਕਿਲਾਂ ਘੱਟ ਹੋ ਸਕਣ। 


Related News