ਕਈ ਸੂਬਿਆਂ ਦੀ ਪੁਲਸ ਲਈ ਸਿਰ ਦਰਦ ਬਣਿਆ ਖ਼ਤਰਨਾਕ ਗੈਂਗਸਟਰ ਦੋਰਾਹਾ ''ਚ ਗ੍ਰਿਫ਼ਤਾਰ
Friday, Jul 18, 2025 - 01:57 PM (IST)

ਦੋਰਾਹਾ (ਵਿਨਾਇਕ) : ਦੋਰਾਹਾ ਪੁਲਸ ਨੇ ਦੋਰਾਹਾ ਇਲਾਕੇ 'ਚ ਵੱਡੀ ਕਾਰਵਾਈ ਕਰਦਿਆਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਨਜ਼ਦੀਕੀ ਮੰਨੇ ਜਾਂਦੇ ਗੈਂਗਸਟਰ ਰਾਜਵੀਰ ਸਿੰਘ ਉਰਫ਼ ਰਵੀ ਰਾਜਗੜ੍ਹ ਨੂੰ ਗ੍ਰਿਫ਼ਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਰਵੀ ਦੇ ਕਬਜ਼ੇ 'ਚੋਂ 30 ਬੋਰ ਦੀ ਲੋਡਿਡ ਪਿਸਤੌਲ ਵੀ ਬਰਾਮਦ ਹੋਈ ਹੈ। ਜਾਣਕਾਰੀ ਮੁਤਾਬਕ ਰਵੀ ਆਪਣੇ ਪਿਤਾ ਸਰਪੰਚ ਜਗਤਾਰ ਸਿੰਘ, ਜੋ ਕਿ ਵਿਦੇਸ਼ ਜਾਣ ਦੀ ਤਿਆਰੀ 'ਚ ਸਨ, ਨਾਲ ਮਿਲਣ ਲਈ ਪਿੰਡ ਆਇਆ ਹੋਇਆ ਸੀ। ਮੁਖਬਰੀ ਦੀ ਬੁਨਿਆਦ 'ਤੇ ਪੁਲਸ ਨੇ ਛਾਪਾ ਮਾਰਿਆ ਅਤੇ ਰਵੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਦੀ ਘੇਰਾਬੰਦੀ ਤੋਂ ਨਹੀਂ ਬਚ ਸਕਿਆ। ਡੀਐੱਸਪੀ ਪਾਇਲ ਹੇਮੰਤ ਮਲਹੋਤਰਾ ਨੇ ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਰਵੀ ਨੂੰ ਪਾਇਲ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਸਨੂੰ 2 ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਪੁਲਸ ਹੁਣ ਉਸ ਤੋਂ ਲੰਬੀ ਪੁੱਛਗਿੱਛ ਕਰ ਰਹੀ ਹੈ ਤੇ ਆਸ ਹੈ ਕਿ ਉਸ ਕੋਲੋਂ ਗੈਂਗਸਟਰ ਨੈੱਟਵਰਕ ਅਤੇ ਸਿੱਧੂ ਮੂਸੇਵਾਲਾ ਕਤਲ ਕਾਂਡ ਬਾਰੇ ਮਹੱਤਵਪੂਰਨ ਖੁਲਾਸੇ ਹੋ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ਵਿਚ ਵੱਡੀ ਹਲਚਲ, ਇਸ ਵੱਡੇ ਆਗੂ ਨੇ ਛੱਡਿਆ ਅਕਾਲੀ ਦਲ
ਰਵੀ ਰਾਜਗੜ੍ਹ 'ਏ-ਕੈਟੇਗਰੀ' ਦਾ ਖ਼ਤਰਨਾਕ ਗੈਂਗਸਟਰ ਮੰਨਿਆ ਜਾਂਦਾ ਹੈ, ਜਿਸ ਉੱਤੇ ਕਤਲ, ਕਤਲ ਦੀ ਕੋਸ਼ਿਸ਼, ਫਿਰੌਤੀ ਵਸੂਲੀ, ਗੈਰਕਾਨੂੰਨੀ ਹਥਿਆਰਾਂ ਦੀ ਸਪਲਾਈ ਆਦਿ ਸੰਗੀਨ ਅਪਰਾਧਾਂ ਦੇ ਮਾਮਲੇ ਦਰਜ ਹਨ। ਪੁਲਸ ਰਿਕਾਰਡ ਮੁਤਾਬਕ ਉਹ ਕਾਫ਼ੀ ਸਮੇਂ ਤੋਂ ਫਰਾਰ ਚੱਲ ਰਿਹਾ ਸੀ ਅਤੇ ਕਈ ਸੂਬਿਆਂ ਦੀ ਪੁਲਸ ਤੇ ਕੇਂਦਰੀ ਏਜੰਸੀਆਂ ਉਸ ਦੀ ਤਲਾਸ਼ 'ਚ ਲੱਗੀਆਂ ਹੋਈਆਂ ਸਨ। ਐੱਨਆਈਏ ਨੇ ਵੀ ਉਸ ਦੇ ਘਰ 'ਤੇ ਦੋ ਵਾਰੀ ਛਾਪੇ ਮਾਰੇ ਪਰ ਉਹ ਹਰ ਵਾਰ ਸਲੀਕੇ ਨਾਲ ਬਚ ਨਿਕਲਦਾ ਰਿਹਾ।
ਇਹ ਵੀ ਪੜ੍ਹੋ : Punjab ਦੇ ਇਨ੍ਹਾਂ ਪਿੰਡਾਂ ਲਈ ਚੰਗੀ ਖ਼ਬਰ, ਸਰਕਾਰ ਨੇ ਕਰ 'ਤਾ ਵੱਡਾ ਐਲਾਨ
ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਵੀ ਰਵੀ ਦਾ ਨਾਮ ਸਾਹਮਣੇ ਆਇਆ ਸੀ। ਦੋਸ਼ ਹੈ ਕਿ ਰਵੀ ਨੇ ਇਸ ਕਤਲ ਕਾਂਡ 'ਚ ਸ਼ਾਮਲ ਸ਼ਾਰਪਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਇਸ ਤੋਂ ਇਲਾਵਾ, ਉੱਤੇ ਇਹ ਵੀ ਇਲਜ਼ਾਮ ਹੈ ਕਿ ਉਸ ਨੇ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਫਰਜ਼ੀ ਪਾਸਪੋਰਟ ਰਾਹੀਂ ਵਿਦੇਸ਼ ਭੇਜਣ ਵਿਚ ਵੀ ਮਦਦ ਕੀਤੀ। ਇਹ ਸਾਜ਼ਿਸ਼ ਅੰਜਾਮ ਦੇਣ ਲਈ ਰਵੀ ਨੇ ਟਰਾਂਸਪੋਰਟ ਨਗਰ ਦੇ ਇਕ ਏਜੰਟ ਨੂੰ 25 ਲੱਖ ਰੁਪਏ ਦਿੱਤੇ, ਜਿਸ ਤੋਂ ਬਾਅਦ ਅਨਮੋਲ ਨੂੰ ਜੈਪੁਰ ਅਤੇ ਫਿਰ ਦੁਬਈ ਭੇਜਿਆ ਗਿਆ। ਪੁਲਸ ਲਈ ਇਹ ਗ੍ਰਿਫ਼ਤਾਰੀ ਲਾਰੈਂਸ-ਗੋਲਡੀ ਬਰਾੜ ਗਿਰੋਹ ਦੇ ਨੈੱਟਵਰਕ ਨੂੰ ਤੋੜਨ ਵਲ ਇਕ ਵੱਡਾ ਕਦਮ ਮੰਨੀ ਜਾ ਰਹੀ ਹੈ। ਅਧਿਕਾਰੀਆਂ ਅਨੁਸਾਰ, ਇਹ ਗ੍ਰਿਫ਼ਤਾਰੀ ਸਿਰਫ ਇਕ ਅਪਰਾਧੀ ਨੂੰ ਫੜਨ ਤੱਕ ਸੀਮਿਤ ਨਹੀਂ, ਬਲਕਿ ਅੰਤਰਰਾਸ਼ਟਰੀ ਗੈਂਗਸਟਰ ਚੇਨ, ਹਥਿਆਰਾਂ ਦੀ ਸਪਲਾਈ ਅਤੇ ਫੰਡਿੰਗ ਰੂਟ ਤੱਕ ਪਹੁੰਚਣ ਦੀ ਯੋਜਨਾ ਦਾ ਅਹੰਮ ਹਿੱਸਾ ਹੈ।
ਇਹ ਵੀ ਪੜ੍ਹੋ : ਸੂਬੇ ਦੇ ਪੰਜ ਜ਼ਿਲ੍ਹਿਆਂ ਲਈ ਵੱਡਾ ਐਲਾਨ, ਪੰਜਾਬ ਸਰਕਾਰ ਨੇ ਇਸ ਵੱਡੇ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ
ਜ਼ਿਕਰਯੋਗ ਹੈ ਕਿ ਹਾਲੀ ਹੀ 'ਚ ਪੰਜਾਬ ਪੁਲਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਲਾਰੈਂਸ ਗਿਰੋਹ ਖ਼ਿਲਾਫ਼ ਕਈ ਵੱਡੀਆਂ ਕਾਰਵਾਈਆਂ ਕੀਤੀਆਂ ਹਨ, ਜਿਨ੍ਹਾਂ 'ਚ ਕਈ ਗੈਂਗਸਟਰ ਕਾਬੂ ਕੀਤੇ ਗਏ ਹਨ ਅਤੇ ਹਥਿਆਰਾਂ ਦੀ ਵੱਡੀ ਖੇਪ ਵੀ ਬਰਾਮਦ ਹੋਈ ਹੈ। ਰਵੀ ਰਾਜਗੜ੍ਹ ਦੀ ਗ੍ਰਿਫ਼ਤਾਰੀ ਨਾਲ ਹੁਣ ਇਸ ਗਿਰੋਹ ਦੇ ਅੰਤਰਰਾਸ਼ਟਰੀ ਜਾਲ ਅਤੇ ਮਾਲੀ ਸਾਧਨਾਂ 'ਤੇ ਪੁਲਸ ਦੀ ਪਕੜ ਹੋਰ ਮਜ਼ਬੂਤ ਹੋਣ ਦੀ ਸੰਭਾਵਨਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e