ਨਦੀਆਂ ਤੇ ਵੇਈਂ ਦੇ ਕੰਢੇ ਮੰਡ ਖੇਤਰ ਬਣੇ ਸ਼ਰਾਬ ਮਾਫੀਆ ਦੇ ਖੁਫੀਆ ਗੜ੍ਹ

12/21/2017 6:54:31 AM

ਕਪੂਰਥਲਾ, (ਭੂਸ਼ਣ)- ਸੂਬੇ 'ਚੋਂ ਲੰਘਣ ਵਾਲੀਆਂ ਨਦੀਆਂ ਅਤੇ ਵੇਈਂ ਦੇ ਕਿਨਾਰੇ ਬਣੇ ਮੰਡ ਖੇਤਰ ਬਣ ਚੁੱਕੇ ਹਨ ਸ਼ਰਾਬ ਮਾਫੀਆ ਦਾ ਖੁਫੀਆ ਗੜ੍ਹ । ਆਬਕਾਰੀ ਵਿਭਾਗ ਕਪੂਰਥਲਾ ਵੱਲੋਂ ਕਾਲੀ ਵੇਈਂ ਦੇ ਕੰਢੇ ਬਣੇ ਮੰਡ ਖੇਤਰ ਤੋਂ 1600 ਲਿਟਰ ਲਾਹਨ ਬਰਾਮਦ ਕਰਨਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਪੁਲਸ ਅਤੇ ਆਬਕਾਰੀ ਵਿਭਾਗ ਨੂੰ ਚਕਮਾ ਦੇਣ ਲਈ ਕਿਸ ਤਰ੍ਹਾਂ ਸਮੱਗਲਰ ਨਵੇਂ-ਨਵੇਂ ਰਸਤੇ ਕੱਢ ਰਹੇ ਹਨ। ਜੇਕਰ ਪੁਲਸ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਕਪੂਰਥਲਾ ਜ਼ਿਲੇ ਦੇ ਮੰਡ ਖੇਤਰ 'ਚ ਨਾਜਾਇਜ਼ ਸ਼ਰਾਬ ਅਤੇ ਲਾਹਨ ਬਰਾਮਦਗੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਕੁਝ ਦਿਨ ਪਹਿਲਾਂ ਵੀ ਥਾਣਾ ਕੋਤਵਾਲੀ ਦੀ ਪੁਲਸ ਕਾਲੀ ਵੇਈਂ ਨਾਲ ਲੱਗਦੇ ਪਿੰਡ ਬੂਟਾ 'ਚ ਹਜ਼ਾਰਾਂ ਲਿਟਰ ਲਾਹਨ ਬਰਾਮਦ ਕਰਕੇ 25 ਮੁਲਜ਼ਮਾਂ ਦੇ ਖਿਲਾਫ ਮਾਮਲੇ ਦਰਜ ਕਰ ਚੁੱਕੀ ਹੈ ।  
ਪੁਲਸ ਕਰਮਚਾਰੀਆਂ ਨੂੰ ਤੈਰਨਾ ਨਾ ਆਉਣਾ ਸਮੱਗਲਰਾਂ ਲਈ ਵਰਦਾਨ
ਕਪੂਰਥਲਾ ਜ਼ਿਲੇ 'ਚ ਸੁਲਤਾਨਪੁਰ ਲੋਧੀ, ਤਲਵੰਡੀ ਚੌਧਰੀਆਂ, ਫੱਤੂਢੀਂਗਾ ਅਤੇ ਭੁਲੱਥ ਸਬ-ਡਵੀਜ਼ਨ ਦੇ ਢਿੱਲਵਾਂ ਅਤੇ ਬੇਗੋਵਾਲ ਦੇ ਨਜ਼ਦੀਕ ਤੋਂ ਨਿਕਲਣ ਵਾਲੀ ਬਿਆਸ ਨਦੀ ਦੇ ਕੰਢੇ ਬਣੇ ਮੰਡ ਖੇਤਰ ਜਿਥੇ ਲੰਬੇ ਸਮੇਂ ਤੋਂ ਸ਼ਰਾਬ ਮਾਫੀਆ ਦੀਆਂ ਗਤੀਵਿਧੀਆਂ ਨੂੰ ਲੈ ਕੇ ਸੁਰਖੀਆ ਵਿਚ ਰਹਿ ਚੁੱਕੇ ਹਨ, ਉਥੇ ਹੀ ਕਪੂਰਥਲਾ ਸਬ-ਡਵੀਜ਼ਨ 'ਚ ਕਾਲੀ ਵੇਈਂ ਨਾਲ ਲੱਗਦੇ ਕਈ ਪਿੰਡਾਂ 'ਚ ਬਣੇ ਮੰਡ ਖੇਤਰ ਵੀ ਸ਼ਰਾਬ ਮਾਫੀਆ ਦੀਆਂ ਗਤੀਵਿਧੀਆਂ ਲਈ ਬਦਨਾਮ ਰਹਿ ਚੁੱਕੇ ਹਨ, ਇਨ੍ਹਾਂ ਮੰਡ ਖੇਤਰਾਂ 'ਚ ਪੈਂਦੇ ਸੰਘਣੇ ਜੰਗਲਾਂ 'ਚ ਪੁਲਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਦਾ ਕਾਫ਼ੀ ਘੱਟ ਪੁੱਜਣਾ ਵੀ ਸ਼ਰਾਬ ਮਾਫੀਆ ਲਈ ਕਾਫ਼ੀ ਸੁਰੱਖਿਅਤ ਰਹਿੰਦਾ ਹੈ।  ਉਥੇ ਹੀ ਸ਼ਰਾਬ ਮਾਫੀਆ ਦੇ ਜ਼ਿਆਦਾਤਰ ਲੋਕਾਂ ਦੇ ਤੈਰਾਕ ਹੋਣ ਨੂੰ ਲੈ ਕੇ ਪੁਲਸ ਦੀ ਛਾਪਾਮਾਰੀ ਦੇ ਦੌਰਾਨ ਇਹ ਲੋਕ ਨਦੀਆਂ 'ਚ ਛਾਲ ਮਾਰਨ ਤੋਂ ਵੀ ਪਿੱਛੇ ਨਹੀਂ ਹਟਦੇ। ਜਦੋਂ ਕਿ ਪੁਲਸ ਟੀਮਾਂ ਨੂੰ ਤੈਰਨ ਦੀ ਜਾਣਕਾਰੀ ਨਾ ਹੋਣ ਦੇ ਕਾਰਨ ਇਹ ਸਮੱਗਲਰ ਬਚ ਨਿਕਲਦੇ ਹਨ। ਗੌਰ ਹੋਵੇ ਕਿ ਇਨ੍ਹਾਂ ਸ਼ਰਾਬ ਸਮੱਗਲਰਾਂ ਦੇ ਛੋਟੇ-ਛੋਟੇ ਬੱਚੇ ਵੀ ਤੈਰਨ 'ਚ ਪੂਰੀ ਮੁਹਾਰਤ ਰੱਖਦੇ ਹਨ। ਜਿਸ ਕਾਰਨ ਇਹ ਪੁਲਸ ਦੀ ਪਕੜ ਤੋਂ ਬਚ ਜਾਂਦੇ ਹਨ।  


Related News