ਗੁਰਦਾਸਪੁਰ ਗੈਂਗਵਾਰ : ਖਲਨਾਇਕ ਗੌਂਡਰ ਨੇ ਤੈਅ ਕੀਤਾ ਆਪਣਾ ਰੋਲ - ਹਰਪ੍ਰੀਤ ਨੂੰ ਮੈਂ ਮਾਰਾਂਗਾ

04/23/2017 6:15:44 AM

ਗੁਰਦਾਸਪੁਰ, (ਵਿਨੋਦ)- ਪਿੰਡ ਕੋਠੇ ਘਰਾਲਾ ਵਿਖੇ ਵੀਰਵਾਰ ਦੁਪਹਿਰ ਹੋਈ ਗੈਂਗਵਾਰ ''ਚ ਗੈਂਗਸਟਰ ਹਰਪ੍ਰੀਤ ਉਰਫ ਸੂਬੇਦਾਰ ਸਮੇਤ ਸੁਖਚੈਨ ਅਤੇ ਹੈਪੀ ਦੀ ਮੌਤ ਹੋ ਗਈ। ਤਿੰਨਾਂ ਲਾਸ਼ਾਂ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਬਾਅਦ ''ਚ ਲਾਸ਼ਾਂ ਵਾਰਿਸਾਂ ਹਵਾਲੇ ਕਰ ਦਿੱਤੀਆਂ ਗਈਆਂ। ਪੋਸਟਮਾਰਟਮ ਲਈ ਤਿੰਨ ਡਾਕਟਰਾਂ ਦਾ ਬੋਰਡ ਬਣਾਇਆ ਗਿਆ, ਜਿਸ ਦੀ ਅਗਵਾਈ ਡਾ. ਰਾਜ ਮਸੀਹ ਨੇ ਕੀਤੀ। ਹਮਲੇ ਦੌਰਾਨ ਜ਼ਖਮੀ ਹੋਏ ਹਰਪ੍ਰੀਤ ਦੇ ਦੋ ਸਾਥੀ ਦਮਨ ਤੇ ਪ੍ਰਿੰਸ ਨੂੰ ਪੁਲਸ ਨੇ ਸੁਰੱਖਿਆ ਪ੍ਰਦਾਨ ਕਰ ਦਿੱਤੀ ਹੈ। ਡਾਕਟਰਾਂ ਦੀ ਟੀਮ ਮੁਤਾਬਕ ਹਰਪ੍ਰੀਤ ਸਿੰਘ ਸੂਬੇਦਾਰ ਨੂੰ 13 ਗੋਲੀਆਂ ਲੱਗੀਆਂ, ਜਦਕਿ ਸੁਖਚੈਨ ਸਿੰਘ ਜੱਟ ਨੂੰ ਤਿੰਨ ਤੇ ਹੈਪੀ ਨੂੰ ਦੋ ਗੋਲੀਆਂ ਲੱਗੀਆਂ ਸਨ।
ਪਹਿਲਾਂ ਕਾਰ ''ਚ ਫਿਰ ਕਾਰ ਤੋਂ ਉਤਾਰ ਕੇ ਸੂਬੇਦਾਰ ਨੂੰ ਮਾਰੀਆਂ ਗੋਲੀਆਂ
ਸਖਤ ਸੁਰੱਖਿਆ ਪ੍ਰਬੰਧਾਂ ਦੌਰਾਨ ਤਿੰਨਾਂ ਮ੍ਰਿਤਕਾਂ ਦਾ ਪੋਸਟਮਾਰਟਮ ਹੋਇਆ। ਹਸਪਤਾਲ ''ਚ ਹਰਪ੍ਰੀਤ ਸਿੰਘ ਸੂਬੇਦਾਰ ਦੇ ਭਾਰੀ ਵੱਡੀ ਗਿਣਤੀ ''ਚ ਸਾਥੀ ਹਸਪਤਾਲ ਪਹੁੰਚੇ ਸਨ। ਹਮਲੇ ਦੌਰਾਨ ਸਭ ਤੋਂ ਜ਼ਿਆਦਾ ਗੋਲੀਆਂ ਹਰਪ੍ਰੀਤ ਨੂੰ ਮਾਰੀਆਂ। ਮੌਕੇ ''ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਪਹਿਲਾਂ ਤਾਂ ਹਰਪ੍ਰੀਤ ਸਿੰਘ ਸੂਬੇਦਾਰ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਤੇ ਫਿਰ ਉਸ ਨੂੰ ਕਾਰ ਤੋਂ ਉਤਾਰ ਕੇ ਇਕ ਹਮਲਾਵਰ ਨੇ ਉਸ ਦੀ ਮਰਨ ਦੀ ਪੁਸ਼ਟੀ ਕੀਤੀ ਤੇ ਜਦ ਉਸ ਦਾ ਸਾਹ ਪਾਇਆ ਗਿਆ ਤਾਂ ਹਮਲਾਵਰ ਨੇ ਆਪਣੇ ਰਿਵਾਲਵਰ ''ਚ ਦੁਬਾਰਾ ਗੋਲੀਆਂ ਭਰੀਆਂ ਤੇ ਉਸ ''ਤੇ ਫਾਇਰ ਕੀਤੇ, ਜਦਕਿ ਇਕ ਹਮਲਾਵਰ ਨੇ ਹਰਪ੍ਰੀਤ ''ਤੇ 12 ਬੋਰ ਦੀ ਰਾਇਫਲ ਨਾਲ ਵੀ ਫਾਇਰ ਕੀਤੇ। ਪੋਸਟਮਾਰਟਮ ''ਚ ਹਰਪ੍ਰੀਤ ਸਿੰਘ ਸੂਬੇਦਾਰ ਦੇ ਸਰੀਰ ''ਚੋਂ 12 ਬੋਰ ਦੇ ਕੁੱਝ ਛਰ੍ਹੇ ਤੇ ਪਾਬੰਦੀਸ਼ੁਦਾ ਬੋਰ ਦੀਆਂ 5 ਗੋਲੀਆਂ ਕੱਢੀਆਂ ਗਈਆਂ।  8 ਗੋਲੀਆਂ ਉਸ ਦੇ ਸਰੀਰ ਨੂੰ ਚੀਰ ਕੇ ਬਾਹਰ ਨਿੱਕਲ ਚੁੱਕੀਆਂ ਸਨ।  
ਪਰਿਵਾਰ ਨੇ ਕਿਹਾ ਸਾਡਾ ਸੁਖਚੈਨ ਗੈਂਗਸਟਰ ਨਹੀਂ ਸੀ 
ਗੋਲੀਬਾਰੀ ''ਚ ਮਾਰੇ ਗਏ ਸੁਖਚੈਨ ਸਿੰਘ ਉਰਫ ਜੱਟ ਦੇ ਪੋਸਟਮਾਰਟਮ ''ਚ ਉਸ ਨੂੰ ਤਿੰਨ ਗੋਲੀਆਂ ਲੱਗੀਆਂ ਪਾਈਆਂ ਗਈਆਂ। ਲੰਬੇ ਕੱਦ ਦੇ ਮਾਲਕ ਸੁਖਚੈਨ ਸਿੰਘ ਦੇ ਪਿਤਾ ਦਾ ਦਿਹਾਂਤ ਹੋ ਚੁੱਕਾ ਹੈ ਤੇ ਉਸ ਦੀ ਇਕ ਵਿਆਹੁਤਾ ਭੈਣ ਤੇ ਮਾਂ ਹੈ। ਸੁਖਚੈਨ ਸਿੰਘ ਦੇ ਪਰਿਵਾਰ ਵਾਲਿਆਂ ਅਨੁਸਾਰ ਉਹ ਗੈਂਗਸਟਰ ਨਹੀਂ ਸੀ। ਉਸ ਦੇ ਵਿਰੁੱਧ ਇਕ ਕੇਸ 326 ਦਾ ਬਣਿਆ ਸੀ, ਜੋ ਬਾਅਦ ''ਚ ਰੱਦ ਹੋ ਗਿਆ ਤੇ ਇਕ ਧਾਰਾ 324 ਦੀ ਸੀ, ਜੋ ਮਾਮੂਲੀ ਲੜਾਈ-ਝਗੜੇ ਦੀ ਸੀ ਪਰ ਉਹ ਹਰਪ੍ਰੀਤ ਸਿੰਘ ਸੂਬੇਦਾਰ ਦਾ ਦੋਸਤ ਸੀ, ਜੋ ਉਸ ਦੀ ਮੌਤ ਦਾ ਕਾਰਨ ਬਣਿਆ। 
ਲੀਵਰ ''ਚ ਗੋਲੀ ਲੱਗਣ ਨਾਲ ਹੋਈ ਹੈਪੀ ਦੀ ਮੌਤ
ਮ੍ਰਿਤਕ ਹੈਪੀ ਨਿਵਾਸੀ ਪੁਲ ਤਿੱਬੜੀ ਨੂੰ 2 ਗੋਲੀਆਂ ਲੱਗੀਆਂ ਸਨ ਇਕ ਲੀਵਰ ਤੇ ਦੂਜੀ ਮੋਢੇ ''ਤੇ। ਲੀਵਰ ''ਚ ਲੱਗੀ ਗੋਲੀ ਕਾਰਨ ਉਸ ਨੂੰ ਅੰਮ੍ਰਿਤਸਰ ਹਸਪਤਾਲ ''ਚ ਸ਼ਿਫਟ ਕਰਨਾ ਪਿਆ ਸੀ ਕਿਉਂਕਿ ਗੁਰਦਾਸਪੁਰ ਹਸਪਤਾਲ ''ਚ ਲੀਵਰ ''ਚੋਂ ਗੋਲੀ ਕੱਢਣ ਦਾ ਪ੍ਰਬੰਧ ਨਹੀਂ ਸੀ ਪਰ ਲੀਵਰ ''ਚ ਲੱਗੀ ਗੋਲੀ ਕਾਰਨ ਉਸ ਨੂੰ ਨਾਜ਼ੁਕ ਹਾਲਤ ''ਚ ਅੰਮ੍ਰਿਤਸਰ ਭੇਜਣਾ ਪਿਆ, ਜਿਥੇ ਰਾਤ 11 ਵਜੇ ਉਸ ਦੀ ਮੌਤ ਹੋ ਗਈ।
ਇਕ ਦਿਨ ਪਹਿਲਾਂ ਹੀ ਗੁਰਦਾਸਪੁਰ ਆ ਗਿਆ ਸੀ ਗੌਂਡਰ
ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਉਰਫ ਸੂਬੇਦਾਰ ਨੂੰ ਮਾਰਨ ਦੀ ਯੋਜਨਾ ਲਗਭਗ ਇਕ ਹਫਤੇ ਪਹਿਲਾਂ ਹੀ ਭਿਖਾਰੀਵਾਲ ਨੇ ਤਿਆਰ ਕਰ ਲਈ ਸੀ। ਵਿੱਕੀ ਗੌਂਡਰ ਨੇ ਆਪਣੇ ਸਾਥੀਆਂ ਨੂੰ ਹੁਕਮ ਦੇ ਰੱਖਿਆ ਸੀ ਕਿ ਸੂਬੇਦਾਰ ਨੂੰ ਮੈਂ ਹੀ ਮਾਰਾਂਗਾ ਤੇ ਮੇਰੇ ਆਉਣ ਤੋਂ ਪਹਿਲਾਂ ਇਨ੍ਹਾਂ ''ਤੇ ਹਮਲਾ ਨਾ ਕੀਤਾ ਜਾਵੇ, ਜਿਸ ਕਾਰਨ 20 ਅਪ੍ਰੈਲ ਦਾ ਦਿਨ ਚੁਣਿਆ ਗਿਆ ਕਿਉਂਕਿ ਹਰਪ੍ਰੀਤ ਸਿੰਘ ਸੂਬੇਦਾਰ ਸਮੇਤ ਭੱਟੀ ਆਦਿ ਨੇ ਵੀ 20 ਅਪ੍ਰੈਲ ਨੂੰ ਜਬਰ-ਜ਼ਨਾਹ ਆਦਿ ਦੇ ਕੇਸ ''ਚ ਪੇਸ਼ੀ ਭੁਗਤਣ ਲਈ ਗੁਰਦਾਸਪੁਰ ਅਦਾਲਤ ''ਚ ਇਕੱਠੇ ਹੋਣਾ ਸੀ। ਪਹਿਲਾਂ ਤਾਂ ਵਿੱਕੀ ਗੌਂਡਰ ਨੇ ਬੁਡੈਲ ਜੇਲ ''ਚ ਬੰਦ ਭੱਟੀ ਨਿਵਾਸੀ ਮੁਸਤਫਾਬਾਦ ਜੱਟਾਂ ਦੀ ਵੀ ਹੱਤਿਆ ਕਰਨ ਦੀ ਯੋਜਨਾ ਬਣਾਈ ਸੀ ਪਰ ਅਦਾਲਤ ''ਚ ਸਖਤ ਸੁਰੱਖਿਆ ਹੋਣ ਕਾਰਨ ਉਹ ਸਫਲ ਨਹੀਂ ਹੋਇਆ। 


Related News