ਲੁਟੇਰਾ ਗਿਰੋਹ ਦਾ ਪਰਦਾਫਾਸ਼, 3 ਗ੍ਰਿਫਤਾਰ

Monday, Jan 22, 2018 - 07:23 AM (IST)

ਲੁਟੇਰਾ ਗਿਰੋਹ ਦਾ ਪਰਦਾਫਾਸ਼, 3 ਗ੍ਰਿਫਤਾਰ

ਅੰਮ੍ਰਿਤਸਰ, (ਅਰੁਣ)- ਵੱਖ-ਵੱਖ ਖੇਤਰਾਂ 'ਚ ਆਟੋ 'ਚ ਬਿਠਾਈ ਸਵਾਰੀ ਨੂੰ ਸੁੰਨਸਾਨ ਜਗ੍ਹਾ 'ਤੇ ਲਿਜਾ ਕੇ ਲੁੱਟ ਦਾ ਸ਼ਿਕਾਰ ਬਣਾਉਣ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਸੀ. ਆਈ. ਏ. ਸਟਾਫ ਦੀ ਪੁਲਸ ਨੇ ਬੀਤੀ ਸ਼ਾਮ ਰਣਜੀਤ ਐਵੀਨਿਊ ਇਲਾਕੇ 'ਚੋਂ ਕਾਬੂ ਕੀਤਾ। ਲੁਟੇਰੇ ਪੂਰੀ ਵਿਉਂਤਬੰਦੀ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ ਤੇ ਆਟੋ ਚਾਲਕ ਵੱਲੋਂ ਸਵਾਰੀ ਦੇ ਰੂਪ 'ਚ ਬਿਠਾਏ ਉਸ ਦੇ ਆਪਣੇ ਹੀ ਸਾਥੀ ਕਿਸੇ ਨਵੇਂ ਸ਼ਿਕਾਰ ਦੀ ਭਾਲ 'ਚ ਰਹਿੰਦੇ ਸਨ।  ਬੀਤੇ ਦਿਨ ਵੀ ਸਥਾਨਕ ਬੱਸ ਅੱਡੇ 'ਤੇ ਫਤਿਹਗੜ੍ਹ ਚੂੜੀਆਂ ਰੋਡ 'ਤੇ ਆਟੋ 'ਚ ਸਵਾਰ ਹੋਏ ਹਰੀ ਓਮ ਨਾਂ ਦੇ ਵਿਅਕਤੀ ਨੂੰ ਲੁਟੇਰਿਆਂ ਨੇ ਆਪਣਾ ਨਿਸ਼ਾਨਾ ਬਣਾਇਆ ਸੀ। ਸਿਵਲ ਲਾਈਨ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਹਰੀ ਓਮ ਨੇ ਦੱਸਿਆ ਕਿ 16 ਜਨਵਰੀ ਨੂੰ ਉਹ ਸਥਾਨਕ ਬੱਸ ਅੱਡੇ ਤੋਂ ਫਤਿਹਗੜ੍ਹ ਚੂੜੀਆਂ ਰੋਡ ਜਾਣ ਲਈ ਆਟੋ 'ਚ ਬੈਠਾ, ਉਕਤ ਆਟੋ 'ਚ ਪਹਿਲਾਂ ਵੀ ਕੁਝ ਲੋਕ ਸਵਾਰ ਸਨ, ਜਦੋਂ ਉਹ ਰਸਤੇ 'ਚ ਆਰੇ ਵਾਲੇ ਮੋੜ ਨੇੜੇ ਪੁੱਜੇ ਤਾਂ ਨਾਲ ਬੈਠੇ ਵਿਅਕਤੀਆਂ ਨੇ ਉਸ ਨੂੰ ਡਰਾ-ਧਮਕਾ ਕੇ 8 ਹਜ਼ਾਰ ਦੀ ਨਕਦੀ ਤੇ ਮੋਬਾਇਲ ਖੋਹ ਲਿਆ। ਸੀ. ਆਈ. ਏ. ਸਟਾਫ ਦੀ ਪੁਲਸ ਨੇ ਰਣਜੀਤ ਐਵੀਨਿਊ ਨੇੜੇ ਕੀਤੀ ਵਿਸ਼ੇਸ਼ ਨਾਕੇਬੰਦੀ ਦੌਰਾਨ ਇਕ ਬਿਨਾਂ ਨੰਬਰੀ ਆਟੋ 'ਚ ਆ ਰਹੇ ਲੁਟੇਰਾ ਗਿਰੋਹ ਦੇ ਇਨ੍ਹਾਂ ਮੈਂਬਰਾਂ ਨੂੰ ਕਾਬੂ ਕਰ ਲਿਆ।  ਪ੍ਰੈੱਸ ਮਿਲਣੀ ਦੌਰਾਨ ਖੁਲਾਸਾ ਕਰਦਿਆਂ ਏ. ਡੀ. ਸੀ. ਪੀ. ਕ੍ਰਾਈਮ ਹਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਸ ਆਟੋ ਚਾਲਕ ਲੁਟੇਰਾ ਗਿਰੋਹ ਦੇ ਮੈਂਬਰਾਂ ਦੀ ਪਛਾਣ ਸਰਬਜੋਤ ਸਿੰਘ ਸੋਨੂੰ ਪੁੱਤਰ ਜੋਗਿੰਦਰ ਸਿੰਘ ਵਾਸੀ ਹਾਊਸਿੰਗ ਬੋਰਡ ਕਾਲੋਨੀ, ਕੁਲਦੀਪ ਸਿੰਘ ਕਾਲਾ ਪੁੱਤਰ ਜਸਵੰਤ ਸਿੰੰਘ ਵਾਸੀ ਨਿਰੰਕਾਰੀ ਕਾਲੋਨੀ ਫਤਿਹਗੜ੍ਹ ਚੂੜੀਆਂ ਰੋਡ ਤੇ ਪ੍ਰਦੀਪ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਫੈਜ਼ਪੁਰਾ ਵਜੋਂ ਹੋਈ ਹੈ।
ਪੁਲਸ ਖੰਗਾਲ ਰਹੀ ਹੈ ਪੁਰਾਣਾ ਰਿਕਾਰਡ : ਏ. ਡੀ. ਸੀ. ਪੀ. ਕ੍ਰਾਈਮ ਧਾਲੀਵਾਲ ਨੇ ਦੱਸਿਆ ਕਿ ਪੁਲਸ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਲੁਟੇਰਿਆਂ ਦਾ ਪੁਰਾਣਾ ਰਿਕਾਰਡ ਖੰਗਾਲ ਰਹੀ ਹੈ। ਅਦਾਲਤ 'ਚ ਪੇਸ਼ ਕਰ ਕੇ ਮਿਲੇ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।


Related News