ਸੜਕ ਚੌੜੀ ਹੋਣ ਦੇ ਦੁਬਾਰਾ ਪਏ ਰੌਲੇ-ਰੱਪੇ ਨੇ ਲੋਕਾਂ ਦੇ ਸਾਹ ਸੂਤੇ

11/13/2017 1:45:11 AM

ਸਾਦਿਕ,   (ਪਰਮਜੀਤ)-  ਛੇ ਮਾਰਗੀ ਸੜਕਾਂ ਬਣਨ ਨਾਲ ਜਿਥੇ ਲੋਕਾਂ ਦਾ ਸਫਰ ਤੈਅ ਕਰਨਾ ਆਸਾਨ ਹੋ ਗਿਆ ਹੈ, ਉਥੇ ਹੀ ਸੜਕਾਂ ਚੌੜੀਆਂ ਕਰਨ ਲਈ ਘਰ ਤੇ ਦੁਕਾਨਾਂ ਢਾਹੀਆਂ ਜਾ ਰਹੀਆਂ ਹਨ, ਜਿਸ ਕਾਰਨ ਲੋਕਾਂ ਦੇ ਸਾਹ ਸੂਤੇ ਪਏ ਹਨ ਤੇ ਬਹੁਤ ਸਾਲਾਂ ਤੋਂ ਸਾਦਿਕ ਦੇ ਮੁਕਤਸਰ-ਫਿਰੋਜ਼ਪੁਰ ਸੜਕ ਦੇ ਵਸਨੀਕ ਮਰ-ਮਰ ਕੇ ਜੀ ਰਹੇ ਹਨ।
11 ਨਵੰਬਰ 2008 ਵਿਚ ਫਿਰੋਜ਼ਪੁਰ-ਮੁਕਤਸਰ ਵਾਲੀ ਸੜਕ 'ਤੇ ਇਕ ਨੋਟਿਸ ਬੋਰਡ ਲਾਇਆ ਗਿਆ ਸੀ, ਜਿਸ 'ਤੇ ਲਿਖਿਆ ਸੀ ਕਿ ਫਿਰੋਜ਼ਪੁਰ-ਮੁਕਤਸਰ ਰੋਡ, ਜੋ ਸ਼ਡਿਊਲ ਰੋਡ ਹੈ, 'ਤੇ ਪੁੱਡਾ ਐਕਟ 1995 ਲਾਗੂ ਹੁੰਦਾ ਹੈ, ਜਿਸ ਮੁਤਾਬਕ ਪੀ. ਡਬਲਊ. ਡੀ. ਲੈਂਡ ਤੇ ਵਿੜਥ ਤੋਂ 30 ਮੀਟਰ ਦੀ ਦੂਰੀ ਤੱਕ ਕੋਈ ਵੀ ਉਸਾਰੀ ਨਹੀਂ ਕਰ ਸਕਦਾ। ਉਸਾਰੀ ਕਰਨ ਵਾਲੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਬੋਰਡ ਨੂੰ ਦੇਖ ਕੇ ਸਥਾਨਕ ਦੁਕਾਨਦਾਰਾਂ ਤੇ ਘਰਾਂ ਵਾਲਿਆਂ ਦੇ ਹੋਸ਼ ਉੱਡ ਗਏ, ਰੋਟੀ ਖਾਣੀ ਵੀ ਦੁੱਭਰ ਹੋ ਗਈ ਤੇ ਰਾਤ ਦੀ ਨੀਂਦ ਉੱਡ ਗਈ ਸੀ ਕਿਉਂਕਿ ਉਹ ਮਿਹਨਤ ਮੁਸ਼ੱਕਤ ਕਰ ਕੇ ਦੁਕਾਨਾਂ ਤੇ ਘਰ ਬਣਾ ਕੇ ਆਪਣੇ ਪੈਰਾਂ 'ਤੇ ਖੜ੍ਹੇ ਹੋਏ ਸਨ। ਬੋਰਡ ਅਨੁਸਾਰ ਸੜਕ ਤੋਂ 30 ਮੀਟਰ (ਲਗਭਗ 100 ਫੁੱਟ) ਦੀ ਦੂਰੀ ਤੱਕ ਕੋਈ ਉਸਾਰੀ ਨਹੀਂ ਹੋਣੀ ਚਾਹੀਦੀ। 
ਵਰਣਨਯੋਗ ਹੈ ਕਿ ਫਿਰੋਜ਼ਪੁਰ-ਮੁਕਤਸਰ ਵਾਲੀ ਸੜਕ ਦੇ ਕਿਨਾਰੇ ਤੋਂ ਦੁਕਾਨਾਂ 25 ਤੋਂ 35 ਫੁੱਟ ਤੱਕ ਦੀ ਦੂਰੀ 'ਤੇ ਬਣੀਆਂ ਹਨ। ਸਿਆਸੀ ਆਗੂਆਂ ਤੇ ਵਿਭਾਗ ਤੱਕ ਭੱਜ-ਨੱਠ ਕਰਨ ਉਪਰੰਤ ਰੱਬ ਆਸਰੇ ਛੱਡ ਕੇ ਲੋਕ ਆਪਣੇ ਕੰਮਾਂ 'ਚ ਰੁੱਝ ਗਏ। ਕਰੀਬ 9 ਸਾਲਾਂ ਬਾਅਦ ਹੁਣ ਫਿਰ ਸੜਕ ਚੌੜੀ ਹੋਣ ਦੀਆਂ ਖਬਰਾਂ ਆਈਆਂ ਕਿ ਇਹ ਸੜਕ ਛੇ ਮਾਰਗੀ ਬਣਨੀ ਹੈ ਤੇ ਸੜਕ ਦੇ ਕਿਨਾਰੇ ਤੋਂ 60 ਫੁੱਟ ਦੀ ਦੂਰੀ 'ਤੇ ਨਿਸ਼ਾਨਦੇਹੀ ਦੇ ਪੱਥਰ ਵੀ ਵਿਭਾਗ ਵੱਲੋਂ ਲਾਏ ਗਏ ਹਨ। ਕੇਂਦਰੀ ਆਵਾਜਾਈ ਮੰਤਰਾਲੇ ਵੱਲੋਂ ਰਾਸ਼ਟਰੀ ਸ਼ਾਹ ਮਾਰਗ ਦਾ ਦਰਜਾ ਸੜਕ ਨੂੰ ਮਿਲਣ ਉਪਰੰਤ ਸਬੰਧਤ ਵਿਭਾਗਾਂ ਦੀਆਂ ਟੀਮਾਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ। 
ਕੀ ਕਹਿੰਦੀ ਹੈ ਸਰਵੇ ਕੰਪਨੀ
ਸਰਵੇ ਕਰ ਰਹੀ ਸੰਤਰਾ ਕੰਪਨੀ ਹੈਦਰਾਬਾਦ ਦੇ ਇੰਚਾਰਜ ਨਿਵਾਸ ਅਨੁਸਾਰ ਮਲੋਟ-ਸ੍ਰੀ ਮੁਕਤਸਰ ਸਾਹਿਬ ਤੋਂ ਫਿਰੋਜ਼ਪੁਰ ਵਾਇਆ ਸਾਦਿਕ ਸੜਕ ਨੂੰ ਛੇ ਮਾਰਗੀ ਬਣਾਉਣ ਲਈ ਸਰਵੇ ਕੀਤਾ ਜਾ ਰਿਹਾ ਹੈ, ਜਿਸ ਵਿਚ ਚਾਰ ਟੀਮਾਂ ਵਿਚੋਂ ਇਕ ਟੀਮ ਬਾਈਪਾਸ ਬਣਾਉਣ, ਇਕ ਟੀਮ ਸਾਦਿਕ ਵਿਖੇ ਪੁਲ ਬਣਾਉਣ ਅਤੇ ਇਕ ਉਸਾਰੀਆਂ ਢਾਹ ਕੇ ਸੜਕ ਬਣਾਉਣ ਦੀ ਅਨੁਮਾਨਿਤ ਲਾਗਤ ਬਾਰੇ ਰਿਪੋਰਟ ਤਿਆਰ ਕਰੇਗੀ। ਜ਼ਿਕਰਯੋਗ ਹੈ ਕਿ ਇਸ ਛੇ ਮਾਰਗੀ ਸੜਕ ਬਣਨ ਨਾਲ ਸਿਰਫ ਸਾਦਿਕ ਦੇ ਹੀ 250 ਦੇ ਕਰੀਬ ਦੁਕਾਨਾਂ ਤੇ ਘਰਾਂ ਵਾਲੇ ਪ੍ਰਭਾਵਿਤ ਹੋਣਗੇ ਤੇ ਉਨ੍ਹਾਂ ਦਾ ਰੁਜ਼ਗਾਰ ਖੁੱਸ ਜਾਵੇਗਾ। 
ਕੀ ਕਹਿੰਦੇ ਹਨ ਲੋਕ
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਮਾਲ ਮਹਿਕਮੇ ਨੂੰ ਹਦਾਇਤਾਂ ਕਰ ਕੇ ਉਕਤ ਜਗ੍ਹਾ ਦੀ ਵੇਚ-ਖਰੀਦ 'ਤੇ ਪੂਰਨ ਰੋਕ ਲਾਉਣੀ ਚਾਹੀਦੀ ਸੀ ਤਾਂ ਜੋ 1995 ਤੋਂ ਬਾਅਦ ਵਸਣ ਵਾਲੇ ਇਸ ਉਜਾੜੇ ਤੋਂ ਤਾਂ ਬਚ ਸਕਦੇ। 
ਵਿਧਾਇਕ ਨੂੰ ਮਿਲਣਗੇ ਦੁਕਾਨਦਾਰ
ਇਸ ਸਬੰਧੀ ਰਾਜੂ ਗਖੜ, ਅਪਾਰ ਸੰਧੂ, ਸੁਰਿੰਦਰ ਸੇਠੀ, ਜਗਦੇਵ ਸਿੰਘ ਢਿੱਲੋਂ, ਸੁਖਵਿੰਦਰ ਸੁੱਖੀ, ਮਦਨ ਲਾਲ ਨਰੂਤ ਅਤੇ ਸਾਦਿਕ ਦੀ ਸੜਕ ਚੌੜੀ ਹੋਣ ਤੋਂ ਪ੍ਰਭਾਵਿਤ ਹੋਣ ਵਾਲੇ ਦੁਕਾਨਦਾਰ ਸੋਮਵਾਰ ਨੂੰ ਹਲਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਮਿਲ ਕੇ ਬੇਨਤੀ ਕਰਨਗੇ ਕਿ ਉਹ ਸਰਕਾਰ ਕੋਲ ਲੋਕਾਂ ਦੀ ਆਵਾਜ਼ ਪਹੁੰਚਾਉਣ ਤੇ ਸਾਦਿਕ ਦਾ ਉਜਾੜਾ ਰੋਕਣ ਲਈ ਬਾਈਪਾਸ ਤਿਆਰ ਕਰਨ ਨੂੰ ਪ੍ਰਵਾਨਗੀ ਦਿਵਾਉਣ।


Related News