ਸੀਵਰੇਜ ਜਾਮ ਖੋਲ੍ਹਣ ਲਈ : ਸੜਕ ਦੀ ਮੁੜ ਖੋਦਾਈ ਸ਼ੁਰੁ, ਮਜ਼ਦੂਰਾਂ ਦੀ ਜਾਨ ਰੱਬ ਆਸਰੇ

Sunday, Jun 11, 2017 - 07:12 AM (IST)

ਸੀਵਰੇਜ ਜਾਮ ਖੋਲ੍ਹਣ ਲਈ : ਸੜਕ ਦੀ ਮੁੜ ਖੋਦਾਈ ਸ਼ੁਰੁ, ਮਜ਼ਦੂਰਾਂ ਦੀ ਜਾਨ ਰੱਬ ਆਸਰੇ

ਡੇਰਾਬੱਸੀ  (ਅਨਿਲ) - ਚੰਡੀਗੜ੍ਹ-ਅੰਬਾਲਾ ਮੁੱਖ ਮਾਰਗ 'ਤੇ ਡੇਰਾਬੱਸੀ ਵਿਖੇ ਨਵੇਂ ਫਲਾਈਓਵਰ ਥੱਲੇ ਥਾਣੇ ਦੇ ਨਜ਼ਦੀਕ ਤਿੰਨ ਵਾਰਡਾਂ ਦੀ ਸੀਵਰੇਜ ਦੀ ਲਾਈਨ ਦਾ ਜਾਮ ਨਹੀਂ ਖੁੱਲ੍ਹ ਰਿਹਾ। ਡੇਢ ਸਾਲ ਤੋਂ ਜਾਮ ਪਈ ਸੀਵਰੇਜ ਲਾਈਨ ਨੂੰ ਖੋਲ੍ਹਣ ਲਈ ਨੈਸ਼ਨਲ ਹਾਈਵੇਜ਼ ਮਹਿਕਮੇ ਸਮੇਤ ਵਾਟਰ ਸੀਵਰੇਜ ਬੋਰਡ ਵਲੋਂ ਮੁੜ ਇਥੇ ਖੋਦਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਤਿੰਨ ਹਫ਼ਤੇ ਪਹਿਲਾ ਇਥੇ ਸੀਵਰੇਜ ਦੀ ਨਿਕਾਸੀ ਲਈ ਪਾਈਪ ਪਾਏ ਗਏ ਸਨ। ਸੀਵਰੇਜ ਜਾਮ ਤਾਂ ਖੁੱਲ੍ਹਿਆ ਨਹੀਂ ਪਰ ਸੜਕ ਬੰਦ ਰਹਿਣ ਕਾਰਨ ਸਥਾਨਕ ਲੋਕਾਂ ਸਮੇਤ ਰਾਹਗੀਰਾਂ ਦੀਆਂ ਦਿੱਕਤਾਂ ਬਰਸਾਤ ਦੌਰਾਨ ਹੋਰ ਵਧ ਜਾਂਦੀਆ ਹਨ। ਜ਼ਿਕਰਯੋਗ ਹੈ ਕਿ ਫਲਾਈਓਵਰ ਦੀ ਉਸਾਰੀ ਦੌਰਾਨ ਹਾਈਵੇ ਦੇ ਇਕ ਪਿੱਲਰ ਹੇਠ ਮੇਨ ਲਾਈਨ ਡੇਢ ਸਾਲ ਪਹਿਲਾਂ ਦੱਬ ਗਈ ਸੀ, ਜਿਸ ਨਾਲ ਸ਼ਹਿਰ ਦੇ ਤਿੰਨ ਵਾਰਡਾਂ ਦੀਆਂ ਸੀਵਰੇਜ ਲਾਈਨਾਂ ਦੀ ਨਿਕਾਸੀ ਵੀ ਬੰਦ ਪਈ ਹੈ । ਇਸ ਦੌਰਾਨ ਮੇਨ ਲਾਈਨ ਦੀ ਬਜਾਏ ਸੀਵਰੇਜ ਦਾ ਪਾਣੀ ਓਵਰਫਲੋ ਹੋ ਕੇ ਉਲਟ ਦਿਸ਼ਾ 'ਚ ਖੁੱਲ੍ਹੇ 'ਚ ਜਾਣ ਲਗ ਪਿਆ।
ਨੈਸ਼ਨਲ ਹਾਈਵੇਜ਼ ਨੇ ਸੀਵਰੇਜ ਬੋਰਡ ਦੀ ਨਿਗਰਾਨੀ ਵਿਚ ਇਕ ਪ੍ਰਾਈਵੇਟ ਏਜੰਸੀ ਤੋਂ ਨਵੀਂ ਪਾਈਪ ਲਾਈਨ ਤੇ ਸਾਫ਼-ਸਫਾਈ ਦੇ ਬਾਵਜੂਦ ਸੀਵਰੇਜ ਲਾਈਨ ਦਾ ਜਾਮ ਨਹੀਂ ਖੁੱਲ੍ਹਾ। ਬਾਅਦ 'ਚ ਪਤਾ ਲੱਗਾ ਕਿ ਜਿਹੜੀਆਂ ਸੀਮਿੰਟ ਦੀਆਂ ਪਾਈਪਾਂ ਪਾਈਆਂ ਗਈਆਂ ਸਨ, ਉਨ੍ਹਾਂ ਦੇ ਹੇਠਾਂ ਕੰਕਰੀਟ ਦਾ ਬੈੱਡ ਨਹੀਂ ਬਣਾਇਆ ਗਿਆ, ਜਿਸ ਕਾਰਨ ਮਿੱਟੀ ਨਰਮ ਹੋਣ ਕਾਰਨ ਲਾਈਨ ਮਿੱਟੀ ਦੇ ਵਜ਼ਨ ਨਾਲ ਥੱਲੇ ਦੱਬ ਗਈ। ਹੁਣ ਇਥੇ ਸੀਵਰੇਜ ਦੀ ਨਵੀਂ ਲਾਈਨ ਪਾਉਣ ਲਈ ਵਾਟਰ ਸੀਵਰੇਜ ਬੋਰਡ ਦੇ ਮੁਲਾਜ਼ਮ ਬਿਨਾਂ ਸੁਰੱਖਿਆ ਸਾਮਾਨ ਤੋਂ ਮੁਰੰਮਤ ਕਰਨ ਲਈ ਡੂੰਘੀ ਕੀਤੀ ਖੋਦਾਈ ਦੇ ਖੱਡੇ 'ਚ ਉਤਰੇ ਹੋਏ ਸਨ। ਉਨ੍ਹਾਂ ਨੇ ਬੂਟ, ਸੇਫਟੀ ਬੈਲਟ ਤੇ ਹੈਲਮੇਟ ਨਹੀਂ ਪਾਏ ਹੋਏ ਸਨ। ਖੁਦਾਈ ਦੌਰਾਨ ਮਿੱਟੀ ਦੀ ਢਿੱਗ ਡਿਗਣ ਤੋਂ ਰੋਕਣ ਲਈ ਕੋਈ ਸਪੋਰਟ ਵੀ ਨਹੀਂ ਸੀ ।ਮੁਰੰਮਤ ਕਾਰਜ ਦੌਰਾਨ ਕਈ ਵਾਰ ਮਿੱਟੀ ਦੱਬ ਜਾਣ ਕਾਰਨ ਉਨ੍ਹਾਂ ਨੂੰ ਮਸ਼ੀਨ ਦੇ ਪੰਜੇ 'ਤੇ ਵੀ ਚੜ੍ਹਨਾ ਪਿਆ।
ਓਧਰ ਠੇਕੇਦਾਰ ਦਿਨੇਸ਼ ਮੁਤਾਬਿਕ ਹੁਣ ਸੀਵਰੇਜ ਦਾ ਪਾਣੀ ਮੇਨਲਾਈਨ 'ਚ ਨਹੀਂ ਆ ਰਿਹਾ ਹੈ ਤੇ ਹਾਲਾਤ ਜਿਵੇਂ ਦੇ ਤਿਵੇਂ ਬਣੇ ਹੋਏ ਹਨ। ਮੁੜ ਕੀਤੀ ਖੁਦਾਈ ਦੌਰਾਨ ਸੀਮਿੰਟ ਦੀ ਪਾਈਪ ਟੁੱਟੀ ਹੋਈ ਮਿਲੀ ਤੇ ਹੁਣ ਸੀਮਿੰਟ ਪਾਈਪ ਦੀ ਜਗ੍ਹਾ ਲੋਹੇ ਦਾ ਪਾਈਪ ਪਾਇਆ ਜਾ ਰਿਹਾ ਹੈ । ਵਾਟਰ ਸੀਵਰੇਜ ਬੋਰਡ ਦੇ ਜੇ. ਈ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹੁਣ ਪਾਈਪ ਪਾਉਣ ਦੇ ਬਾਅਦ ਵੀ ਕੁਝ ਦਿਨ ਖੱਡੇ 'ਚ ਮਿੱਟੀ ਨਹੀਂ ਭਰੀ ਜਾਵੇਗੀ, ਤਾਂ ਕਿ ਪਾਈ ਗਈ ਕੰਕਰੀਟ ਦਾ ਮਸਾਲਾ ਸੁੱਕ ਜਾਵੇ।


Related News