ਅਕਤੂਬਰ-ਨਵੰਬਰ ਮਹੀਨੇ ਤੱਕ ਮੁਕੰਮਲ ਹੋਵੇਗਾ ਖੰਡ ਮਿੱਲ ਪਨਿਆੜ ਦੇ ਨਵੀਨੀਕਰਨ ਦਾ ਕੰਮ

Saturday, Jul 15, 2023 - 11:17 AM (IST)

ਅਕਤੂਬਰ-ਨਵੰਬਰ ਮਹੀਨੇ ਤੱਕ ਮੁਕੰਮਲ ਹੋਵੇਗਾ ਖੰਡ ਮਿੱਲ ਪਨਿਆੜ ਦੇ ਨਵੀਨੀਕਰਨ ਦਾ ਕੰਮ

ਗੁਰਦਾਸਪੁਰ (ਹਰਮਨ)- ਜ਼ਿਲ੍ਹਾ ਗੁਰਦਾਸਪੁਰ ਅੰਦਰ ਗੰਨਾ ਕਾਸ਼ਤਕਾਰਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਸਹਿਕਾਰੀ ਖੰਡ ਮਿੱਲ ਪਨਿਆੜ ਦੀ ਸਮਰੱਥਾ ਵਧਾਉਣ ਲਈ ਸ਼ੁਰੂ ਕੀਤਾ ਕੰਮ ਇਸ ਸੀਜ਼ਨ ’ਚ ਮੁਕੰਮਲ ਕਰਨ ਲਈ ਸਬੰਧਿਤ ਕੰਪਨੀ ਅਤੇ ਸਰਕਾਰ ਵੱਲੋਂ ਹਰ ਹੀਲਾ ਵਰਤਿਆ ਜਾ ਰਿਹਾ ਹੈ। ਜਿਸ ਦੌਰਾਨ ਗੰਨੇ ਦੀ ਪਿੜਾਈ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਅਕਤੂਬਰ-ਨਵੰਬਰ ਮਹੀਨੇ ਤੱਕ ਮਿੱਲ ਦੀ ਨਵੀਂ ਮਸ਼ੀਨਰੀ ਚਾਲੂ ਹੋ ਜਾਵੇਗੀ। ਇੱਥੇ ਦੱਸਣਯੋਗ ਹੈ ਕਿ ਇਕ ਸੀਜ਼ਨ ’ਚ ਇਹ ਮਿੱਲ, ਜਿੰਨਾ ਗੰਨਾ ਪੀੜਨ ਦੀ ਸਮਰੱਥਾ ਰੱਖਦੀ ਹੈ। ਉਸ ਦੇ ਕਰੀਬ 3 ਗੁਣਾ ਜ਼ਿਆਦਾ ਗੰਨਾ ਇਸ ਮਿੱਲ ਦੇ ਏਰੀਏ ’ਚ ਪੈਦਾ ਹੁੰਦਾ ਹੈ, ਜਿਸ ਕਾਰਨ ਪਿਛਲੇ ਕਈ ਸਾਲਾਂ ਤੋਂ ਗੰਨਾ ਕਾਸ਼ਤਕਾਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਦੇ ਨਾਲ ਹੀ ਮਿੱਲ ’ਚ ਖੰਡ ਦੇ ਉਤਪਾਦਨ ਦਾ ਖਰਚਾ ਵੀ ਬਹੁਤ ਜ਼ਿਆਦਾ ਹੋਣ ਕਾਰਨ ਮਿੱਲ ਘਾਟੇ ’ਚ ਚੱਲਦੀ ਆ ਰਹੀ ਸੀ, ਜਿਸ ਕਾਰਨ ਸਰਕਾਰ ਨੇ ਇਸ ਮਿੱਲ ਦੀ ਸਮਰੱਥਾ ’ਚ ਕਰੀਬ ਢਾਈ ਗੁਣਾ ਵਾਧਾ ਕਰ ਕੇ ਇਸ ਨੂੰ 5 ਹਜ਼ਾਰ ਟੀ. ਸੀ. ਡੀ. ਕਰਨ ਦਾ ਪ੍ਰਾਜੈਕਟ ਉਲੀਕਿਆ ਸੀ।

ਪੁਰਾਣੀ ਮਿੱਲ ਦੀ ਕਿੰਨੀ ਸੀ ਸਮਰੱਥਾ

ਮਿੱਲ ਦੇ ਜੀ. ਐੱਮ. ਇੰਜੀ. ਸਰਬਜੀਤ ਸਿੰਘ ਹੁੰਦਲ ਅਤੇ ਪ੍ਰਚੇਜ਼ ਅਫ਼ਸਰ ਸੰਦੀਪ ਸਿੰਘ ਛੀਨਾ ਨੇ ਦੱਸਿਆ ਕਿ ਪੁਰਾਣੀ ਮਿੱਲ ਦੀ ਸਮਰੱਥਾ 2 ਹਜ਼ਾਰ ਟੀ. ਸੀ. ਡੀ. ਸੀ। ਜਦੋਂਕਿ ਇਸ ਖ਼ੇਤਰ ’ਚ ਗੰਨੇ ਦਾ ਉਤਪਾਦਨ ਬਹੁਤ ਜ਼ਿਆਦਾ ਹੋਣ ਕਰ ਕੇ ਸਰਕਾਰ ਨੇ ਇਸ ਮਿੱਲ ਨੂੰ 5 ਹਜ਼ਾਰ ਟੀ. ਸੀ. ਡੀ. ਕਰਨ ਦਾ ਫ਼ੈਸਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਮਿੱਲ ਦੇ ਨਵੀਨੀਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਇਸ ਆਉਣ ਵਾਲੇ ਸੀਜ਼ਨ ’ਚ ਨਵੀਂ ਮਿੱਲ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਪੁਰਾਣੀ ਮਿੱਲ ਦਾ ਪਲਾਂਟ ਵੀ ਰਿਪੇਅਰ ਕਰ ਕੇ ਚਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਿੱਲ ਦੇ ਏਰੀਏ ’ਚ ਕਰੀਬ 85 ਲੱਖ ਟਨ ਗੰਨੇ ਦੀ ਪੈਦਾਵਾਰ ਹੁੰਦੀ ਹੈ, ਜਦੋਂਕਿ ਇਸ ਮਿੱਲ ਦੀ ਸਮਰੱਥਾ 25 ਲੱਖ ਟਨ ਗੰਨਾ ਪੀੜਨ ਦੀ ਸੀ, ਜਿਸ ਕਾਰਨ ਇਸ ਮਿੱਲ ਦੇ ਖੇਤਰ ਦਾ ਬਾਕੀ ਗੰਨਾ ਕੇਨ ਕਮਿਸ਼ਨਰ ਪੰਜਾਬ ਰਾਹੀਂ ਪੰਜਾਬ ਦੀਆਂ ਹੋਰ ਮਿੱਲਾਂ ਨੂੰ ਅਲਾਟ ਕੀਤਾ ਜਾਂਦਾ ਸੀ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਗੁਰਬਾਣੀ ਪ੍ਰਸਾਰਣ ਲਈ ਸ਼੍ਰੋਮਣੀ ਕਮੇਟੀ ਲਿਆਵੇਗੀ ਆਪਣਾ ਯੂਟਿਊਬ ਚੈਨਲ

ਕਿਹੋ ਜਿਹੀ ਹੋਵੇਗੀ ਨਵੀਂ ਮਿੱਲ ਦੀ ਮਸ਼ੀਨਰੀ

ਜੀ. ਐੱਮ. ਇੰਜੀ. ਹੁੰਦਲ ਅਤੇ ਛੀਨਾ ਨੇ ਦੱਸਿਆ ਕਿ ਨਵੀਂ ਮਿੱਲ ਕਰੀਬ 402 ਕਰੋੜ ਰੁਪਏ ਦੀ ਲਾਗਤ ਨਾਲ ਲਾਈ ਜਾ ਰਹੀ ਹੈ, ਜਿਸ ਦੀ ਸਮਰੱਥਾ 5000 ਪੀ. ਸੀ. ਡੀ. ਹੋਵੇਗੀ ਅਤੇ ਇਸ ਮਿੱਲ ’ਚ ਸਾਰੀ ਮਸ਼ੀਨਰੀ ਹਾਈ ਟੈੱਕ ਅਤੇ ਆਧੁਨਿਕ ਸਮੇਂ ਦੀਆਂ ਸਹੂਲਤਾਂ ਨਾਲ ਲੈਸ ਹੋਵੇਗੀ। ਇਹ ਮਿੱਲ ਇਕ ਸੀਜ਼ਨ ’ਚ 70 ਤੋਂ 80 ਲੱਖ ਟਨ ਗੰਨਾ ਪੀੜੇਗੀ, ਜਿਸ ਕਾਰਨ ਗੁਰਦਾਸਪੁਰ ਖੇਤਰ ਦੇ ਗੰਨਾ ਕਾਸ਼ਤਕਾਰਾਂ ਨੂੰ ਕਿਸੇ ਹੋਰ ਮਿੱਲ ’ਚ ਗੰਨਾ ਲਿਜਾਣ ਦੀ ਜ਼ਰੂਰਤ ਨਹੀਂ ਹੋਵੇਗੀ।

20 ਮੈਗਾ ਵਾਟ ਬਿਜਲੀ ਹੋਵੇਗੀ ਤਿਆਰ

ਜੀ. ਐੱਮ. ਨੇ ਦੱਸਿਆ ਕਿ ਇਸ ਮਿੱਲ ਦੇ ਨਾਲ 20 ਮੈਗਾ ਵਾਟ ਬਿਜਲੀ ਤਿਆਰ ਕਰਨ ਵਾਲਾ ਕੋ-ਜਨਰੇਸ਼ਨ ਪਲਾਂਟ ਵੀ ਲੱਗ ਰਿਹਾ ਹੈ, ਜਿੱਥੋਂ ਨਾ ਸਿਰਫ਼ ਇਸ ਮਿੱਲ ’ਚ ਵਰਤੀ ਜਾਣ ਵਾਲੀ ਬਿਜਲੀ ਦੀ ਪੂਰਤੀ ਹੋਵੇਗੀ। ਸਗੋਂ ਇਸ ਬਿਜਲੀ ਨੂੰ ਵੇਚ ਕੇ ਖੰਡ ਮਿੱਲ ਨੂੰ ਚੰਗੀ ਕਮਾਈ ਵੀ ਹੋਵੇਗੀ। ਇਸ ਨਾਲ ਮਿੱਲ ਦੀ ਆਰਥਿਕ ਸਥਿਤੀ ’ਚ ਬਹੁਤ ਵੱਡਾ ਸੁਧਾਰ ਆਵੇਗਾ। ਇਸ ਤੋਂ ਪਹਿਲਾਂ ਪੁਰਾਣੀ ਮਿੱਲ ਕਾਫੀ ਘਾਟੇ ’ਚ ਚੱਲ ਰਹੀ ਸੀ।

ਇਹ ਵੀ ਪੜ੍ਹੋ- ਥਾਣਾ ਵੇਰਕਾ ਦੀ ਲਾਪਤਾ ਹੋਈ 10 ਸਾਲਾ ਮਾਸੂਮ ਬੱਚੀ ਦੀ ਮਿਲੀ ਲਾਸ਼, ਇਲਾਕੇ 'ਚ ਫੈਲੀ ਸਨਸਨੀ

ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਕੀਤੇ ਪ੍ਰਬੰਧ

ਜੀ. ਐੱਮ. ਇੰਜੀ. ਹੁੰਦਲ ਨੇ ਦੱਸਿਆ ਕਿ ਇਸ ਮਿੱਲ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਦੂਸ਼ਣ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸਬੰਧਿਤ ਵਿਭਾਗ ਤੋਂ ਕਲੀਅਰੈਂਸ ਮਿਲ ਚੁੱਕੀ ਹੈ ਅਤੇ ਮਿੱਲ ’ਚ ਵਰਤੀ ਜਾਣ ਵਾਲੀ ਕੋਈ ਵੀ ਮਸ਼ੀਨਰੀ ਪ੍ਰਦੂਸ਼ਣ ਪੈਦਾ ਨਹੀਂ ਕਰੇਗੀ। ਇਸ ਦੇ ਨਾਲ ਹੀ ਮਿੱਲ ’ਚ ਇਕ ਵਾਟਰ ਟਰੀਟਮੈਂਟ ਪਲਾਂਟ ਵੀ ਲਾਇਆ ਜਾ ਰਿਹਾ ਹੈ। ਜੋ ਮਿੱਲ ’ਚੋਂ ਨਿਕਲਣ ਵਾਲੇ ਪਾਣੀ ਨੂੰ ਸ਼ੁੱਧ ਕਰੇਗਾ ਅਤੇ ਇਸ ਪਾਣੀ ਨੂੰ ਮੁੜ ਮਿੱਲ ’ਚ ਹੀ ਵਰਤਿਆ ਜਾਵੇਗਾ।

ਸਿੱਖਿਅਤ ਸਟਾਫ਼ ਕਰੇਗਾ ਸੰਚਾਲਨ

ਉਨ੍ਹਾਂ ਦੱਸਿਆ ਕਿ ਇਸ ਮਿੱਲ ਨੂੰ ਚਲਾਉਣ ਲਈ ਅਤਿ-ਆਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਜਾਵੇਗੀ, ਜਿਸ ਲਈ ਸ਼ੁਰੂਆਤੀ ਦੌਰ ’ਚ ਮਿੱਲ ਲਾਉਣ ਵਾਲਾ ਸਟਾਫ਼ ਹੀ ਇਸ ਨੂੰ 2 ਸਾਲਾਂ ਲਈ ਚਲਾਵੇਗਾ। ਇਸ ਦੌਰਾਨ ਪੁਰਾਣਾ ਸਟਾਫ਼ ਵੀ ਆਪਣੀ ਯੋਗਤਾ ਮੁਤਾਬਕ ਵੱਖ-ਵੱਖ ਥਾਵਾਂ ’ਤੇ ਕੰਮ ਕਰੇਗਾ।

ਇਹ ਵੀ ਪੜ੍ਹੋ- ਨੌਜਵਾਨ ਨੇ ਸ਼ੌਂਕ ਨੂੰ ਬਣਾਇਆ ਸਹਾਇਕ ਧੰਦਾ, ਸਾਲਾਨਾ ਕਰਦੈ ਲੱਖਾਂ ਰੁਪਏ ਦੀ ਕਮਾਈ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News