ਕੋਵਿਡ-19 ਕਾਰਣ ਪੰਜਾਬ 'ਚ ਲਗਾਤਾਰ ਵੱਧ ਰਹੀਆਂ ਮੌਤਾਂ ਦਾ ਕੈਪਟਨ ਨੇ ਲਾਈਵ ਹੋ ਦੱਸਿਆ ਕਾਰਣ (ਵੀਡੀਓ)
Sunday, May 16, 2021 - 08:56 PM (IST)
ਚੰਡੀਗੜ੍ਹ (ਬਿਊਰੋ)- ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਐਤਵਾਰ ਆਪਣੇ ਫੇਸਬੁੱਕ ਪੇਜ 'ਤੇ ਲਾਈਵ ਹੋਏ। ਉਨ੍ਹਾਂ ਕਿਹਾ ਕਿ ਪੰਜਾਬ 'ਚ ਹੁਣ ਕੋਰੋਨਾ ਦੇ ਹਾਲਾਤ ਪਹਿਲਾਂ ਨਾਲੋਂ ਸੁਧਰੇ ਹਨ। ਕੋਰੋਨਾ ਅੰਕੜਿਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਿੱਥੇ ਪਹਿਲਾਂ 9 ਹਜ਼ਾਰ ਦੇ ਕਰੀਬ ਪੰਜਾਬ 'ਚ ਮਾਮਲੇ ਸਾਹਮਣੇ ਆਉਂਦੇ ਸਨ ਉਥੇ ਹੁਣ ਘੱਟ ਕੇ 7 ਹਜ਼ਾਰ ਦੇ ਕਰੀਬ ਰਹਿ ਗਏ ਹਨ। ਬੀਤੇ ਦਿਨ ਸ਼ਨੀਵਾਰ 217 ਕੋਰੋਨਾ ਕਾਰਨ ਹੋਈਆਂ ਮੌਤਾਂ 'ਤੇ ਜਿੱਥੇ ਉਨ੍ਹਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਉੱਥੇ ਉਨ੍ਹਾਂ ਇੰਨੀਆਂ ਹੋਣ ਵਾਲੀਆਂ ਮੌਤਾਂ ਦਾ ਕਾਰਣ ਵੀ ਦੱਸਿਆ।
ਕਾਰਣ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਜੋ ਮੌਤਾਂ ਹੋਈਆਂ ਹਨ ਉਹ ਕੋਰੋਨਾ ਪੀੜਤ ਵਿਅਕਤੀਆਂ ਵੱਲੋਂ ਲੈਵਲ 3 'ਤੇ ਹਸਪਤਾਲ ਜਾਣ ਕਾਰਣ ਹੋਈਆਂ ਹਨ। ਉਨ੍ਹਾਂ ਕਿਹਾ ਕਿ ਲੈਵਲ 1 ਅਤੇ 2 'ਤੇ ਲੋਕ ਘਰ ਹੀ ਰਹਿੰਦੇ ਹਨ ਅਤੇ ਆਪਣਾ ਇਲਾਜ ਆਪ ਹੀ ਕਰਨ ਲੱਗ ਪੈਂਦੇ ਹਨ। ਵੈਕਸੀਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਵੈਕਸੀਨ ਜਿੰਨੀ ਆਉਣੀ ਚਾਹੀਦੀ ਸੀ ਓਨੀ ਵੈਕਸੀਨ ਸਾਨੂੰ ਮੁਹੱਈਆ ਨਹੀਂ ਕਰਵਾਈ ਜਾ ਰਹੀ। ਕੇਂਦਰ ਕੋਲ ਵੀ ਇੰਨੀ ਵੈਕਸੀਨ ਨਹੀਂ ਹੈ ਇਸ ਲਈ ਸੂਬਾ ਸਰਕਾਰ ਆਪ ਵੀ ਵੈਕਸੀਨ ਖ਼ਰੀਦ ਰਹੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਲੁਧਿਆਣਾ ’ਚ ਸਿਮਰਜੀਤ ਬੈਂਸ ਤੇ ਅਕਾਲੀਆਂ ਵਿਚਾਲੇ ਹਿੰਸਕ ਝੜਪ
ਦੱਸ ਦੇਈਏ ਕਿ ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਮੌਜੂਦਾ ਪਾਬੰਦੀਆਂ ਨੂੰ 31 ਮਈ ਤੱਕ ਵਧਾਉਣ ਦੇ ਆਦੇਸ਼ ਦਿੱਤੇ ਹਨ। ਕੈਪਟਨ ਨੇ ਸੂਬੇ ਦੇ ਸਾਰੇ ਅਧਿਕਾਰੀਆਂ ਨੂੰ ਕੋਵਿਡ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ। ਦੁਕਾਨਾਂ ਨੂੰ ਪੜਾਅਵਾਰ ਖੋਲ੍ਹਣ ਦੀ ਘੋਸ਼ਣਾ ਕਰਨ ਤੋਂ ਇਲਾਵਾ ਮੁੱਖ ਮੰਤਰੀ ਨੇ ਹਾਊਸਿੰਗ ਸੈਕਟਰ ਲਈ ਕਈ ਰਿਆਇਤਾਂ ਦੇਣ ਦਾ ਐਲਾਨ ਕੀਤਾ। ਉਤਰ ਪ੍ਰਦੇਸ਼ ਦੇ ਪਿੰਡਾਂ ਵਿਚ ਪੈਦਾ ਹੋਈ ਸਥਿਤੀ ਤੋਂ ਬਚਣ ਦੀ ਲੋੜ ਉਤੇ ਜ਼ੋਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ‘ਕੋਰੋਨਾ ਮੁਕਤ ਪਿੰਡ ਅਭਿਆਨ’ ਦੇ ਹਿੱਸੇ ਵਜੋਂ ਨਿਵੇਕਲੇ ਕੋਵਿਡ ਫ਼ਤਿਹ ਪ੍ਰੋਗਰਾਮ ਦਾ ਐਲਾਨ ਕੀਤਾ ਤਾਂ ਜੋ ਸੂਬੇ ਦੇ ਪੇਂਡੂ ਖੇਤਰਾਂ ਵਿਚ ਕੋਵਿਡ ਦੇ ਚਿੰਤਾਜਨਕ ਫੈਲਾਅ ਨੂੰ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ : ਜਗਰਾਓਂ ’ਚ ਦੋ ਥਾਣੇਦਾਰਾਂ ਨੂੰ ਕਤਲ ਕਰਨ ਦੇ ਮਾਮਲੇ ’ਚ ਵੱਡਾ ਖ਼ੁਲਾਸਾ, ਗੈਂਗਸਟਰ ਜੈਪਾਲ ਭੁੱਲਰ ’ਤੇ ਮਾਮਲਾ ਦਰਜ
ਮੁੱਖ ਮੰਤਰੀ ਨੇ ਇਸ ਜੰਗ ਵਿਚ ਕਮਿਊਨਟੀ ਦੇ ਸਾਰੇ ਵਰਗਾਂ ਦੀ ਸ਼ਮੂਲੀਅਤ ਦੀ ਲੋੜ ਉਤੇ ਜ਼ੋਰ ਦਿੰਦਿਆਂ ਸਿਹਤ ਅਤੇ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਪਿੰਡਾਂ ਵਿਚ ਸਾਰੇ ਭਾਈਚਾਰਿਆਂ ਨੂੰ ਲਾਮਬੰਦੀ ਕਰਨ ਲਈ ਵੱਡੇ ਪੱਧਰ ਉਤੇ ਮੁਹਿੰਮ ਵਿੱਢੀ ਜਾਵੇ।