ਅੰਬਾਲਾ ਲਿਜਾ ਕੇ 14 ਸਾਲਾ ਲੜਕੀ ਨਾਲ ਕੀਤਾ ਰੇਪ, ਕੈਂਟ ਸਟੇਸ਼ਨ 'ਤੇ ਲਿਆ ਕੇ ਛੱਡੀ

03/13/2018 11:45:45 PM

ਜਲੰਧਰ, (ਮਹੇਸ਼)- ਦਕੋਹਾ ਨਿਵਾਸੀ 14 ਸਾਲ ਦੀ ਇਕ ਲੜਕੀ ਨੂੰ ਇਕ ਨੌਜਵਾਨ ਭਜਾ ਕੇ ਅੰਬਾਲਾ ਲੈ ਗਿਆ ਅਤੇ ਉਹ ਉਸ ਨਾਲ ਰੇਪ ਕਰਨ ਤੋਂ ਬਾਅਦ ਉਸ ਨੂੰ ਕੈਂਟ ਰੇਲਵੇ ਸਟੇਸ਼ਨ 'ਤੇ ਛੱਡ ਕੇ ਖੁਦ ਕਿਸੇ ਹੋਰ ਟਰੇਨ 'ਚ ਬੈਠ ਕੇ ਫਰਾਰ ਹੋ ਗਿਆ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਰਾਮਾ ਮੰਡੀ ਦੀ ਚੌਕੀ ਨੰਗਲ ਸ਼ਾਮਾ (ਦਕੋਹਾ) ਦੇ ਮੁਖੀ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਪੀੜਤ ਨਾਬਾਲਗ ਲੜਕੀ ਕਮਲਾ ਦੇ ਬਿਆਨਾਂ 'ਤੇ ਉਸ ਦੀ ਮਾਸੀ ਸਮੇਤ ਤਿੰਨਾਂ ਲੋਕਾਂ 'ਤੇ ਥਾਣਾ ਰਾਮਾਮੰਡੀ 'ਚ 366, 376 ਤੇ 34 ਆਈ. ਪੀ. ਸੀ. ਤੋਂ ਇਲਾਵਾ ਚਿਲਡਰਨ ਐਕਟ ਦੇ ਤਹਿਤ ਮੁਕੱਦਮਾ ਨੰ. 43 ਦਰਜ ਕਰ ਲਿਆ ਹੈ ਪਰ ਹੁਣ ਤੱਕ ਕੋਈ ਵੀ ਮੁਲਜ਼ਮ ਪੁਲਸ ਦੀ ਗ੍ਰਿਫਤ 'ਚ ਨਹੀਂ ਹੈ। ਏ. ਐੱਸ. ਆਈ. ਕੁਲਦੀਪ ਸਿੰਘ ਨੇ ਕਿਹਾ ਕਿ ਪੁਲਸ ਮੁਲਜ਼ਮਾਂ ਦੀ ਭਾਲ 'ਚ ਰੇਡ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਬੁੱਧਵਾਰ ਨੂੰ ਪੀੜਤ ਨਾਬਾਲਿਗ ਲੜਕੀ ਦਾ ਮੈਡੀਕਲ ਕਰਵਾਏਗੀ। ਪੁਲਸ ਨੂੰ ਪੀੜਤ ਲੜਕੀ ਨੇ ਦੱਸਿਆ ਕਿ 6 ਮਾਰਚ ਨੂੰ ਉਹ ਆਪਣੀ ਦਾਦੀ ਲਈ ਭੂਆ ਦੇ ਘਰੋਂ ਪਾਣੀ ਲੈਣ ਗਈ ਸੀ ਇਸ ਦੌਰਾਨ ਉਨ੍ਹਾਂ ਦੇ ਗੁਆਂਢ 'ਚ ਰਹਿੰਦੀ ਇਕ ਔਰਤ ਇਕ ਲੜਕੇ ਨੂੰ ਨਾਲ ਲੈ ਕੇ ਮੋਟਰਸਾਈਕਲ 'ਤੇ ਉਸ ਦੇ ਪਿੱਛੇ ਪਿੱਛੇ ਆਉਣ ਲੱਗੀ। ਕੁਝ ਦੂਰੀ 'ਤੇ ਪਹੁੰਚੀ ਤਾਂ ਉਨ੍ਹਾਂ ਦੋਵਾਂ ਨੇ ਉਸ ਨੂੰ ਆਪਣੇ ਮੋਟਰਸਾਈਕਲ 'ਤੇ ਜਬਰਨ ਬਿਠਾ ਲਿਆ ਅਤੇ ਆਪਣੇ ਘਰ ਲੈ ਗਏ ਅਤੇ ਉਥੋਂ ਉਸ ਨੂੰ ਬੇਹੋਸ਼ੀ ਦੀ ਹਾਲਤ ਨੂੰ ਨੌਜਵਾਨ ਆਪਣੇ ਨਾਲ ਕੈਂਟ ਰੇਲਵੇ ਸਟੇਸ਼ਨ 'ਤੇ ਲੈ ਗਿਆ ਅਤੇ ਕਿਸੇ ਟਰੇਨ 'ਚ ਬਿਠਾ ਕੇ ਉਸ ਨੂੰ ਆਪਣੇ ਨਾਲ ਲੈ ਗਿਆ। 
ਇਸ ਪੂਰੇ ਕੰਮ ਨੂੰ ਅੰਜਾਮ ਦੇਣ 'ਚ ਉਸ ਦੀ ਮਾਸੀ, ਜੋ ਕਿ ਰਾਮਾ ਮੰਡੀ 'ਚ ਰਹਿੰਦੀ ਹੈ, ਵੀ ਸ਼ਾਮਲ ਸੀ। ਲੜਕੀ ਨੇ ਦੱਸਿਆ ਕਿ ਟਰੇਨ 'ਚ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੂੰ ਭਜਾ ਕੇ ਲਿਆਇਆ ਨੌਜਵਾਨ ਮੋਬਾਇਲ 'ਤੇ ਗੱਲ ਕਰ ਰਿਹਾ ਸੀ ਕਿ ਉਹ ਅੰਬਾਲਾ ਪਹੁੰਚ ਗਏ ਹਨ। ਨਾਬਾਲਗ ਲੜਕੀ ਨੇ ਦੱਸਿਆ ਕਿ ਉਸ ਨੂੰ ਅੰਬਾਲਾ 'ਚ ਹੀ ਰੱਖਿਆ ਗਿਆ, ਉਥੇ ਹੀ ਉਸ ਨੂੰ ਇਕ ਖੋਖੇ 'ਚ ਲਿਜਾ ਕੇ ਨੌਜਵਾਨ ਨੇ ਉਸ ਨਾਲ ਰੇਪ ਕੀਤਾ ਅਤੇ ਬਾਅਦ 'ਚ 10 ਮਾਰਚ ਦੀ ਰਾਤ ਕੈਂਟ ਸਟੇਸ਼ਨ 'ਤੇ ਲਿਆ ਕੇ ਉਸ ਨੂੰ ਛੱਡ ਦਿੱਤਾ ਅਤੇ ਉਸ ਦੇ ਨਾਲ ਕੀਤੇ ਗਏ ਰੇਪ ਬਾਰੇ ਕਿਸੇ ਨੂੰ ਕੁੱਝ ਨਾ ਦੱਸਣ ਦੀ ਧਮਕੀ ਦਿੰਦੇ ਹੋਏ ਉਹ ਖੁਦ ਫਰਾਰ ਹੋ ਗਿਆ। ਲੜਕੀ ਦੇ ਮੁਤਾਬਿਕ ਉਸ ਦੀ ਗੁਆਂਢਣ ਆਪਣੇ ਮੁੰਡੇ ਦਾ ਵਿਆਹ ਉਸ ਨਾਲ ਕਰਵਾਉਣ ਲਈ ਉਸ 'ਤੇ ਦਬਾਅ ਪਾ ਰਹੀ ਸੀ ਪਰ ਉਸ ਦੇ ਨਾਂਹ ਕਰਨ 'ਤੇ ਉਸ ਨੇ ਉਕਤ ਯੋਜਨਾ ਬਣਾ ਕੇ ਉਸ ਨਾਲ ਆਪਣਾ ਬਦਲਾ ਲੈ ਲਿਆ। ਏ. ਐੱਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਫਿਲਹਾਲ ਪੁਲਸ ਨੇ ਪੀੜਤ ਲੜਕੀ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਹੈ। 


Related News