ਨਗਰ ਪਾਲਿਕਾ ਕਰਮਚਾਰੀ ਸੰਗਠਨ ਨੇ ਟੈਂਡਰ ਦਾ ਕੀਤਾ ਵਿਰੋਧ, ਕੀਤੀ ਨਾਅਰੇਬਾਜ਼ੀ
Thursday, Jun 28, 2018 - 05:22 AM (IST)
ਕਪੂਰਥਲਾ, (ਗੁਰਵਿੰਦਰ ਕੌਰ)- ਨਗਰ ਪਾਲਿਕਾ ਕਰਮਚਾਰੀ ਸੰਗਠਨ ਦੇ ਪੰਜਾਬ ਪ੍ਰਧਾਨ ਸਰਦਾਰੀ ਲਾਲ ਸ਼ਰਮਾ ਤੇ ਜ਼ਿਲਾ ਪ੍ਰਧਾਨ ਗੋਪਾਲ ਥਾਪਰ ਦੀ ਅਗਵਾਈ 'ਚ ਅੱਜ ਨਗਰ ਪਾਲਿਕਾ ਕਰਮਚਾਰੀ ਸੰਗਠਨ ਕਪੂਰਥਲਾ ਵੱਲੋਂ ਨਗਰ ਕੌਂਸਲ ਵੱਲੋਂ ਆਊਟ ਸੋਰਸਿੰਗ (ਠੇਕੇਦਾਰ) ਰਾਹੀਂ ਰੱਖੇ ਜਾਣ ਵਾਲੇ ਕਰਮਚਾਰੀਆਂ ਸਬੰਧੀ ਲਾਏ ਗਏ ਟੈਂਡਰ ਦਾ ਵਿਰੋਧ ਕੀਤਾ ਗਿਆ ਤੇ ਕਰਮਚਾਰੀਆਂ ਨੇ ਮੰਗਾਂ ਸਬੰਧੀ ਨਾਅਰੇਬਾਜ਼ੀ ਕੀਤੀ। ਪੰਜਾਬ ਪ੍ਰਧਾਨ ਸਰਦਾਰੀ ਲਾਲ ਸ਼ਰਮਾ ਤੇ ਜ਼ਿਲਾ ਪ੍ਰਧਾਨ ਗੋਪਾਲ ਥਾਪਰ ਨੇ ਦੱਸਿਆ ਕਿ ਆਊਟ ਸੋਰਸਿੰਗ (ਠੇਕੇਦਾਰ) ਰਾਹੀਂ ਰੱਖੇ ਜਾਣ ਵਾਲੇ ਕਰਮਚਾਰੀਆਂ ਦਾ ਸਬੰਧਿਤ ਏਜੰਸੀ ਤੇ ਠੇਕੇਦਾਰ ਵੱਲੋਂ ਸ਼ੋਸ਼ਣ ਕੀਤਾ ਜਾਂਦਾ ਹੈ ਤੇ ਬਿਨਾਂ ਕਿਸੇ ਕਾਰਨ ਦੱਸੇ ਕਿਸੇ ਵੀ ਆਊਟ ਸੋਰਸਿੰਗ ਜਾਂ ਠੇਕੇ 'ਤੇ ਰੱਖੇ ਗਏ ਕਰਮਚਾਰੀ ਨੂੰ ਕੰਮ ਤੋਂ ਕੱਢ ਦਿੱਤਾ ਜਾਂਦਾ ਹੈ। ਜਿਸ ਕਾਰਨ ਨਗਰ ਕੌਂਸਲ ਦੇ ਅਕਸ 'ਤੇ ਬੁਰਾ ਪ੍ਰਭਾਵ ਪੈਂਦਾ ਹੈ ਤੇ ਨਾਲ ਹੀ ਸਬੰਧਿਤ ਕਰਮਚਾਰੀ 'ਤੇ ਵੀ ਇਸਦਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਨਗਰ ਕੌਂਸਲ ਵਲੋਂ ਸਿੱਧੇ ਤੌਰ 'ਤੇ ਲੋੜੀਂਦੇ ਸਫਾਈ ਸੇਵਕ, ਸੀਵਰਮੈਨ ਜਾਂ ਹੋਰ ਸਟਾਫ ਦੀ ਭਰਤੀ ਕੀਤੀ ਜਾਂਦੀ ਹੈ ਤਾਂ ਉਸਦਾ ਨਗਰ ਕੌਂਸਲ 'ਤੇ ਵਿੱਤੀ ਬੋਝ ਵੀ ਘੱਟ ਪਵੇਗਾ ਤੇ ਨਾਲ ਹੀ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਤੇ ਭ੍ਰਿਸ਼ਟਾਚਾਰ ਤੋਂ ਵੀ ਬਚਾਅ ਹੋਵੇਗਾ।
ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਮਹਿਕਮੇ 'ਚ ਭਰਤੀ ਕੀਤੀ ਜਾਵੇ ਤਾਂ ਉਹ ਮਹਿਕਮੇ ਵਲੋਂ ਸਿੱਧੇ ਤੌਰ 'ਤੇ ਕੀਤੀ ਜਾਵੇ। ਜੇਕਰ ਕਿਸੇ ਕਾਰਨ ਸਿੱਧੀ ਭਰਤੀ ਨਹੀਂ ਹੋ ਸਕਦੀ ਤਾਂ ਸਬੰਧਤ ਮਹਿਕਮੇ ਵਲੋਂ ਡੀ. ਸੀ. ਰੇਟ 'ਤੇ ਹੀ ਭਰਤੀ ਕੀਤੀ ਜਾਵੇ।
ਇਸ ਮੌਕੇ ਰਾਜੇਸ਼ ਸਹੋਤਾ, ਮਨੋਜ ਰੱਤੀ, ਕੁਲਵੰਤ ਸਿੰਘ, ਵਿਕਰਮ ਘਈ, ਪੁਨੀਤ ਧਵਨ, ਨਰੇਸ਼ ਮੱਟੂ, ਪਵਨ ਕੁਮਾਰ, ਨਰਿੰਦਰ ਸਿੰਘ, ਭਜਨ ਸਿੰਘ, ਸੰਜੇ ਧੀਰ, ਤਰਲੋਚਨ ਸਿੰਘ, ਸੰਜੀਵ ਕੁਮਾਰ, ਅਸ਼ੋਕ ਮੱਟੂ, ਪ੍ਰਦੀਪ ਕੁਮਾਰ ਤੇ ਸਮੂਹ ਕਰਮਚਾਰੀ ਹਾਜ਼ਰ ਸਨ।
