ਛੇਤੀ ਹੀ ਬਦਲਣ ਵਾਲਾ ਹੈ ਪੁਰਾਣੇ ਬੱਸ ਸਟੈਂਡ ਦਾ ਮੁਹਾਂਦਰਾ
Wednesday, Jul 18, 2018 - 06:52 AM (IST)

ਮੋਹਾਲੀ, (ਰਾਣਾ)- ਫੇਜ਼-8 ਬੱਸ ਸਟੈਂਡ ਦਾ ਮੁਹਾਂਦਰਾ ਛੇਤੀ ਹੀ ਬਦਲਣ ਵਾਲਾ ਹੈ। ਉਥੇ ਹੁਣ ਨਵੀਆਂ ਸਰਕਾਰੀ ਇਮਾਰਤਾਂ ਤੇ ਸੰਸਥਾਵਾਂ ਨਜ਼ਰ ਆਉਣਗੀਆਂ। ਗਮਾਡਾ ਨੇ ਇਸ ਦਿਸ਼ਾ ਵਿਚ ਬਡ਼ੀ ਤੇਜ਼ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਦੇ ਪਹਿਲੇ ਪਡ਼ਾਅ ਵਿਚ ਬੱਸ ਸਟੈਂਡ ਨੂੰ ਉਥੋਂ ਹਟਾ ਦਿੱਤਾ ਗਿਆ ਤੇ ਸਾਰੀ ਸਰਕਾਰੀ ਜ਼ਮੀਨ ’ਤੇ ਗਮਾਡਾ ਨੇ ਕਬਜ਼ਾ ਕਰ ਲਿਆ ਹੈ ਅਤੇ ਉਥੇ ਲੋਹੇ ਦੀਆਂ ਤਾਰਾਂ ਵੀ ਲਾ ਦਿੱਤੀਆਂ ਹਨ । ਉਥੇ ਹੀ ਗਮਾਡਾ ਵਲੋਂ ਇਕ ਪਾਸੇ ਵੱਡਾ ਖੁਲਾਸਾ ਹੋਇਆ ਹੈ ਕਿ ਫੇਜ਼-8 ਦਾ ਬੱਸ ਸਟੈਂਡ ਜੋ ਇੰਨੇ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਉਹ ਤਾਂ ਕਾਗਜ਼ਾਂ ਵਿਚ ਸੀ ਹੀ ਨਹੀਂ, ਬਸ ਇੰਝ ਹੀ ਚਲਾਇਆ ਜਾ ਰਿਹਾ ਸੀ । ਜਦੋਂ ਕਿ ਗਮਾਡਾ ਵਲੋਂ ਸਬੰਧਤ ਵਿਭਾਗ ਨੂੰ ਕਈ ਵਾਰ ਇਸ ਸਬੰਧੀ ਲਿਖ ਕੇ ਵੀ ਭੇਜਿਆ ਗਿਆ।
ਬਣਾਇਆ ਜਾ ਰਿਹੈ ਲੇਆਊਟ ਪਲਾਨ
ਗਮਾਡਾ ਵਲੋਂ ਫੇਜ਼-8 ਦਾ ਬੱਸ ਸਟੈਂਡ ਤੋਡ਼ਨ ਤੋਂ ਬਾਅਦ ਹੁਣ ਉਥੇ ਕੀ ਬਣਾਇਆ ਜਾਣਾ ਹੈ, ਉਹ ਵੀ ਤੈਅ ਕਰ ਲਿਆ ਗਿਆ ਹੈ। ਇਸ ਲਈ ਉਸ ਵਲੋਂ ਇਕ ਟੀਮ ਇਸ ਕੰਮ ’ਤੇ ਵੀ ਲਾ ਦਿੱਤੀ ਗਈ ਹੈ ਜੋ ਹੁਣ ਫੇਜ਼-8 ਸਥਿਤ ਪੁਰਾਣੇ ਬੱਸ ਸਟੈਂਡ ਵਾਲੀ ਪੂਰੀ ਜਗ੍ਹਾ ਦਾ ਸਰਵੇ ਕਰਨ ਵਿਚ ਲੱਗ ਗਈ ਹੈ। ਨਾਲ ਹੀ ਕਿਹੜੀ ਜਗ੍ਹਾ ’ਤੇ ਕਿਹੜੇ ਸਰਕਾਰੀ ਵਿਭਾਗ ਦੀ ਇਮਾਰਤ ਬਣਾਈ ਜਾਣੀ ਹੈ, ਇਸ ’ਤੇ ਵੀ ਸਰਵੇ ਪੂਰਾ ਕਰਨ ਤੋਂ ਬਾਅਦ ਵਿਭਾਗ ਦੇ ਸੀਨੀਅਰ ਅਫਸਰਾਂ ਨਾਲ ਮੀਟਿੰਗ ਕੀਤੀ ਜਾਵੇਗੀ, ਜਿਸ ਵਿਚ ਤੈਅ ਕੀਤਾ ਜਾਵੇਗਾ ਕਿ ਇਸ ਜਗ੍ਹਾ ’ਤੇ ਕਿਹਡ਼ੇ-ਕਿਹਡ਼ੇ ਵਿਭਾਗ ਬਣਾਏ ਜਾਣਗੇ ।
ਪ੍ਰਾਈਮ ਲੋਕੇਸ਼ਨ ’ਚ ਹੈ ਇਲਾਕਾ
ਪੁਰਾਣਾ ਬੱਸ ਸਟੈਂਡ ਸ਼ਹਿਰ ਦੀ ਬਿਲਕੁਲ ਪ੍ਰਾਈਮ ਲੋਕੇਸ਼ਨ ’ਚ ਹੈ ਕਿਉਂਕਿ ਇਸ ਦੇ ਆਲੇ-ਦੁਆਲੇ ਗਮਾਡਾ, ਪੁੱਡਾ ਭਵਨ, ਜੰਗਲਾਤ ਵਿਭਾਗ, ਪੰਜਾਬ ਸਕੂਲ ਸਿੱਖਿਆ ਬੋਰਡ, ਫੋਰਟਿਸ ਹਸਪਤਾਲ, ਪੁਲਸ ਥਾਣਾ, ਵਿਜੀਲੈਂਸ ਦਫਤਰ ਹੈ। ਬੱਸ ਸਟੈਂਡ ਦੇ ਨੇੜੇ ਦਾ ਸਾਰਾ ਏਰੀਆ ਖਾਲੀ ਪਿਆ ਹੈ। ਇਸ ਵਿਚ ਸਰਕਾਰੀ ਦਫਤਰ ਤੇ ਸੰਸਥਾਵਾਂ ਬਣਨ ਤੋਂ ਬਾਅਦ ਵਧੀਅਾ ਹੁੰਗਾਰਾ ਮਿਲੇਗਾ। ਇਥੇ ਪੂਰੇ ਏਰੀਏ ਵਿਚ ਘਾਹ ਉੱਗਿਆ ਪਿਆ ਹੈ।
ਬੱਸ ਸਟੈਂਡ ਟੁੱਟਣ ਤੋਂ ਬਾਅਦ ਵੀ ਬੱਸਾਂ ਇਥੋਂ ਚੱਲਦੀਆਂ ਹਨ
ਗਮਾਡਾ ਵਲੋਂ ਫੇਜ਼-8 ਦਾ ਬੱਸ ਸਟੈਂਡ ਤੋਡ਼ੇ ਜਾਣ ਤੋਂ ਬਾਅਦ ਹੁਣ ਵੀ ਜ਼ਿਆਦਾਤਰ ਬੱਸਾਂ ਬੱਸ ਸਟੈਂਡ ਦੇ ਬਾਹਰ ਸਡ਼ਕ ’ਤੇ ਖੜ੍ਹੀਆਂ ਹੁੰਦੀਆਂ ਹਨ, ਜਦੋਂਕਿ ਸਾਰਿਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ ਸਾਰੀਆਂ ਬੱਸਾਂ ਫੇਜ਼-6 ਸਥਿਤ ਨਵੇਂ ਬੱਸ ਸਟੈਂਡ ਤੋਂ ਚੱਲਣਗੀਆਂ ਪਰ ਉਥੇ ਨਾਮਾਤਰ ਬੱਸਾਂ ਹੀ ਜਾਂਦੀਆਂ ਹਨ ਜਿਸ ਕਾਰਨ ਬੱਸਾਂ ਵਿਚ ਜਾਣ ਵਾਲੀਅਾਂ ਸਵਾਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਸਵਾਰੀਆਂ ਖੁਦ ਕਈ ਵਾਰ ਭੰਬਲਭੂਸੇ ’ਚ ਹੁੰਦੀਅਾਂ ਹਨ ਕਿ ਬੱਸ ਫੇਜ਼-8 ਤੋਂ ਮਿਲੇਗੀ ਜਾਂ ਫੇਜ਼-6 ਤੋਂ।
ਆਲੇ-ਦੁਆਲੇ ਦੇ ਖੇਤਰ ਦੀ ਵਧੇਗੀ ਬੁੱਕਤ
ਸੰਸਥਾਵਾਂ ਤੇ ਸਰਕਾਰੀ ਇਮਾਰਤਾਂ ਬਣਨ ਤੋਂ ਬਾਅਦ ਫੇਜ਼-8 ਦੀ ਬੁੱਕਤ ਕਾਫ਼ੀ ਜ਼ਿਆਦਾ ਵਧ ਜਾਵੇਗੀ, ਮਕਾਨਾਂ ਦੇ ਰੇਟਾਂ ਵਿਚ ਵੀ ਕਾਫ਼ੀ ਵਾਧਾ ਹੋਵੇਗਾ ਅਤੇ ਸੰਸਥਾਵਾਂ ਤੇ ਸਰਕਾਰੀ ਇਮਾਰਤਾਂ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਕੋਈ ਦਿੱਕਤ ਨਹੀਂ ਆਏਗੀ।