ਪੰਜਾਬ ਸਮੇਤ ਉੱਤਰ ਭਾਰਤ ''ਚ ਬਿਜਲੀ ਸੰਕਟ ਦੇ ਆਸਾਰ

02/08/2018 6:45:16 AM

ਚੰਡੀਗੜ੍ਹ,ਜਲੰਧਰ  (ਜ. ਬ.) - ਸੂਬੇ 'ਚ ਸਮੇਂ ਸਿਰ ਬਰਫਬਾਰੀ ਨਾ ਹੋਈ ਤਾਂ ਹਿਮਾਚਲ ਸਮੇਤ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ 'ਚ ਵੀ ਗਰਮੀਆਂ ਦੌਰਾਨ ਬਿਜਲੀ ਦਾ ਸੰਕਟ ਡੂੰਘਾ ਹੋ ਜਾਵੇਗਾ। ਸੂਬਾ ਸਰਕਾਰ ਨੂੰ ਬਿਜਲੀ ਖੇਤਰ ਤੋਂ ਮਿਲਣ ਵਾਲਾ ਕਰੋੜਾਂ ਦਾ ਮਾਲੀਆ ਘੱਟ ਹੋ ਜਾਵੇਗਾ। ਇਸ ਦੀ ਜ਼ਿਆਦਾ ਮਾਰ ਛੋਟੇ-ਛੋਟੇ ਪਾਵਰ ਪ੍ਰੋਡਿਊਸਰਾਂ 'ਤੇ ਪਏਗੀ। ਸੂਬੇ 'ਚ ਬਰਫਬਾਰੀ ਨਾ ਹੋਣ ਨਾਲ ਬਿਜਲੀ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਜੋ ਪਹਾੜ ਨਵੰਬਰ ਅਤੇ ਦਸੰਬਰ ਮਹੀਨੇ 'ਚ ਬਰਫ ਦੀ ਸਫੇਦ ਚਾਦਰ ਲੈ ਲੈਂਦੇ ਸਨ, ਉਹ ਫਰਵਰੀ 'ਚ ਵੀ ਨੰਗੇ ਨਜ਼ਰ ਆ ਰਹੇ ਹਨ। ਇਸ ਨਾਲ ਗਰਮੀਆਂ 'ਚ ਵੀ ਬਿਜਲੀ ਉਤਪਾਦਨ ਅੱਧਾ ਰਹਿ ਜਾਵੇਗਾ। ਬਿਜਲੀ ਪੈਦਾ ਕਰਨ ਲਈ ਨਦੀ-ਨਾਲਿਆਂ 'ਚ ਪਾਣੀ ਨਹੀਂ ਮਿਲੇਗਾ। ਇਨ੍ਹੀਂ ਦਿਨੀਂ ਵੀ ਬਰਫਬਾਰੀ ਨਾ ਹੋਣ ਅਤੇ ਗਲੇਸ਼ੀਅਰਾਂ ਦੇ ਜੰਮ ਜਾਣ ਨਾਲ 86.54 ਫੀਸਦੀ ਤੋਂ ਵੱਧ ਬਿਜਲੀ ਉਤਪਾਦਨ ਡਿਗ ਗਿਆ ਹੈ। ਇਹੀ ਕਾਰਨ ਹੈ ਕਿ ਹਿਮਾਚਲ ਦੇ ਜ਼ਿਆਦਾਤਰ ਘਰਾਂ 'ਚ ਗੁਆਂਢੀ ਸੂਬੇ ਦੀ ਬਿਜਲੀ ਲੈ ਕੇ ਰੌਸ਼ਨੀ ਹੋ ਰਹੀ ਹੈ। ਬਿਜਲੀ ਬੋਰਡ ਦੇ ਐੱਮ. ਡੀ. ਜੇ. ਪੀ. ਕਾਲਟਾ ਕਹਿੰਦੇ ਹਨ ਕਿ ਸੂਬੇ ਦੇ ਪਾਵਰ ਪ੍ਰਾਜੈਕਟ 'ਚ 86 ਫੀਸਦੀ ਤਕ ਬਿਜਲੀ ਉਤਪਾਦਨ 'ਚ ਗਿਰਾਵਟ ਦਰਜ ਕੀਤੀ ਗਈ ਹੈ ਪਰ ਖਪਤਕਾਰਾਂ ਨੂੰ ਬਿਜਲੀ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਨ੍ਹੀਂ ਦਿਨੀਂ 140 ਲੱਖ ਯੂਨਿਟ ਬਿਜਲੀ ਬੈਂਕਿੰਗ ਰਾਹੀਂ ਗੁਆਂਢੀ ਸੂਬੇ ਅਤੇ 98 ਲੱਖ ਯੂਨਿਟ ਸੈਂਟਰਲ ਸੈਕਟਰ ਦੇ ਪ੍ਰਾਜੈਕਟਾਂ ਤੋਂ ਲਈ ਜਾ ਰਹੀ ਹੈ। ਆਪਣਾ ਉਤਪਾਦਨ 37 ਲੱਖ ਯੂਨਿਟ 'ਚ ਸਿਮਟ ਗਿਆ ਹੈ। ਉਤਪਾਦਨ ਡਿਗਣ ਨਾਲ ਬਿਜਲੀ ਸੂਬਾ ਹਿਮਾਚਲ ਗੁਆਂਢੀ ਸੂਬੇ ਦੀ ਬਿਜਲੀ 'ਤੇ ਨਿਰਭਰ ਹੋ ਗਿਆ ਹੈ। ਸੂਬੇ ਦਾ ਬਿਜਲੀ ਬੋਰਡ ਬੈਂਕਿੰਗ ਸਿਸਟਮ ਨਾਲ ਗੁਆਂਢੀ ਸੂਬੇ ਤੋਂ ਬਿਜਲੀ ਲੈ ਕੇ ਖਪਤਕਾਰਾਂ ਨੂੰ ਸਪਲਾਈ ਕਰ ਰਿਹਾ ਹੈ। 140 ਲੱਖ ਯੂਨਿਟ ਬਿਜਲੀ ਬੈਂਕਿੰਗ ਰਾਹੀਂ ਗੁਆਂਢੀ ਸੂਬੇ ਤੋਂ ਲਈ ਜਾ ਰਹੀ ਹੈ, ਜਦਕਿ 98 ਲੱਖ ਯੂਨਿਟ ਸੈਂਟਰਲ ਸੈਕਟਰ  ਦੇ ਪ੍ਰਾਜੈਕਟਾਂ ਤੋਂ ਖਰੀਦੀ ਜਾ ਰਹੀ ਹੈ।
ਇਸ ਵਾਰ 92 ਫੀਸਦੀ ਘੱਟ ਵਰ੍ਹੇ ਬੱਦਲ
ਦੇਵਭੂਮੀ ਹਿਮਾਚਲ 'ਚ ਸੋਕੇ ਵਰਗੇ ਹਾਲਾਤ ਪੈਦਾ ਹੋ ਗਏ ਹਨ। ਇਸ ਤੋਂ ਪਹਿਲਾਂ ਸਾਲ 2007 'ਚ ਅਜਿਹੇ ਹਾਲਾਤ ਦੇਖਣ ਨੂੰ ਮਿਲੇ ਸਨ। ਉਸ ਦੌਰਾਨ ਜਨਵਰੀ ਮਹੀਨੇ 'ਚ ਸਿਰਫ ਇਕ ਮਿ. ਲਿ. ਮੀਂਹ ਰਿਕਾਰਡ ਕੀਤਾ ਗਿਆ ਸੀ। ਇਸ ਵਾਰ ਵੀ ਹਿਮਾਚਲ 'ਚ ਇਕ ਜਨਵਰੀ ਤੋਂ 5 ਫਰਵਰੀ ਤਕ ਸਿਰਫ 9.2 ਮਿ. ਲਿ. ਮੀਂਹ-ਬਰਫਬਾਰੀ ਹੋਈ ਹੈ, ਭਾਵ ਸੂਬੇ 'ਚ 92 ਫੀਸਦੀ ਘੱਟ ਬੱਦਲ ਵਰ੍ਹੇ ਹਨ। ਇਸ ਸਮੇਂ ਔਸਤ ਆਮ ਮੀਂਹ-ਬਰਫਬਾਰੀ 114.5 ਮਿ. ਮੀ. ਹੋਣੀ ਚਾਹੀਦੀ ਸੀ। ਫਰਵਰੀ ਮਹੀਨੇ ਦੀ ਗੱਲ ਕਰੀਏ ਤਾਂ ਸੂਬੇ 'ਚ ਪਹਿਲੇ ਹਫਤੇ 'ਚ 99.5 ਫੀਸਦੀ ਘੱਟ ਮੀਂਹ ਪਿਆ ਹੈ।
ਇੰਨੀ ਹੈ ਬਿਜਲੀ ਦੀ ਮੰਗ
ਸਰਦੀਆਂ ਹੋਣ ਕਾਰਨ ਬਿਜਲੀ ਦੀ ਮੰਗ ਵਧ ਕੇ 275 ਲੱਖ ਯੂਨਿਟ ਪਹੁੰਚ ਗਈ ਹੈ ਪਰ ਨਦੀਆਂ-ਨਾਲੇ ਮੀਂਹ-ਬਰਫਬਾਰੀ ਨਾ ਹੋਣ ਕਾਰਨ ਸੁੱਕ ਚੁੱਕੇ ਹਨ। ਕੁਝ ਵੱਡੀਆਂ ਨਦੀਆਂ 'ਚ ਵੀ ਗਲੇਸ਼ੀਅਰਾਂ ਦੇ ਜੰਮ ਜਾਣ ਨਾਲ ਨਦੀਆਂ-ਨਾਲਿਆਂ 'ਚ ਪਾਣੀ ਦਾ ਪੱਧਰ ਬਹੁਤ ਡਿਗ ਗਿਆ ਹੈ। ਇਸ ਕਾਰਨ ਬਿਜਲੀ ਉਤਪਾਦਨ ਘੱਟ ਹੋਇਆ ਹੈ। ਗਰਮੀਆਂ 'ਚ ਜਦੋਂ ਹਿਮਾਚਲ ਸਰਪਲੱਸ ਬਿਜਲੀ ਤਿਆਰ ਕਰਦਾ ਹੈ ਤਾਂ ਉਨ੍ਹੀਂ ਦਿਨੀਂ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਨੂੰ ਬੈਂਕਿੰਗ ਆਧਾਰ 'ਤੇ ਬਿਜਲੀ ਪ੍ਰਦਾਨ ਕਰਦਾ ਹੈ। ਸਰਦੀਆਂ 'ਚ ਜਦੋਂ ਸੂਬੇ 'ਚ ਬਿਜਲੀ ਉਤਪਾਦਨ ਡਿਗ ਜਾਂਦਾ ਹੈ ਤਾਂ ਇਨ੍ਹਾਂ ਸੂਬਿਆਂ ਤੋਂ ਹਿਮਾਚਲ ਬੈਂਕਿੰਗ ਦੇ ਰਾਹੀਂ ਬਿਜਲੀ ਵਾਪਸ ਲੈਂਦਾ ਹੈ। ਦਸੰਬਰ ਮਹੀਨੇ ਤੋਂ ਬਿਜਲੀ ਉਤਪਾਦਨ ਡਿਗਣਾ ਸ਼ੁਰੂ ਹੋ ਗਿਆ ਹੈ। ਉਦੋਂ ਤੋਂ ਲੈ ਕੇ ਹਰ ਰੋਜ਼ ਉਤਪਾਦਨ ਡਿਗਦਾ ਜਾ ਰਿਹਾ ਹੈ। ਬੋਰਡ ਦੇ ਆਪਣੇ ਪ੍ਰਾਜੈਕਟਾਂ ਤੋਂ ਇਲਾਵਾ ਕੜਛਮ ਵਾਂਗਤੂ, ਕੋਲ ਡੈਮ, ਨਾਥਪਾ-ਝਾਖੜੀ, ਰਾਮਪੁਰ ਅਤੇ ਭਾਖੜਾ 'ਚ ਵੀ ਬਿਜਲੀ ਦਾ ਉਤਪਾਦਨ ਬਹੁਤ ਜ਼ਿਆਦਾ ਡਿਗਿਆ ਹੈ। ਬਿਜਲੀ ਬੋਰਡ ਬਿਜਲੀ ਉਤਪਾਦਨ 'ਚ ਆਏ ਸ਼ਾਰਟਫਾਲ ਨੂੰ ਘੱਟ ਕਰਨ ਦਾ ਯਤਨ ਕਰ ਰਿਹਾ ਹੈ।
ਇਸ ਕਾਰਨ ਪਿਆ ਮੌਸਮ 'ਤੇ ਅਸਰ
ਮਾਹਿਰਾਂ ਅਨੁਸਾਰ ਬ੍ਰਹਿਮੰਡ ਦੇ ਤਾਪਮਾਨ 'ਚ ਪਿਛਲੇ ਕੁਝ ਦਹਾਕਿਆਂ ਤੋਂ ਵਾਧਾ ਹੋਇਆ ਹੈ ਅਤੇ ਇਹ ਵਾਧਾ ਹੁਣ ਤਕ ਔਸਤਨ 0.74 ਡਿਗਰੀ ਸੈਲਸੀਅਸ ਤਕ ਦਰਜ ਕੀਤਾ ਗਿਆ ਹੈ। ਸਥਾਨਕ ਪੱਧਰ 'ਤੇ ਇਹ ਹੋਰ ਵੀ ਵੱਧ ਹੋ ਸਕਦਾ ਹੈ। ਅਜਿਹੇ 'ਚ ਇਸ ਦਾ ਪ੍ਰਭਾਵ ਮੀਂਹ ਅਤੇ ਬਰਫਬਾਰੀ 'ਤੇ ਵੀ ਪਿਆ ਹੈ। ਮੀਂਹ ਦਾ ਮੁੱਖ ਕਾਰਨ ਵੈਸਟਰਨ ਡਿਸਟਰਬੈਂਸ ਦੀ ਸਰਗਰਮੀ ਰਹਿੰਦੀ ਹੈ। ਵੈਸਟਰਨ ਡਿਸਟਰਬੈਂਸ ਦੇ ਕਾਰਨ ਮੈਡੀਟੇਰੀਅਨ ਸੀ ਤੋਂ ਉੱਠਣ ਵਾਲੀਆਂ ਹਵਾਵਾਂ ਕੁਝ ਦਿਨਾਂ ਦੇ ਵਕਫੇ ਤੋਂ ਬਾਅਦ ਇਲਾਕੇ 'ਚ ਪਹੁੰਚ ਤਾਂ ਰਹੀਆਂ ਹਨ ਪਰ ਪ੍ਰੈਸ਼ਰ ਲੋਅ ਨਾ ਹੋਣ ਕਾਰਨ ਐਕਟਿਵ ਨਹੀਂ ਹੋ ਪਾ ਰਹੀਆਂ ਹਨ, ਜਿਸ ਕਾਰਨ ਮੀਂਹ ਅਤੇ ਬਰਫਬਾਰੀ ਨਹੀਂ ਹੋ ਰਹੀ ।
- ਡਾ. ਐੱਸ. ਪੀ. ਸ਼ਰਮਾ, ਸਾਬਕਾ ਖੋਜ ਡਾਇਰੈਕਟਰ ਖੇਤੀ ਯੂਨੀਵਰਸਿਟੀ

ਉਧਰ ਭਾਖੜਾ 'ਚ 31 ਫੁੱਟ ਵਧਿਆ ਪਾਣੀ ਦਾ ਪੱਧਰ
ਉਧਰ ਭਾਖੜਾ ਡੈਮ ਦੇ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ 31 ਫੁੱਟ ਵਧਿਆ ਹੈ। ਭਾਵੇਂ ਇਸ ਵਾਰ ਸੋਕੇ ਦਾ ਮੌਸਮ ਰਿਹਾ ਹੋਵੇ ਪਰ ਪਾਣੀ ਦੇ ਪੱਧਰ 'ਚ ਕੋਈ ਕਮੀ ਨਹੀਂ ਆਈ ਹੈ। ਪਿਛਲੇ ਸਾਲ 6 ਫਰਵਰੀ ਨੂੰ 1578.42 ਸੀ, ਜਦਕਿ ਅੱਜ ਦੇ ਦਿਨ 1609 ਹੈ। ਭਾਖੜਾ ਡੈਮ 'ਚ ਸਥਿਤ ਚੀਫ ਇੰਜੀਨੀਅਰ ਜੈਨਰੇਸ਼ਨ ਦਫਤਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਮੁਤਾਬਕ ਬਿਜਲੀ ਦੇ ਉਤਪਾਦਨ 'ਚ ਵੀ ਕੋਈ ਕਮੀ ਨਹੀਂ ਹੈ, ਸਗੋਂ ਬਿਜਲੀ ਦਾ ਉਤਪਾਦਨ ਪਹਿਲਾਂ ਤੋਂ ਵਧਿਆ ਹੈ।
ਛੋਟੇ ਪਾਵਰ ਪ੍ਰਾਜੈਕਟ ਚਲਾਉਣਾ ਮੁਸ਼ਕਲ ਹੋਵੇਗਾ : ਰਾਜੇਸ਼
ਪਾਵਰ ਡਿਵੈੱਲਪਰ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਬਰਫਬਾਰੀ ਨਾ ਹੋਈ ਤਾਂ ਛੋਟੇ-ਛੋਟੇ ਪਾਵਰ ਪ੍ਰੋਡਿਊਸਰ ਦਾ ਪ੍ਰਾਜੈਕਟ ਚਲਾ ਸਕਣਾ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਜ਼ਿਆਦਾਤਰ ਪ੍ਰਾਜੈਕਟ 'ਚ ਹੁਣ 10  ਫੀਸਦੀ ਤਕ ਹੀ ਉਤਪਾਦਨ ਰਹਿ ਗਿਆ ਹੈ, ਜਦਕਿ ਪ੍ਰਾਜੈਕਟ ਨੂੰ ਚਲਾਉਣ 'ਤੇ ਲਾਗਤ ਪੂਰੀ ਦੇਣੀ ਪੈ ਰਹੀ ਹੈ ਜੇਕਰ ਬਰਫਬਾਰੀ ਅਤੇ ਮੀਂਹ ਨਹੀਂ ਪੈਂਦਾ ਹੈ ਤਾਂ ਗਰਮੀਆਂ 'ਚ ਵੀ ਬਿਜਲੀ ਉਤਪਾਦਨ ਬਹੁਤ ਜ਼ਿਆਦਾ ਡਿਗ ਜਾਵੇਗਾ।
ਕਾਰਨ ਮੀਂਹ ਘੱਟ ਪੈਣਾ
ਦੱਸਿਆ ਜਾਂਦਾ ਹੈ ਕਿ ਮੀਂਹ ਘੱਟ ਹੋਣ ਤੋਂ ਪਹਿਲਾਂ ਹੀ ਚਮੇਰਾ-2 ਜਲ ਬਿਜਲੀ ਪ੍ਰਾਜੈਕਟ ਆਪਣੇ ਨਿਰਧਾਰਿਤ ਬਿਜਲੀ ਉਤਪਾਦਨ ਦੇ ਟੀਚੇ ਨੂੰ ਹਾਸਲ ਕਰਨ 'ਚ ਕਾਮਯਾਬ ਨਹੀਂ ਹੋ ਸਕਿਆ ਸੀ ਤਾਂ ਹੁਣ ਸਰਦੀਆਂ ਵੀ ਉਸ 'ਤੇ ਭਾਰੀ ਪੈਣ ਲੱਗੀਆਂ ਹਨ। ਉਕਤ ਜਲ ਬਿਜਲੀ ਪ੍ਰਾਜੈਕਟ ਨੂੰ ਹਰ ਦਿਨ ਕਰੋੜਾਂ ਰੁਪਏ ਦਾ ਨੁਕਸਾਨ ਉਠਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਚਮੇਰਾ-1 ਖੈਰੀ ਪਾਵਰ ਸਟੇਸ਼ਨ ਆਪਣੇ ਨਿਰਧਾਰਿਤ ਟੀਚੇ ਤੋਂ 10 ਮਿਲੀਅਨ ਯੂਨਿਟ ਬਿਜਲੀ ਘੱਟ ਪੈਦਾ ਕਰ ਸਕਿਆ। ਐੱਨ. ਐੱਚ. ਪੀ. ਸੀ. ਦਾ ਕਹਿਣਾ ਹੈ ਕਿ ਜੇਕਰ ਇਹੀ ਸਥਿਤੀ ਬਣੀ ਰਹੀ ਤਾਂ ਲੀਨ ਪੀਰੀਅਡ ਦਾ ਇਹ ਹੁਣ ਤਕ ਦਾ ਸਭ ਤੋਂ ਘੱਟ ਬਿਜਲੀ ਪੈਦਾ ਕਰਨ ਵਾਲਾ ਸਾਲ ਬਣ ਜਾਵੇਗਾ।
ਇੰਨਾ ਨਹੀਂ ਘਟਦਾ ਸੀ ਪਾਣੀ
ਕੁੱਲੂ ਦੇ ਸੇਊਬਾਗ ਨਿਵਾਸੀ ਵਿਕਰਾਂਤ, ਸੰਜੀਵ ਉਪਾਧਿਆਏ, ਵੀਰ ਸਿੰਘ, ਰਾਜ ਕੁਮਾਰ, ਸੁਰਿੰਦਰ, ਤਲੋਗੀ ਵਾਸੀ, ਰਵੀ, ਕੁਬੇਰ ਸਿੰਘ, ਜਿਆ ਨਿਵਾਸੀ ਚਾਂਦ, ਸੰਜੀਵ ਸ਼ਰਮਾ, ਸੁਰੇਸ਼ ਕੁਮਾਰ ਸ਼ਰਮਾ, ਨਿਤਿਨ ਅਤੇ ਅਰਵਿੰਦ ਨੇ ਕਿਹਾ ਕਿ ਇਨ੍ਹੀਂ ਦਿਨੀਂ ਬਿਆਸ ਨਦੀ ਦਾ ਪਾਣੀ ਕਾਫੀ ਘਟ ਗਿਆ ਹੈ। ਸਰਦੀਆਂ ਵਿਚ ਬਿਆਸ ਨਦੀ ਦਾ ਪਾਣੀ ਘੱਟ ਹੁੰਦਾ ਸੀ ਪਰ ਇਸ ਵਾਰ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਘਟਿਆ ਹੈ, ਅਜਿਹਾ ਪਹਿਲੀ ਵਾਰ ਹੋਇਆ ਹੈ। ਇਹ ਮੀਂਹ ਅਤੇ ਬਰਫਬਾਰੀ ਨਾ ਹੋਣ ਕਾਰਨ ਹੋਇਆ ਹੋਵੇਗਾ। ਦਸੰਬਰ ਅਤੇ ਜਨਵਰੀ 'ਚ ਉੱਚੀਆਂ ਚੋਟੀਆਂ 'ਤੇ ਜੰਮ ਕੇ ਬਰਫਬਾਰੀ ਹੁੰਦੀ ਸੀ। ਹੇਠਲੇ ਇਲਾਕਿਆਂ ਤਕ ਵੀ ਬਰਫਬਾਰੀ ਹੁੰਦੀ ਰਹੀ ਹੈ। ਇਸ ਵਾਰ ਨਾ ਤਾਂ ਮੀਂਹ ਪੈ ਰਿਹਾ ਹੈ ਅਤੇ ਨਾ ਹੀ ਬਰਫਬਾਰੀ ਹੋ ਰਹੀ ਹੈ।
ਛੋਟੇ ਪ੍ਰਾਜੈਕਟਾਂ ਦੀਆਂ ਮੁਸ਼ਕਲਾਂ ਵਧੀਆਂ ;
ਚਿਤਾਵਨੀ : ਵਾਤਾਵਰਣ ਵਿਗਿਆਨੀ ਬੋਲੇ, ਘਟੇਗਾ ਜ਼ਮੀਨੀ ਪਾਣੀ ਅਤੇ ਸੁੱਕਣਗੇ ਕੁਦਰਤੀ ਜਲ ਸੋਮੇ
ਸੰਭਲ ਜਾਓ
ਸੋਕੇ ਵਰਗੀ ਸਥਿਤੀ ਲਈ ਅਸੀਂ ਲੋਕ ਖੁਦ ਵੀ ਕਾਫੀ ਹੱਦ ਤਕ ਜ਼ਿੰਮੇਵਾਰ ਹਾਂ। ਸਾਰਿਆਂ ਨੂੰ ਆਪਣਾ ਫਰਜ਼ ਸਮਝਦੇ ਹੋਏ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦੇ ਕ੍ਰਮ ਨੂੰ ਰੋਕਣਾ ਚਾਹੀਦਾ ਹੈ। ਸੋਕੇ ਦੀ ਵਜ੍ਹਾ ਨਾਲ ਜੇਕਰ ਬਿਜਲੀ ਪ੍ਰਾਜੈਕਟਾਂ 'ਚ ਬਿਜਲੀ ਉਤਪਾਦਨ ਲਈ ਪਾਣੀ ਘੱਟ ਪੈ ਰਿਹਾ ਹੈ ਤਾਂ ਹੋਰਨਾਂ ਗੱਲਾਂ ਲਈ ਵੀ ਪਾਣੀ ਨਹੀਂ ਮਿਲੇਗਾ। ਇਸ ਨਾਲ ਜ਼ਮੀਨੀ ਪਾਣੀ ਵੀ ਘਟੇਗਾ ਅਤੇ ਕੁਦਰਤੀ ਜਲ ਸੋਮੇ ਵੀ ਸੁੱਕ ਜਾਣਗੇ। ਸਿੰਚਾਈ ਤੇ ਪੀਣ ਲਈ ਵੀ ਪਾਣੀ ਦੀ ਕਿੱਲਤ ਝੱਲਣੀ ਪੈ ਸਕਦੀ ਹੈ। ਸੋਕਾ ਪੈਣ ਦੇ ਪਿੱਛੇ ਕੁਲ ਮਿਲਾ ਕੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦੇ ਕ੍ਰਮ ਨੂੰ ਹੀ ਮੁੱਖ ਕਾਰਨ ਮੰਨਿਆ ਜਾ ਸਕਦਾ ਹੈ।  —ਡਾ. ਜੇ. ਸੀ. ਕੁਨਿਯਾਲ, ਸੀਨੀਅਰ ਵਿਗਿਆਨੀ, ਜੀ. ਬੀ. ਪੰਤ ਰਾਸ਼ਟਰੀ ਅਤੇ ਵਿਕਾਸ ਸੰਸਥਾ ਹਿਮਾਚਲ ਖੇਤਰੀ ਕੇਂਦਰ ਮੌਹਲ ਕੁੱਲੂ।
ਉਤਪਾਦਨ ਘਟਿਆ ਹੈ ਪਰ ਟੀਚਾ ਪੂਰਾ ਕਰਾਂਗੇ : ਜਨਰਲ ਮੈਨੇਜਰ
ਪਾਰਵਤੀ ਪ੍ਰਾਜੈਕਟ ਪੜਾਅ 3 ਦੇ ਜਨਰਲ ਮੈਨੇਜਰ ਸੀ. ਬੀ. ਸਿੰਘ ਕਹਿੰਦੇ ਹਨ ਕਿ ਪਾਰਵਤੀ ਪ੍ਰਾਜੈਕਟ ਪੜਾਅ 3 ਨੇ ਬੀਤੇ ਸਾਲ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਉਤਪਾਦਨ ਦੇ ਟੀਚੇ ਨੂੰ ਪੂਰਾ ਕੀਤਾ ਹੈ। ਇਨ੍ਹੀਂ ਦਿਨੀਂ ਬਿਜਲੀ ਉਤਪਾਦਨ 'ਚ ਗਿਰਾਵਟ ਜ਼ਰੂਰ ਹੈ ਪਰ ਡੀ. ਪੀ. ਆਰ. ਮੁਤਾਬਕ ਅੰਦਾਜ਼ੇ ਤੋਂ ਵੱਧ ਉਤਪਾਦਨ ਹੈ। ਇਸ ਸਾਲ ਵੀ ਪਾਰਵਤੀ ਪ੍ਰਾਜੈਕਟ ਉਤਪਾਦਨ ਟੀਚੇ ਨੂੰ ਵਿੰਨ੍ਹਣ ਤੋਂ ਨਹੀਂ ਖੁੰਝੇਗਾ।
ਪਾਰਵਤੀ-ਬਿਆਸ ਦੇ ਕਈ ਸਹਾਇਕ ਨਾਲੇ ਸੁੱਕੇ
ਕੁੱਲੂ ਜ਼ਿਲੇ 'ਚ ਟਾਰਗੈੱਟ ਅਚੀਵ ਕਰਨ ਲਈ ਜਲ ਬਿਜਲੀ ਪ੍ਰਾਜੈਕਟਾਂ ਨੂੰ ਜਿੰਨੇ ਪਾਣੀ ਦੀ ਲੋੜ ਹੈ, ਓਨਾ ਪਾਣੀ ਨਹੀਂ ਮਿਲ ਰਿਹਾ ਹੈ। ਮੀਂਹ ਅਤੇ ਬਰਫਬਾਰੀ ਨਾ ਹੋਣ ਨਾਲ ਹੋਰ ਕਈ ਚੀਜ਼ਾਂ ਵੀ ਪ੍ਰਭਾਵਿਤ ਹੋਈਆਂ ਹਨ। ਪੰਡੋਹ ਡੈਮ ਅਤੇ ਲਾਰਜੀ ਡੈਮ ਸਮੇਤ ਹੋਰ ਬੰਨ੍ਹਾਂ ਤੋਂ ਇਲਾਵਾ ਪਾਣੀ ਤੈਅ ਹਿੱਸੇ ਅਨੁਸਾਰ ਛੱਡਿਆ ਜਾ ਰਿਹਾ ਹੈ ਪਰ ਮੀਂਹ 'ਚ ਓਵਰਫਲੋ ਦੀ ਸਥਿਤੀ 'ਚ ਸਾਰੇ ਦੁਆਰ ਖੋਲ੍ਹਣੇ ਪੈਂਦੇ ਹਨ। ਦਸੰਬਰ ਅਤੇ ਜਨਵਰੀ ਦੇ ਮਹੀਨੇ 'ਚ ਉੱਚੀਆਂ ਚੋਟੀਆਂ 'ਤੇ ਜੰਮ ਕੇ ਬਰਫਬਾਰੀ ਹੋਣ ਤੋਂ ਬਾਅਦ ਇਨ੍ਹੀਂ ਦਿਨੀਂ ਅਮੂਮਨ ਨਦੀਆਂ-ਨਾਲਿਆਂ 'ਚ ਪਾਣੀ ਵਧ ਜਾਂਦਾ ਸੀ। ਹਾਲਾਂ ਕਿ ਸਰਦੀਆਂ 'ਚ ਨਦੀਆਂ-ਨਾਲਿਆਂ ਦਾ ਜਲ ਪੱਧਰ ਘਟ ਜਾਂਦਾ ਹੈ ਪਰ ਜੇਕਰ ਮੀਂਹ ਅਤੇ ਬਰਫਬਾਰੀ ਦਾ ਕ੍ਰਮ ਜਾਰੀ ਰਹੇ ਤਾਂ ਅਜਿਹੀ ਦੁਰਦਸ਼ਾ ਨਹੀਂ ਹੁੰਦੀ ਸੀ। ਇਨ੍ਹੀਂ ਦਿਨੀਂ ਕੁੱਲੂ 'ਚ ਪਾਰਵਤੀ ਅਤੇ ਬਿਆਸ ਨਦੀਂ ਦੇ ਕਈ ਸਹਾਇਕ ਨਾਲੇ ਤਾਂ ਪੂਰੀ ਤਰ੍ਹਾਂ ਸੁੱਕ ਗਏ ਹਨ। ਬਿਆਸ ਨਦੀ 'ਚ ਪਾਣੀ ਕਾਫੀ ਘੱਟ ਹੋ ਗਿਆ ਹੈ।
ਬਿਜਲੀ ਪ੍ਰਾਜੈਕਟਾਂ ਦੀ ਇਹ ਹਾਲਤ
ਪਾਰਵਤੀ ਜਲ ਬਿਜਲੀ ਪ੍ਰਾਜੈਕਟ ਸੈਂਜ ਬੰੰਨ੍ਹ ਤੋਂ ਇਨ੍ਹੀਂ ਦਿਨੀਂ ਰੋਜ਼ਾਨਾ ਵੱਧ ਤੋਂ ਵੱਧ 15 ਕਿਊਬਿਕ ਮਿ. ਲਿ. ਪਾਣੀ ਡਿਸਚਾਰਜ ਕੀਤਾ ਜਾ ਰਿਹਾ ਹੈ, ਜਿਸਦੀ ਸਮਰੱਥਾ ਲਗਭਗ ਇਕ ਮਿਲੀਅਨ ਯੂਨਿਟ ਬਿਜਲੀ ਉਤਪਾਦਨ ਦੀ ਹੈ, ਜਦਕਿ ਜੂਨ-ਜੁਲਾਈ 'ਚ 150 ਤੋਂ 200 ਮਿ. ਲਿ. ਪਾਣੀ ਹਰ ਰੋਜ਼ ਡਿਸਚਾਰਜ ਹੁੰਦਾ ਹੈ। ਇਸ ਦਾ ਔਸਤਨ ਬਿਜਲੀ ਉਤਪਾਦਨ 12 ਤੋਂ 15 ਮਿਲੀਅਨ ਯੂਨਿਟ ਰਹਿੰਦਾ ਹੈ। ਹਿਮਾਚਲ ਪਾਵਰ ਨਿਗਮ ਦੇ 126 ਮੈਗਾਵਾਟ ਲਾਰਜੀ ਪ੍ਰਾਜੈਕਟ 'ਚ ਪਾਣੀ ਦੀ ਕਮੀ ਨਾਲ ਇਨ੍ਹੀਂ ਦਿਨੀਂ 25 ਤੋਂ 30 ਮੈਗਾਵਾਟ ਅਤੇ ਟ੍ਰਾਇਲ 'ਤੇ ਚਲਾਈ ਗਈ 100 ਮੈਗਾਵਾਟ ਸੈਂਜ ਪ੍ਰਾਜੈਕਟ 'ਚ 20 ਤੋਂ 25 ਮੈਗਾਵਾਟ ਔਸਤ ਬਿਜਲੀ ਉਤਪਾਦਨ ਹੋ ਰਿਹਾ ਹੈ। ਇਸੇ ਤਰ੍ਹਾਂ ਪਾਰਵਤੀ ਪ੍ਰਾਜੈਕਟ ਦੇ ਹੋਰ ਪੜਾਵਾਂ, ਏ. ਡੀ. ਹਾਈਡ੍ਰੋ ਅਤੇ ਮਲਾਣਾ ਪ੍ਰਾਜੈਕਟ ਸਮੇਤ ਹੋਰ ਜਲ ਬਿਜਲੀ ਪ੍ਰਾਜੈਕਟਾਂ 'ਚ ਵੀ ਬਿਜਲੀ ਉਤਪਾਦਨ 'ਚ ਭਾਰੀ ਗਿਰਾਵਟ ਆਈ ਹੈ।
ਪੰਜਾਬ 'ਤੇ ਪਏਗਾ ਅਸਰ
ਇਸ ਵਾਰ ਹਿਮਾਚਲ 'ਚ ਘੱਟ ਮੀਂਹ ਅਤੇ ਬਰਫਬਾਰੀ ਹੋਣ ਨਾਲ ਪੰਜਾਬ 'ਤੇ ਵੀ ਅਸਰ ਪਏਗਾ। ਮੀਂਹ ਅਤੇ ਬਰਫਬਾਰੀ ਤੋਂ ਬਿਨਾਂ ਪਹਾੜ ਵੀ ਸੁੱਕੇ ਪਏ ਹੋਏ ਹਨ। ਨਦੀਆਂ ਅਤੇ ਨਾਲਿਆਂ ਦਾ ਵੀ ਜਲ ਪੱਧਰ ਘਟਿਆ ਹੈ। ਨਦੀਆਂ ਦੇ ਸਹਾਇਕ ਕਈ ਨਾਲੇ ਤਾਂ ਬਿਲਕੁਲ ਹੀ ਸੁੱਕ ਗਏ ਹਨ। ਅਜਿਹੇ 'ਚ ਆਉਣ ਵਾਲੀਆਂ ਗਰਮੀਆਂ 'ਚ ਜਲ ਸੰਕਟ ਡੂੰਘਾ ਹੋਣ ਦੇ ਆਸਾਰ ਬਣੇ ਹੋਏ ਹਨ। ਪਹਾੜਾਂ 'ਤੇ ਬਰਫਬਾਰੀ ਨਾ ਹੋਣ ਨਾਲ ਨਦੀਆਂ-ਨਾਲਿਆਂ 'ਚ ਲੋੜੀਂਦਾ ਪਾਣੀ ਨਹੀਂ ਹੋਵੇਗਾ, ਇਨ੍ਹਾਂ ਦੇ ਜਲ ਪੱਧਰ 'ਚ ਗਿਰਾਵਟ ਆਏਗੀ। ਪੰਜਾਬ 'ਚ ਬਿਆਸ, ਸਤਲੁਜ, ਰਾਵੀ, ਝਨਾ ਅਤੇ ਜੇਹਲਮ ਆਦਿ ਪ੍ਰਮੱਖ ਨਦੀਆਂ ਹਨ। ਇਨ੍ਹਾਂ ਦਾ ਜਲ ਪੱਧਰ ਘੱਟ ਹੋਣ ਨਾਲ ਸਿੰਚਾਈ ਅਤੇ ਬਿਜਲੀ ਉਤਪਾਦਨ 'ਤੇ ਅਸਰ ਪਏਗਾ। ਪੰਜਾਬ 'ਚ ਜਲ ਪੱਧਰ 'ਤੇ ਵੀ ਪ੍ਰਭਾਵ ਪੈ ਸਕਦਾ ਹੈ।


Related News