ਪੁਲਸ ਵਾਲੇ ਨੇ ਪਿਓ-ਪੁੱਤ 'ਤੇ ਚਲਾਈਆਂ ਗੋਲੀਆਂ, ਪਿੰਡ 'ਚ ਫੈਲੀ ਦਹਿਸ਼ਤ
Thursday, Oct 10, 2024 - 12:40 PM (IST)
ਮਾਛੀਵਾੜਾ ਸਾਹਿਬ (ਟੱਕਰ) : ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਪੰਜੇਟਾ ਵਿਖੇ ਪੁਲਸ ਮੁਲਾਜ਼ਮ ਨੇ ਆਪਣੇ ਗੁਆਂਢ 'ਚ ਰਹਿੰਦੇ ਜਗਦੀਪ ਸਿੰਘ ਤੇ ਉਸਦੇ ਪੁੱਤਰ ਰਮਨਪ੍ਰੀਤ ਸਿੰਘ ’ਤੇ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਦੋਵੇਂ ਪਿਓ-ਪੁੱਤ ਬੁਰੀ ਤਰ੍ਹਾਂ ਜਖ਼ਮੀ ਹੋ ਗਏ। ਸਮਰਾਲਾ ਹਸਪਤਾਲ ਵਿਖੇ ਇਲਾਜ ਅਧੀਨ ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਬੀਤੀ ਦੇਰ ਸ਼ਾਮ ਆਪਣੇ ਇੱਕ ਦੋਸਤ ਨਾਲ ਖੇਤਾਂ ਤੋਂ ਵਾਪਸ ਪਿੰਡ ਪਰਤ ਰਿਹਾ ਸੀ। ਉਨ੍ਹਾਂ ਦੇ ਗੁਆਂਢ 'ਚ ਰਹਿੰਦੇ ਪੁਲਸ ਮੁਲਾਜ਼ਮ ਪਵਿੱਤਰ ਸਿੰਘ ਨੇ ਉਨ੍ਹਾਂ 'ਤੇ ਕਾਰ ਚੜ੍ਹਾ ਦਿੱਤੀ ਅਤੇ ਉਹ ਖੇਤਾਂ 'ਚ ਜਾ ਡਿੱਗੇ। ਜਦੋਂ ਉਹ ਉੱਠੇ ਤਾਂ ਪਵਿੱਤਰ ਸਿੰਘ ਨੇ ਉਨ੍ਹਾਂ ’ਤੇ ਗੋਲੀ ਚਲਾ ਦਿੱਤੀ ਅਤੇ ਲਗਾਤਾਰ 2 ਫਾਇਰ ਕੀਤੇ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਰਤਨ ਟਾਟਾ ਦੇ ਦਿਹਾਂਤ 'ਤੇ ਪ੍ਰਗਟਾਇਆ ਦੁੱਖ
ਗੋਲੀ ਚਲਾਉਣ ਤੋਂ ਬਾਅਦ ਪਵਿੱਤਰ ਸਿੰਘ ਉੱਥੋਂ ਚਲਾ ਗਿਆ ਤੇ ਉਹ ਭੱਜ ਕੇ ਆਪਣੀ ਖੇਤਾਂ ਵਾਲੀ ਮੋਟਰ ’ਤੇ ਪਿਤਾ ਕੋਲ ਆ ਗਏ। ਇਸ ਤੋਂ ਬਾਅਦ ਉਹ ਮੋਟਰਸਾਈਕਲ ’ਤੇ ਸਵਾਰ ਹੋ ਕੇ ਹਸਪਤਾਲ ਰਵਾਨਾ ਹੋ ਗਏ। ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਰਸਤੇ ਵਿਚ ਫਿਰ ਪੁਲਸ ਮੁਲਾਜ਼ਮ ਨੇ ਉਨ੍ਹਾਂ ਵਿਚ ਲਿਆ ਕੇ ਗੱਡੀ ਮਾਰੀ ਅਤੇ ਉਨ੍ਹਾਂ ’ਤੇ ਫਿਰ ਇੱਕ ਗੋਲੀ ਚਲਾਈ। ਇੱਥੇ ਉਸ ਨਾਲ ਉਨ੍ਹਾਂ ਦਾ ਕਾਫ਼ੀ ਝਗੜਾ ਹੋਇਆ ਅਤੇ ਰਮਨਪ੍ਰੀਤ ਨੇ ਉਸ ਤੋਂ ਰਿਵਾਲਵਰ ਖੋਹਣ ਦੀ ਕੋਸ਼ਿਸ਼ ਤਾਂ ਜੋ ਉਹ ਦੁਬਾਰਾ ਗੋਲੀ ਨਾ ਚਲਾ ਸਕੇ ਪਰ ਇਸ ਦੌਰਾਨ ਪਿੰਡ ਵਾਸੀ ਇਕੱਠੇ ਹੋ ਗਏ। ਉਸਨੇ ਦੱਸਿਆ ਕਿ ਗੋਲੀ ਉਸਦੇ ਸਿਰ ਕੋਲ ਲੱਗੀ ਜੋ ਕਿ ਪੁਲਸ ਵਾਲੇ ਨੇ ਆਪਣੀ ਸਰਕਾਰੀ ਰਿਵਾਲਵਰ ’ਚੋਂ ਚਲਾਈ। ਹਸਪਤਾਲ ਵਿਚ ਇਲਾਜ ਅਧੀਨ ਰਮਨਪ੍ਰੀਤ ਸਿੰਘ ਦੇ ਪਿਤਾ ਜਗਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਜਖ਼ਮੀ ਹੋਏ ਪੁੱਤਰ ਨੂੰ ਇਲਾਜ ਲਈ ਹਸਪਤਾਲ ਲਿਜਾ ਰਹੇ ਸਨ ਤਾਂ ਰਸਤੇ ਵਿਚ ਘੇਰ ਕੇ ਪੁਲਸ ਮੁਲਾਜ਼ਮ ਪਵਿੱਤਰ ਸਿੰਘ ਨੇ ਮੇਰੇ ’ਤੇ ਰਿਵਾਲਵਰ ਦੇ ਬੱਟ ਨਾਲ ਸਿਰ ’ਤੇ ਸੱਟ ਮਾਰੀ, ਜਿਸ ਕਾਰਨ ਉਸ ਦੇ ਟਾਂਕੇ ਲੱਗੇ।
ਇਹ ਵੀ ਪੜ੍ਹੋ : ਪੰਜਾਬ 'ਚ ਪੰਚਾਇਤੀ ਚੋਣਾਂ ਦੇ ਮਾਮਲੇ 'ਤੇ ਸੁਣਵਾਈ ਅੱਜ, 100 ਤੋਂ ਵੱਧ ਪਟੀਸ਼ਨਾਂ ਦਾਇਰ
ਜਗਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਗੁਆਂਢ ’ਚ ਰਹਿੰਦੇ ਪਵਿੱਤਰ ਸਿੰਘ ਨਾਲ ਕੋਈ ਵੀ ਰੰਜਿਸ਼ ਨਹੀਂ ਹੈ, ਉਸਨੇ ਸਾਡੇ ’ਤੇ ਜਾਨਲੇਵਾ ਹਮਲਾ ਕਿਉਂ ਕੀਤਾ, ਇਸ ਬਾਰੇ ਤਾਂ ਉਹ ਹੀ ਦੱਸ ਸਕਦਾ ਹੈ। ਜਖ਼ਮੀ ਹੋਏ ਪਿਓ-ਪੁੱਤਰ ਨੇ ਪੁਲਸ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸਰਕਾਰੀ ਰਿਵਾਲਵਰ ਨਾਲ ਉਨ੍ਹਾਂ ’ਤੇ ਹਮਲਾ ਕਰਨ ਵਾਲੇ ਪੁਲਸ ਮੁਲਾਜ਼ਮ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਇਹ ਪੁਲਸ ਮੁਲਾਜ਼ਮ ਜੱਜ ਨਾਲ ਗੰਨਮੈਨ ਵਜੋਂ ਤਾਇਨਾਤ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੂੰਮਕਲਾਂ ਮੁਖੀ ਜਗਦੀਪ ਸਿੰਘ ਤੇ ਉੱਚ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8