ਚੈਕਿੰਗ ਲਈ ਨਹੀਂ ਰੁਕਿਆ ਤਾਂ ਪੁਲਸ ਮੁਲਾਜ਼ਮ ਨੇ ਨੌਜਵਾਨ ਦੇ ਸਿਰ ’ਚ ਮਾਰਿਆ ਡੰਡਾ
Tuesday, Aug 07, 2018 - 06:55 AM (IST)

ਜਲੰਧਰ, (ਮਹੇਸ਼)- ਲੰਮਾ ਪਿੰਡ ਚੌਕ ਨਜ਼ਦੀਕ ਨਾਕੇ ’ਤੇ ਜਦ ਇਕ ਨੌਜਵਾਨ ਚੈਕਿੰਗ ਲਈ ਨਹੀਂ ਰੁਕਿਆ ਤਾਂ ਇਕ ਮੁਲਾਜ਼ਮ ਨੇ ਉਸ ਦੇ ਸਿਰ ’ਚ ਡੰਡਾ ਮਾਰ ਦਿੱਤਾ, ਜਿਸ ਦੌਰਾਨ ਉਸ ਦੇ ਸਿਰ ’ਚੋਂ ਖੂਨ ਨਿਕਲਣ ਲੱਗਾ। ਪੁਲਸ ਮੁਲਾਜ਼ਮ ਦੀ ਇਸ ਧੱਕੇਸ਼ਾਹੀ ’ਚੋਂ ਗੁਜ਼ਰ ਰਹੇ ਲੋਕਾਂ ਨੇ ਨੌਜਵਾਨ ਦੇ ਪੱਖ ’ਚ ਇਕੱਠੇ ਹੋ ਕੇ ਹੰਗਾਮਾ ਕੀਤਾ। ਜਾਣਕਾਰੀ ਮੁਤਾਬਕ ਥਾਣਾ ਰਾਮਾ ਮੰਡੀ ਦੇ ਏ. ਐੱਸ. ਆਈ. ਜੋਗਾ ਸਿੰਘ ਦੀ ਅਗਵਾਈ ’ਚ ਸਮਾਜ ਵਿਰੋਧੀ ਤੱਤਾਂ ’ਤੇ ਨਕੇਲ ਕੱਸਣ ਲਈ ਨਾਕਾਬੰਦੀ ਕੀਤੀ ਹੋਈ ਸੀ। ਇਸ ਲਈ ਬਿਨਾਂ ਤੇਜ਼ ਰਫਤਾਰ ਨਾਲ ਬਾਈਕ ’ਤੇ ਜਾ ਰਹੇ ਇਕ ਨੌਜਵਾਨ ਨੂੰ ਪੁਲਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ਪਰ ਉਸ ਨੇ ਰੁਕਣ ਦੀ ਬਜਾਏ ਬਾਈਕ ਹੋਰ ਤੇਜ਼ ਕਰ ਲਈ ਤੇ ਉਥੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਗੁੱਸੇ ’ਚ ਆਏ ਪੁਲਸ ਮੁਲਾਜ਼ਮ ਨੇ ਨੌਜਵਾਨ ਦੇ ਸਿਰ ’ਚ ਡੰਡਾ ਮਾਰ ਦਿੱਤਾ, ਜਿਸ ਤੋਂ ਬਾਅਦ ਉਹ ਡਿੱਗ ਗਿਆ ਤੇ ਜ਼ਖਮੀ ਹੋ ਗਿਆ। ਪਤਾ ਲੱਗਾ ਹੈ ਕਿ ਅਮਨਦੀਪ ਸਿੰਘ ਨਾਮਕ ਉਕਤ ਨੌਜਵਾਨ ਸ਼ੇਖੇ ਪਿੰਡ ’ਚ ਨਸ਼ਾ ਛੱਡਣ ਸਬੰਧੀ ਦਵਾਈ ਲੈਣ ਜਾ ਰਿਹਾ ਸੀ, ਜਿਸ ਦੀ ਪੁਸ਼ਟੀ ਉਸ ਨੇ ਖੁਦ ਕੀਤੀ ਹੈ।
ਐੱਸ. ਐੱਚ. ਓ. ਨੇ ਦੋਸ਼ਾਂ ਨੂੰ ਨਕਾਰਿਆ
ਐੱਸ. ਐੱਚ. ਓ. ਰਾਮਾ ਮੰਡੀ ਰੁਪਿੰਦਰ ਸਿੰਘ ਨੇ ਕਿਹਾ ਕਿ ਬਾਈਕ ਸਵਾਰ ਨੌਜਵਾਨ ਨੂੰ ਕਿਸੇ ਵੀ ਪੁਲਸ ਮੁਲਾਜ਼ਮ ਨੇ ਡੰਡਾ ਨਹੀਂ ਮਾਰਿਆ ਹੈ। ਉਸ ਨੇ ਹੈਲਮੇਟ ਨਹੀਂ ਪਾਇਆ ਹੋਇਆ ਸੀ। ਉਸ ਵੱਲੋਂ ਪੁਲਸ ਪਾਰਟੀ ’ਤੇ ਲਾਏ ਗਏ ਦੋਸ਼ ਬਿਲਕੁਲ ਗਲਤ ਹਨ। ਉਸ ਨੂੰ ਚੈਕਿੰਗ ਲਈ ਰੁਕਣ ਵਾਸਤੇ ਕਿਹਾ ਸੀ ਤਾਂ ਉਸ ਨੇ ਪੁਲਸ ਪਾਰਟੀ ਨੂੰ ਚਕਮਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਉਹ ਤੇਜ਼ ਰਫਤਾਰ ਬਾਈਕ ਲੈ ਕੇ ਭੱਜਿਆ ਤਾਂ ਕੁਝ ਹੀ ਦੂਰੀ ’ਤੇ ਉਸ ਦਾ ਬਾਈਕ ਬੇਕਾਬੂ ਹੋ ਗਿਆ ਤਾਂ ਉਹ ਹੇਠਾਂ ਡਿੱਗਣ ਤੋਂ ਬਾਅਦ ਨਜ਼ਦੀਕ ਲੱਗੇ ਇਕ ਖੰਭੇ ’ਚ ਟਕਰਾ ਗਿਆ ਤੇ ਜ਼ਖਮੀ ਹੋ ਗਿਆ। ਉਸ ਦਾ ਪੁਲਸ ਨੇ ਇਲਾਜ ਕਰਵਾ ਕੇ ਉਸ ਨੂੰ ਘਰ ਭੇਜ ਦਿੱਤਾ।