ਪੁਲਸ ਨੇ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰ ''ਚ ਦਾਖ਼ਲ ਕਰਵਾਉਣਾ ਕੀਤਾ ਸ਼ੁਰੂ

Sunday, Jul 07, 2024 - 06:19 PM (IST)

ਪੁਲਸ ਨੇ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰ ''ਚ ਦਾਖ਼ਲ ਕਰਵਾਉਣਾ ਕੀਤਾ ਸ਼ੁਰੂ

ਗੁਰਦਾਸਪੁਰ (ਹਰਮਨ)-ਥਾਣਾ ਸਿਟੀ ਗੁਰਦਾਸਪੁਰ ਦੀ ਪੁਲਸ ਨੇ ਨਸ਼ੇ ਦੀ ਵਿਕਰੀ ਦੀ ਰੋਕਥਾਮ ਦੇ ਨਾਲ-ਨਾਲ ਨਸ਼ੇੜੀਆਂ ਨੂੰ ਸੁਧਾਰਨ ਲਈ ਵੀ ਇਕ ਨਵਾਂ ਸ਼ਲਾਘਾਯੋਗ ਕਦਮ ਚੁੱਕਿਆ ਹੈ। ਇਸ ਤਹਿਤ ਨਸ਼ੇੜੀਆਂ ’ਤੇ ਮਾਮਲਾ ਦਰਜ ਕਰਨ ਦੀ ਬਜਾਏ ਉਨ੍ਹਾਂ ਨੂੰ ਫੜ ਕੇ ਨਸ਼ਾ ਛੁਡਾਊ ਕੇਂਦਰ ’ਚ ਦਾਖਲ ਕਰਵਾਇਆ ਜਾ ਰਿਹਾ ‌ਹੈ ਅਤੇ ਇਸ ਲਈ ਨਸ਼ੇ ਦੇ ਆਦੀ ਨੌਜਵਾਨਾਂ ਦੀ ਹੀ ਨਹੀਂ, ਉਨ੍ਹਾਂ ਦੇ ਮਾਤਾ ਪਿਤਾ ਦੀ ਵੀ ਕਾਊਂਸਲਿੰਗ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਗੁਰਦਾਸਪੁਰ ਦੇ ਐੱਸ. ਐੱਚ. ਓ. ਗੁਰਮੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਥਾਣਾ ਸਿਟੀ ਗੁਰਦਾਸਪੁਰ ਵੱਲੋਂ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਗੁਰਦਾਸਪੁਰ ’ਚ ਨਸ਼ੇ ਦੇ ਆਦੀ 5 ਨੌਜਵਾਨਾਂ ਨੂੰ ਦਾਖਲ ਕਰਵਾਇਆ ਗਿਆ ਸੀ ਅਤੇ ਅੱਜ ਵੀ 6 ਹੋਰ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਇਥੇ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ- ਆਸਟ੍ਰੇਲੀਆ ਸੜਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, 2 ਧੀਆਂ ਦਾ ਪਿਓ ਸੀ ਨੌਜਵਾਨ

ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚੋਂ ਕੁਝ ਉਹ ਨੌਜਵਾਨ ਹਨ, ਜਿਨ੍ਹਾਂ ਦੀਆਂ ਨਸ਼ਾ ਕਰਦਿਆਂ ਦੀਆਂ ਵੀਡੀਓ ਵਾਇਰਲ ਹੋਈਆਂ ਸੀ ਅਤੇ ਪੁਲਸ ਵੱਲੋਂ ਪਛਾਣ ਕਰ ਕੇ ਉਨ੍ਹਾਂ ਨੂੰ ਲੱਭ ਕੇ ਇਥੇ ਦਾਖਲ ਕਰਵਾਇਆ ਗਿਆ ਹੈ, ਜਦੋਂਕਿ ਕੁਝ ਨੌਜਵਾਨਾਂ ਬਾਰੇ ਇਹ ਪਤਾ ਲੱਗਣ ’ਤੇ ਕਿ ਉਹ ਨਸ਼ੇ ਦੇ ਆਦੀ ਹਨ, ਉਨ੍ਹਾਂ ਦੇ ਮਾਪਿਆਂ ਦੀ ਕਾਊਂਸਲਿੰਗ ਕਰਨ ਤੋਂ ਬਾਅਦ ਉਨ੍ਹਾਂ ਨੂੰ ਦਾਖਲ ਹੋਣ ਲਈ ਮਨਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ’ਚ ਉਨ੍ਹਾਂ ਦਾ ਮੁਫਤ ਇਲਾਜ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ ਇਕ ਚੰਗੀ ਜ਼ਿੰਦਗੀ ਜਿਊਣ ਦਾ ਮੌਕਾ ਦਿੱਤਾ ਜਾਵੇਗਾ, ਨਾਲ ਹੀ ਉਨ੍ਹਾਂ ਨਸ਼ੇ ਦੇ ਆਦੀ ਨੌਜਵਾਨਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚੇ ਦੀ ਨਸ਼ੇ ਦੀ ਆਦਤ ਲੁਕਾਉਣ ਦੀ ਬਜਾਏ ਉਨ੍ਹਾਂ ਨੂੰ ਨਸ਼ਾ ਛੱਡ ਕਿ ਆਮ ਜ਼ਿੰਦਗੀ ਜਿਊਣ ਦੇ ਕਾਬਿਲ ਬਣਾਉਣ ਦੇ ਕੰਮ ’ਚ ਪੁਲਸ ਦਾ ਸਹਿਯੋਗ ਕਰਨ।

ਇਹ ਵੀ ਪੜ੍ਹੋ- ਸੰਗਰੂਰ ਤੋਂ ਵੱਡੀ ਖ਼ਬਰ, ਸਾਥੀ ਅਧਿਆਪਕਾਂ ਤੋਂ ਦੁਖੀ ਹੋ ਕੇ ਮੁੱਖ ਅਧਿਆਪਕ ਨੇ ਕੀਤੀ ਖ਼ੁਦਕੁਸ਼ੀ

ਦੂਸਰੇ ਪਾਸੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ’ਚ ਪੁਲਸ ਵੱਲੋਂ ਦਾਖਲ ਕਰਵਾਏ ਗਏ ਇਕ ਨੌਜਵਾਨ ਨੇ ਕਿਹਾ ਕਿ ਉਹ 5-6 ਸਾਲ ਤੋਂ ਨਸ਼ਾ ਕਰ ਰਿਹਾ ਹੈ ਤੇ ਈ-ਰਿਕਸ਼ਾ ਚਲਾਉਂਦਾ ਹੈ ਤੇ ਇਕ ਦਿਨ ਈ-ਰਿਕਸ਼ਾ ’ਚ ਨਸ਼ੇ ਦਾ ਇੰਜੈਕਸ਼ਨ ਲਗਾ ਰਿਹਾ ਸੀ ਕਿ ਪੁਲਸ ਦੀ ਨਜ਼ਰ ਪੈ ਗਈ ਅਤੇ ਐੱਸ. ਐੱਚ. ਓ. ਨੇ ਉਸ ਨੂੰ ਦਾਖਲ ਕਰਵਾ ਦਿੱਤਾ। ਉਸਨੇ ਕਿਹਾ ਕਿ ਉਹ ਵੀ ਨਸ਼ਾ ਛੱਡਣਾ ਚਾਹੁੰਦਾ ਸੀ ਪਰ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਸੀ।

ਇਹ ਵੀ ਪੜ੍ਹੋ- ਪੰਜਾਬ ਤੋਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ ਗੁਰਸਿੱਖ ਨੌਜਵਾਨ ਦੀ ਮੌਤ

ਐੱਸ. ਐੱਚ. ਓ. ਨੇ ਉਸਨੂੰ ਰਾਹ ਦਿਖਾਈ ਹੈ ਤੇ ਉਹ ਨਸ਼ਾ ਛੱਡ ਕੇ ਇਕ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਕਰੇਗਾ। ਉਥੇ ਹੀ ਨਸ਼ਾ ਛੁਡਾਊ ਕੇਂਦਰ ਦੇ ਪ੍ਰਾਜੈਕਟ ਡਾਇਰੈਕਟਰ ਰੋਮੇਸ਼ ਮਹਾਜਨ ਨੇ ਥਾਣਾ ਸਿਟੀ ਪੁਲਸ ਦੇ ਇਸ ਕੰਮ ਦੀ ਸ਼ਲਾਘਾ ਕੀਤੀ ‌ਅਤੇ ਕਿਹਾ ਕਿ ਪੁਲਸ ਵੱਲੋਂ ਰੈੱਡ ਕਰੋਸ ਨਸ਼ਾ ਛੁਡਾਊ ਕੇਂਦਰ ’ਚ ਦਾਖਲ ਕਰਵਾਏ ਨੌਜਵਾਨਾਂ ਦਾ ਸਹੀ ਢੰਗ ਨਾਲ ਇਲਾਜ ਕਰ ਕੇ ਉਨ੍ਹਾਂ ਨੂੰ ਇਕ ਚੰਗੇ ਇਨਸਾਨ ਅਤੇ ਪਹਿਲਾਂ ਵਾਂਗ ਆਮ ਜ਼ਿੰਦਗੀ ਜੀਣ ਦੇ ਕਾਬਿਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News