ਪ੍ਰਸ਼ਾਸਨ ਦੀ ਬੇਰੁਖੀ ਲੜਕੀਆਂ ਨੂੰ ਸੈਨੇਟਰੀ ਨੈਪਕਿਨ ਦੇਣ ਦੀ ਯੋਜਨਾ ਠੰਡੇ ਬਸਤੇ ''ਚ

12/06/2017 7:42:18 AM

ਅੰਮ੍ਰਿਤਸਰ, (ਦਲਜੀਤ)- ਜ਼ਿਲਾ ਪ੍ਰਸ਼ਾਸਨ ਵੱਲੋਂ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੀਆਂ ਲੜਕੀਆਂ ਲਈ ਸ਼ੁਰੂ ਕੀਤੀ ਗਈ ਸੈਨੇਟਰੀ ਨੈਪਕਿਨ ਦੇਣ ਦੀ ਯੋਜਨਾ ਠੰਡੇ ਬਸਤੇ ਵਿਚ ਪੈ ਗਈ ਹੈ। ਪ੍ਰਸ਼ਾਸਨ ਵੱਲੋਂ ਸ. ਸ. ਸ. ਸ. ਮਾਲ ਰੋਡ 'ਚ ਲਾਈ ਗਈ ਸੈਨੇਟਰੀ ਨੈਪਕਿਨ ਵੈਂਡਿੰਗ ਮਸ਼ੀਨ ਰਾਅ ਮਟੀਰੀਅਲ ਨਾ ਹੋਣ ਕਾਰਨ ਪਿਛਲੇ ਲਗਭਗ 8 ਮਹੀਨਿਆਂ ਤੋਂ ਬੰਦ ਪਈ ਹੈ। ਪ੍ਰਸ਼ਾਸਨ ਵੱਲੋਂ ਨਾ ਤਾਂ ਮਸ਼ੀਨ ਨੂੰ ਦੁਬਾਰਾ ਸ਼ੁਰੂ ਕਰਵਾਉਣ ਲਈ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਾ ਹੀ ਲੱਖਾਂ ਦੀ ਮਸ਼ੀਨਰੀ ਬਚਾਉਣ ਲਈ ਰਾਅ ਮਟੀਰੀਅਲ ਸਕੂਲ ਵਿਚ ਭੇਜਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ 2016 ਵਿਚ ਜ਼ਿਲਾ ਪ੍ਰਸ਼ਾਸਨ ਵੱਲੋਂ ਅਸਮਾਜਿਕ ਅਤੇ ਆਰਥਿਕ ਰੂਪ 'ਚ ਕਮਜ਼ੋਰ ਵਰਗ ਦੀਆਂ ਲੜਕੀਆਂ ਲਈ ਘੱਟ ਕੀਮਤ ਵਾਲੇ ਸੈਨੇਟਰੀ ਨੈਪਕਿਨ ਮੁਹੱਈਆ ਕਰਵਾਉਣ ਦੀ ਸ਼ੁਰੂਆਤ ਸਰਕਾਰੀ ਸੀਨੀ. ਸੈਕੰ. ਸਕੂਲ ਮਾਲ ਰੋਡ ਤੋਂ ਕੀਤੀ ਗਈ ਸੀ। ਉਸ ਸਮੇਂ ਡੀ. ਸੀ. ਰਹੇ ਰਵੀ ਭਗਤ ਅਤੇ ਉਨ੍ਹਾਂ ਦੀ ਪਤਨੀ ਡਾ. ਤਰਨਦੀਪ ਕੌਰ ਨੇ ਉਪਰੋਕਤ 'ਨਾਰੀ-ਵੀ ਕੇਅਰ' ਨਾਮਕ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਪ੍ਰਸ਼ਾਸਨ ਦਾ ਮੰਨਣਾ ਸੀ ਕਿ ਸੈਨੇਟਰੀ ਨੈਪਕਿਨ ਲੜਕੀਆਂ ਨੂੰ ਮਾਹਵਾਰੀ ਦੀ ਉਮਰ ਮੌਕੇ ਅਰੋਗਤਾ ਅਤੇ ਮਾਰਕੀਟ ਵਿਚ ਬਹੁਤ ਹੀ ਮਹਿੰਗੇ ਰੇਟ 'ਤੇ ਮਿਲਣ ਵਾਲੇ ਸੈਨੇਟਰੀ ਨੈਪਕਿਨ ਦੇ ਵਿਕਲਪ ਦੇ ਤੌਰ 'ਤੇ ਘੱਟ ਕੀਮਤ ਵਾਲੇ ਮੁਹੱਈਆ ਕਰਵਾਉਣਾ ਸੀ। ਪ੍ਰਸ਼ਾਸਨ ਵੱਲੋਂ ਸਕੂਲ ਵਿਚ ਸਫਲ ਨਤੀਜਾ ਆਉਣ ਤੋਂ ਬਾਅਦ ਹੋਰ ਸਰਕਾਰੀ ਸਕੂਲਾਂ ਵਿਚ ਇਸ ਯੋਜਨਾ ਨੂੰ ਕੰਮ ਨਾਲ ਸਬੰਧਤ ਕੀਤਾ ਜਾਣਾ ਸੀ ਅਤੇ ਉਸ ਤੋਂ ਬਾਅਦ ਪੇਂਡੂ ਖੇਤਰਾਂ ਵਿਚ ਮੁਹੱਈਆ ਕਰਵਾਏ ਜਾਣ ਦੀ ਵਿਵਸਥਾ ਸੀ।
ਸ਼ੁਰੂ-ਸ਼ੁਰੂ ਵਿਚ ਇਹ ਯੋਜਨਾ ਬਹੁਤ ਵਧੀਆ ਢੰਗ ਨਾਲ ਚੱਲੀ ਪਰ ਡੀ. ਸੀ. ਦੇ ਜਾਂਦੇ ਹੀ ਯੋਜਨਾ ਠੰਡੇ ਬਸਤੇ ਵਿਚ ਪੈਣੀ ਸ਼ੁਰੂ ਹੋ ਗਈ। ਪ੍ਰਸ਼ਾਸਨ ਵੱਲੋਂ ਇਸ ਸਬੰਧੀ 3.60 ਲੱਖ ਦੀ ਲਾਗਤ ਵਾਲੀ ਵਿਸ਼ੇਸ਼ ਮਸ਼ੀਨ ਸਕੂਲ ਵਿਚ ਇੰਸਟਾਲ ਕੀਤੀ ਗਈ ਸੀ।
5 ਪੈਡ ਦੀ ਕੀਮਤ 10 ਰੁਪਏ
ਜ਼ਿਲਾ ਪ੍ਰਸ਼ਾਸਨ ਵੱਲੋਂ ਸੈਨੇਟਰੀ ਨੈਪਕਿਨ ਦੀ ਕੀਮਤ 2 ਰੁਪਏ ਪ੍ਰਤੀ ਪੈਡ ਨਿਰਧਾਰਤ ਕੀਤੀ ਗਈ ਸੀ। ਮਸ਼ੀਨ ਵਿਚ 10 ਰੁਪਏ ਦਾ ਸਿੱਕਾ ਪਾਉਣ 'ਤੇ 5 ਪੈਡ ਦਾ ਪੈਕੇਟ ਨਿਕਲਦਾ ਸੀ, ਜਦੋਂ ਕਿ 2 ਪੈਡ ਵਾਲੇ ਪੈਕੇਟ ਦੀ ਕੀਮਤ 5 ਰੁਪਏ ਰੱਖੀ ਗਈ ਸੀ। ਨਾਰੀ ਨਿਕੇਤਨ ਦੀਆਂ ਲੜਕੀਆਂ ਵੱਲੋਂ ਪੈਡ ਬਣਾਉਣ ਲਈ ਵਿਸ਼ੇਸ਼ ਤੌਰ 'ਤੇ ਰਾਅ ਮਟੀਰੀਅਲ ਮਾਲ ਰੋਡ ਸਕੂਲ ਵਿਚ ਭੇਜਿਆ ਜਾਂਦਾ ਸੀ, ਜਿਸ ਨੂੰ ਮਸ਼ੀਨ ਵਿਚ ਪਾਉਣ 'ਤੇ ਤਿਆਰ ਪੈਡ ਨਿਕਲਦੇ ਸਨ।


Related News