ਗੁਰਦੁਆਰਾ ਸਾਹਿਬ ''ਚ ਨੰਗੇ ਸਿਰ ਦਾਖਲ ਹੋਏ ਵਿਅਕਤੀ ਨੇ ਗ੍ਰੰਥੀ ''ਤੇ ਕੀਤਾ ਹਮਲਾ

Saturday, May 05, 2018 - 07:01 AM (IST)

ਗੁਰਦੁਆਰਾ ਸਾਹਿਬ ''ਚ ਨੰਗੇ ਸਿਰ ਦਾਖਲ ਹੋਏ ਵਿਅਕਤੀ ਨੇ ਗ੍ਰੰਥੀ ''ਤੇ ਕੀਤਾ ਹਮਲਾ

ਵੈਰੋਵਾਲ, (ਗਿੱਲ)- ਨੇੜਲੇ ਪਿੰਡ ਮੁਗਲਾਣੀ ਵਿਖੇ ਪਿੰਡ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਉਪਰ ਪਿੰਡ ਦੇ ਹੀ ਇਕ ਵਿਅਕਤੀ ਵੱਲੋਂ ਨੰਗੇ ਸਿਰ ਗੁਰਦੁਆਰਾ ਸਾਹਿਬ ਵਿਖੇ ਦਾਖਲ ਹੋ ਕੇ ਘੋਟਣੇ ਨਾਲ ਗ੍ਰੰਥੀ 'ਤੇ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗ੍ਰੰਥੀ ਸੁਖਦੇਵ ਸਿੰਘ ਪੁੱਤਰ ਸੁਰਜੀਤ ਸਿੰਘ ਜੋ ਕਿ ਨੇੜਲੇ ਪਿੰਡ ਵੜਿੰਗ ਸੂਬਾ ਸਿੰਘ ਦਾ ਵਸਨੀਕ ਹੈ ਅਤੇ ਪਿਛਲੇ ਪੰਜ-ਛੇ ਸਾਲਾਂ ਤੋਂ ਇਸ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਦੀ ਸੇਵਾ ਨਿਭਾਅ ਰਿਹਾ ਹੈ। ਉਸ ਨੇ ਦੱਸਿਆ ਕਿ ਪਿੰਡ ਦਾ ਹੀ ਇਕ ਵਿਅਕਤੀ ਨੰਗੇ ਸਿਰ ਗੁਰਦੁਆਰਾ ਸਾਹਿਬ 'ਚ ਦਾਖਲ ਹੋਇਆ ਤੇ ਉਸ ਨੇ  ਘੋਟਣੇ ਨਾਲ ਮੇਰੇ ਮਾਰ 'ਤੇ ਹਮਲਾ ਕਰ ਦਿੱਤਾ। 
ਇਸ ਦੌਰਾਨ ਉਸ ਦੀ ਦਸਤਾਰ ਵੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਲੱਥ ਗਈ। ਉਸ ਵਕਤ ਇਕ ਛੋਟਾ ਬੱਚਾ ਅਤੇ ਬਜ਼ੁਰਗ ਵਿਅਕਤੀ ਵੀ ਗੁਰਦੁਆਰਾ ਸਾਹਿਬ 'ਚ ਮੌਜੂਦ ਸਨ। ਬੱਚੇ ਵੱਲੋਂ ਰੌਲਾ ਪਾਉਣ 'ਤੇ ਪਿੰਡ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਉਸ ਵਿਅਕਤੀ ਨੂੰ ਕਾਬੂ ਕੀਤਾ। 
ਇਸ ਮੌਕੇ ਗ੍ਰੰਥੀ ਸੁਖਦੇਵ ਸਿੰਘ ਨੇ ਪਿੰਡ ਦੇ ਮੋਹਤਬਰਾਂ ਨੰਬਰਦਾਰ ਗੁਰਚਰਨ ਸਿੰਘ, ਤਰਸੇਮ ਸਿੰਘ ਪੰਚ, ਰਾਜਵਿੰਦਰ ਸਿੰਘ, ਗੁਰਮੀਤ ਸਿੰਘ, ਰਣਜੀਤ ਸਿੰਘ, ਸਰਬਜੀਤ ਸਿੰਘ, ਕੁਲਬੀਰ ਸਿੰਘ, ਭਗਵਾਨ ਸਿੰਘ, ਜਸਪਾਲ ਸਿੰਘ ਆਦਿ ਦੀ ਮੌਜੂਦਗੀ 'ਚ ਦੱਸਿਆ ਕਿ ਉਕਤ ਵਿਅਕਤੀ ਨੇ ਪਹਿਲਾਂ ਵੀ ਪੰਜ-ਛੇ ਮਹੀਨੇ ਪਹਿਲਾਂ ਵੀ ਮੇਰੇ 'ਤੇ ਜਾਨਲੇਵਾ ਹਮਲਾ ਕੀਤਾ ਸੀ, ਜਿਸਦਾ ਹਮਲਾਵਰ ਦੇ ਘਰ ਵਾਲਿਆਂ ਵੱਲੋਂ ਪਿੰਡ ਵਾਸੀਆਂ ਨੂੰ ਅੱਗੇ ਤੋਂ ਅਜਿਹੀ ਘਟਨਾ ਨਾ ਹੋਣ ਦੀ ਗੱਲ ਆਖ ਕੇ ਰਾਜ਼ੀਨਾਮਾ ਕਰ ਲਿਆ ਗਿਆ ਸੀ ਪਰ ਫਿਰ ਦੁਬਾਰਾ ਹੁਣ ਉਸੇ ਵਿਅਕਤੀ ਵੱਲੋਂ ਨੰਗੇ ਸਿਰ ਗੁਰਦੁਆਰਾ ਸਾਹਿਬ 'ਚ ਦਾਖਲ ਹੋ ਸਿੱਖ ਮਰਿਆਦਾ ਦੀ ਬੇਅਦਬੀ ਕਰਦਿਆਂ ਇਸ ਘਿਨੌਣੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਸਬੰਧੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਉਸੇ ਵਕਤ ਥਾਣਾ ਵੈਰੋਵਾਲ ਦੀ ਪੁਲਸ ਨੂੰ ਲਿਖਤੀ ਦਰਖਾਸਤ ਦੇ ਦਿੱਤੀ ਤੇ ਇਸ ਸਾਰੀ ਘਟਨਾ ਦੀ ਸੀ. ਸੀ. ਟੀ. ਵੀ. ਦੀ ਰਿਕਾਰਡਿੰਗ ਵੀ ਵਿਖਾਈ ਹੈ ਪਰ ਪੁਲਸ ਵੱਲੋਂ ਅਜੇ ਤੱਕ ਪਰਚਾ ਦਰਜ ਨਹੀਂ ਸੀ ਕੀਤਾ ਗਿਆ।
ਇਸ ਸਬੰਧੀ ਥਾਣਾ ਵੈਰੋਵਾਲ ਦੇ ਐੱਸ. ਐੱਚ. ਓ. ਸੋਨਮਦੀਪ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਉਕਤ ਹਮਲਾਵਰ ਨੂੰ ਫੜ ਲਿਆ ਗਿਆ ਹੈ।  


Related News