ਨਾਬਾਲਗਾ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਨੂੰ 20 ਸਾਲ ਦੀ ਕੈਦ

Sunday, Mar 05, 2023 - 02:46 PM (IST)

ਨਾਬਾਲਗਾ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਨੂੰ 20 ਸਾਲ ਦੀ ਕੈਦ

ਲੁਧਿਆਣਾ (ਮਹਿਰਾ) : ਨਾਬਾਲਗ ਬੱਚੀ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ’ਚ ਵਧੀਕ ਸੈਸ਼ਨ ਜੱਜ ਅਮਰਜੀਤ ਸਿੰਘ ਦੀ ਅਦਾਲਤ ਨੇ ਚਰਨ ਨਗਰ, ਲੁਧਿਆਣਾ ਨਿਵਾਸੀ ਕੁਲਦੀਪ ਸਿੰਘ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਪੁਲਸ ਥਾਣਾ ਟਿੱਬਾ ਨੇ ਉਕਤ ਕੇਸ ਪੀੜਤਾ ਦੀ ਸ਼ਿਕਾਇਤ ’ਤੇ 15 ਅਕਤੂਬਰ 2020 ਨੂੰ ਦਰਜ ਕੀਤਾ ਸੀ। ਸ਼ਿਕਾਇਤਕਰਤਾ ਮੁਤਾਬਕ ਉਹ 11ਵੀਂ ਕਲਾਸ ਦੀ ਵਿਦਿਆਰਥਣ ਹੈ ਅਤੇ ਆਪਣੇ ਘਰ ਦੀ ਸਭ ਤੋਂ ਵੱਡੀ ਧੀ ਹੈ। ਉਕਤ ਮੁਲਜ਼ਮ ਉਨ੍ਹਾਂ ਦੇ ਘਰ ਕੋਲ ਹੀ ਰਹਿੰਦਾ ਸੀ ਅਤੇ ਫੇਸਬੁਕ ਜ਼ਰੀਏ ਜੂਨ 2020 ਤੋਂ ਉਸ ਨੂੰ ਜਾਣਦਾ ਸੀ। ਮੁਲਜ਼ਮ ਨੇ ਉਸ ਦੀ ਮਾਤਾ ਦੇ ਫੋਨ ’ਤੇ ਗੱਲ ਕੀਤੀ ਅਤੇ ਕਿਹਾ ਕਿ ਉਹ ਉਸ ਨੂੰ ਪਸੰਦ ਕਰਦਾ ਹੈ ਅਤੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ।

24 ਅਗਸਤ 2020 ਨੂੰ ਮੁਲਜ਼ਮ ਨੇ ਸ਼ਿਕਾਇਤਕਰਤਾ ਨੂੰ ਉਸ ਦੇ ਜਨਮ ਦਿਨ ’ਤੇ ਕਿਤੇ ਇਕਾਂਤ ’ਚ ਬੁਲਾਇਆ ਅਤੇ ਉਸ ਦੀਆਂ ਇਤਰਾਜ਼ਯੋਗ ਫੋਟੋਆਂ ਦਿਖਾ ਕੇ ਬਲੈਕਮੇਲ ਕਰਨ ਲੱਗਾ ਅਤੇ ਸ਼ਿਕਾਇਤਕਰਤਾ ਤੋਂ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ’ਤੇ ਉਸ ਨੇ ਆਪਣੀ ਮਾਂ ਦੇ ਗਹਿਣੇ ਚੋਰੀ ਕਰ ਕੇ ਵੇਚ ਕੇ ਮੁਲ਼ਜਮ ਨੂੰ ਪੈਸੇ ਵੀ ਦਿੱਤੇ। 11 ਅਕਤੂਬਰ 2020 ਨੂੰ ਮੁਲਜ਼ਮ ਨੇ ਉਸ ਨੂੰ ਇਕਾਂਤ ਜਗ੍ਹਾ ’ਤੇ ਆਉਣ ਲਈ ਕਿਹਾ, ਜਦੋਂ ਉਹ ਉੱਥੇ ਪੁੱਜੀ ਤਾਂ ਮੁਲਜ਼ਮ ਉਸ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਇਕ ਕਾਲੋਨੀ ’ਚ ਲੈ ਗਿਆ, ਜਿੱਥੇ ਉਸ ਨੇ ਕਈ ਦਿਨਾਂ ਤੱਕ ਉਸ ਦਾ ਸਰੀਰਕ ਸ਼ੋਸ਼ਣ ਕੀਤਾ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਸਾਹਮਣੇ ਪੇਸ਼ ਕੀਤਾ ਸੀ।
 


author

Babita

Content Editor

Related News