ਮਹੇਸ਼ਰੀ ਸੰਧੂਆਂ ''ਚ ਲੋਕਾਂ ਨੇ ਇਕੱਠ ਕਰ ਕੇ ਭਾਰਤ ਬੰਦ ਦਾ ਕੀਤਾ ਸਮਰਥਨ

Monday, Apr 02, 2018 - 04:27 AM (IST)

ਮੋਗਾ, (ਗਰੋਵਰ, ਗੋਪੀ)- ਮਾਣਯੋਗ ਸੁਪਰੀਮ ਕੋਰਟ ਵੱਲੋਂ ਐੱਸ. ਸੀ./ਐੱਸ. ਟੀ. ਐਕਟ 'ਚ ਕੀਤੇ ਗਏ ਬਦਲਾਅ ਦੇ ਵਿਰੋਧ 'ਚ ਅੱਜ ਪਿੰਡ ਮਹੇਸ਼ਰੀ ਸੰਧੂਆਂ 'ਚ ਇਕੱਠ ਕੀਤਾ ਗਿਆ। 
ਇਸ ਇਕੱਠ 'ਚ ਸ਼ਾਮਲ ਲੋਕਾਂ ਵੱਲੋਂ ਐੱਸ. ਸੀ./ਐੱਸ. ਟੀ. ਐਕਟ 'ਚ ਕੀਤੇ ਗਏ ਬਦਲਾਅ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਬਰਜੰਗ ਸਿੰਘ ਮੈਂਬਰ, ਜਗਦੀਸ਼ ਸਿੰਘ, ਜਸਵੰਤ ਸਿੰਘ, ਭੋਲਾ ਸਿੰਘ ਦੁਕਾਨਦਾਰ, ਮਹਿੰਦਰ ਸਿੰਘ ਸਾਬਕਾ ਮੈਂਬਰ, ਹਰਜੀਤ ਸਿੰਘ ਆਦਿ ਨੇ ਕਿਹਾ ਕਿ ਇਸ ਐਕਟ 'ਚ ਕੀਤੇ ਗਏ ਬਦਲਾਅ ਨਾਲ ਜੋ ਪੱਛੜੀਆਂ ਸ਼੍ਰੇਣੀਆਂ ਪ੍ਰਤੀ ਅਪਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ, ਉਹ ਹੁਣ ਕੋਈ ਵੀ ਤੁਰੰਤ ਐੱਫ. ਆਈ. ਆਰ. ਦਰਜ ਨਹੀਂ ਕੀਤੀ ਜਾਵੇਗੀ, ਜਿਸ ਕਰ ਕੇ ਲੋਕਾਂ 'ਚ ਆਪਸੀ ਵਿਰੋਧ ਵਧੇਗਾ। 
ਲੋਕਾਂ ਨੇ ਕਿਹਾ ਕਿ ਅਸਲ 'ਚ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ 'ਚ ਅਸਫਲ ਰਹੀਆਂ ਹਨ। ਕਿਸਾਨਾਂ, ਦੁਕਾਨਦਾਰਾਂ, ਮਜ਼ਦੂਰਾਂ 'ਚ ਅਸੰਤੋਖ ਦੀ ਸਥਿਤੀ ਹੈ। ਸਰਕਾਰ ਨੂੰ ਰੋਜ਼ਗਾਰ ਸਿੱਖਿਆ ਅਤੇ ਸਿਹਤ ਸਹੂਲਤਾਂ ਦੇ ਮੁੱਦਿਆਂ ਨੂੰ ਪਹਿਲ ਦੇਣੀ ਚਾਹੀਦੀ ਹੈ। ਇਸ ਇਕੱਠ ਨੂੰ ਸੰਬੋਧਨ ਕਰਦਿਆਂ ਸਰਬ ਭਾਰਤ ਨੌਜਵਾਨ ਸਭਾ ਦੇ ਸਕੱਤਰ ਸੁਖਜਿੰਦਰ ਮਹੇਸ਼ਰੀ ਨੇ ਕਿਹਾ ਕਿ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਨੇ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਸਮੇਤ ਹਰ ਤਬਕੇ ਦਾ ਕਚੂੰਮਰ ਕੱਢ ਦਿੱਤਾ ਹੈ। ਲੋਕ ਸਰਕਾਰ ਖਿਲਾਫ ਲੜ ਰਹੇ ਹਨ। ਇਸ ਤੋਂ ਘਬਰਾਈ ਹੋਈ ਸਰਕਾਰ ਲੋਕਾਂ 'ਚ ਜਾਤ, ਧਰਮ ਦੇ ਨਾਂ ਉੱਤੇ ਫੁੱਟ ਪਾ ਕੇ ਬਚਣਾ ਚਾਹੁੰਦੀ ਹੈ। 
ਉਨ੍ਹਾਂ ਕਿਹਾ ਕਿ 2 ਅਪ੍ਰੈਲ ਨੂੰ ਭਾਰਤ ਬੰਦ ਦੇ ਸੱਦੇ ਦਾ ਪਿੰਡ ਨਿਵਾਸੀ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਗਰੀਬ ਲੋਕਾਂ ਦੀ ਰੱਖਿਆ ਕਰਦਾ ਕਾਨੂੰਨ ਬਦਲਿਆ ਨਹੀਂ ਜਾਣਾ ਚਾਹੀਦਾ, ਜੇਕਰ ਸਰਕਾਰ ਨੇ ਇਹ ਮਾਰੂ ਫੈਸਲਾ ਵਾਪਸ ਨਾ ਲਿਆ ਤਾਂ ਇਹ ਸੰਘਰਸ਼ ਤੇਜ਼ ਕੀਤਾ ਜਾਵੇਗਾ। 


Related News