ਰੋਮਾਨੀਆ ’ਚ ਵਰਕ ਪਰਮਿਟ ਦਿਵਾਉਣ ਦਾ ਝਾਂਸਾ ਦੇ ਕੇ ਪੇਂਟਰ ਨੂੰ ਠੱਗਿਆ

Saturday, Feb 18, 2023 - 01:28 PM (IST)

ਜਲੰਧਰ (ਵਰੁਣ) : ਰੋਮਾਨੀਆ ’ਚ ਵਰਕ ਪਰਮਿਟ ਦਿਵਾਉਣ ਦਾ ਝਾਂਸਾ ਦੇ ਕੇ ਸਿਵਲ ਲਾਈਨ ਸਥਿਤ ਨਿਰਾਲਾ ਇਮੀਗ੍ਰੇਸ਼ਨ ਦੇ ਏਜੰਟ ਨੇ ਪੇਂਟਰ ਤੋਂ 2.70 ਲੱਖ ਰੁਪਏ ਠੱਗ ਲਏ। ਏਜੰਟ ਨੇ ਪੇਂਟਰ ਨੂੰ ਰੋਮਾਨੀਆ ਭੇਜਣ ਦਾ ਕਹਿ ਕੇ ਉਸਦਾ ਰਸ਼ੀਆ ਦਾ ਟੂਰਿਸਟ ਵੀਜ਼ਾ ਲੁਆ ਦਿੱਤਾ ਪਰ ਜਦੋਂ ਪੇਂਟਰ ਨੇ ਵਿਰੋਧ ਕੀਤਾ ਤਾਂ ਉਸਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। 2 ਸਾਲ ਤੱਕ ਪੇਂਟਰ ਏਜੰਟ ਤੋਂ ਪੈਸੇ ਲੈਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਜਦੋਂ ਉਸਨੇ ਪੈਸੇ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਪੁਲਸ ਨੂੰ ਏਜੰਟ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ। ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਏਜੰਟ ਸੋਨੂੰ ਨਿਰਾਲਾ ਪੁੱਤਰ ਕਮਲੇਸ਼ ਨਿਰਾਲਾ ਨਿਵਾਸੀ ਗਰੀਨ ਪਾਰਕ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲਸ ਨੇ ਸੋਨੂੰ ਦੀ ਮਹਿਲਾ ਸਟਾਫ਼ ਕਰਮਚਾਰੀ ਕਿਰਨਜੀਤ ਨੂੰ ਵੀ ਨਾਮਜ਼ਦ ਕੀਤਾ ਹੈ। ਸ਼ਿਕਾਇਤਕਰਤਾ ਰਵੀ ਪੁੱਤਰ ਜਸਪਾਲ ਸਿੱਘ ਨਿਵਾਸੀ ਸਰਦਾਰ ਐਵੇਨਿਊ ਮਜੀਠਾ ਰੋਡ ਅੰਮ੍ਰਿਤਸਰ ਨੇ ਦੱਸਿਆ ਕਿ ਉਹ 2010 ਨੂੰ ਪੇਂਟਰ ਦਾ ਕੰਮ ਕਰਨ ਲਈ ਮਸਕਟ ਗਿਆ ਸੀ ਅਤੇ 2013 ਨੂੰ ਵਾਪਸ ਆ ਗਿਆ। 2019 ਨੂੰ ਫੇਸਬੁੱਕ ’ਤੇ ਉਸਨੂੰ ਨਿਰਾਲਾ ਇਮੀਗ੍ਰੇਸ਼ਨ ਤੋਂ ਇਕ ਮਹਿਲਾ ਸਟਾਫ਼ ਕਰਮਚਾਰੀ ਦਾ ਫੋਨ ਆਇਆ, ਜਿਸ ਨੇ ਉਸਨੂੰ ਵਿਦੇਸ਼ ’ਚ ਵਰਕ ਪਰਮਿਟ ਦਿਵਾਉਣ ਦਾ ਝਾਂਸਾ ਦਿੱਤਾ ਅਤੇ ਕਿਹਾ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਹੋਣਗੇ। 

ਇਹ ਵੀ ਪੜ੍ਹੋ : ਹਿਮਾਚਲ ਦੇ ਬ੍ਰੇਨ ਡੈੱਡ ਮਰੀਜ਼ ਦੀ ਬਦੌਲਤ ਦੋ ਨੂੰ ਮਿਲੀ ਜ਼ਿੰਦਗੀ

ਦੋਸ਼ ਹੈ ਕਿ 2 ਸਾਲ ਪਹਿਲਾਂ ਜਦੋਂ ਉਹ ਸੀਵਰ ਲਾਈਨ ਜਲੰਧਰ ਸਥਿਤ ਨਿਰਾਲਾ ਇਮੀਗ੍ਰੇਸ਼ਨ ਦੇ ਦਫਤਰ ਆਇਆ ਤਾਂ ਉਸਨੂੰ ਐੱਮ. ਡੀ. ਸੋਨੂੰ ਨਿਰਾਲਾ ਨਾਲ ਮਿਲਵਾਇਆ ਗਿਆ, ਜਿਸ ਨੇ ਉਸਨੂੰ ਝਾਂਸਾ ਦਿੱਤਾ ਕਿ ਉਹ ਉਸ ਨੂੰ ਰੋਮਾਨੀਆ ਦਾ ਵਰਕ ਪਰਮਿਟ ਦਿਵਾ ਦੇਵੇਗਾ ਪਰ ਉਸਦਾ 2.80 ਲੱਖ ਰੁਪਏ ਖਰਚਾ ਆਵੇਗਾ। ਰਵੀ ਨੇ ਏਜੰਟ ਨੂੰ 2 ਲੱਖ ਰੁਪਏ ਕੈਸ਼ ਦਿੱਤੇ ਅਤੇ 70 ਹਜ਼ਾਰ ਰੁਪਏ ਬੈਂਕ ਅਕਾਊਂਟ ’ਚ ਟਰਾਂਸਫਰ ਕਰ ਦਿੱਤੇ। ਲਗਭਗ 3 ਮਹੀਨੇ ਪਹਿਲਾਂ ਏਜੰਟ ਨੇ ਉਸਦਾ ਰਸ਼ੀਆ ਦਾ ਟੂਰਿਸਟ ਵੀਜ਼ਾ ਲੁਆ ਦਿੱਤਾ ਅਤੇ ਕਿਹਾ ਕਿ ਉਥੇ 3 ਮਹੀਨੇ ਕੰਮ ਕਰਨ ਤੋਂ ਬਾਅਦ ਉਸਨੂੰ ਰੋਮਾਨੀਆ ਭੇਜ ਦੇਵੇਗਾ। ਜਦੋਂ ਉਸਨੇ ਵਿਰੋਧ ਕੀਤਾ ਤਾਂ ਏਜੰਟ ਨੇ ਰਸ਼ੀਆ ਦਾ ਵੀਜ਼ਾ ਦੇਣ ਤੋਂ ਮਨ੍ਹਾ ਕਰ ਦਿੱਤਾ। ਦੋਸ਼ ਹੈ ਕਿ ਏਜੰਟ ਨੇ ਉਸਦਾ ਪਾਸਪੋਰਟ ਵੀ ਨਹੀਂ ਦਿੱਤਾ। ਕਾਫੀ ਸਮੇਂ ਤੱਕ ਰਵੀ ਏਜੰਟ ਕੋਲੋਂ ਪੈਸੇ ਮੰਗਦਾ ਰਿਹਾ ਪਰ ਉਸਨੇ ਬਾਅਦ ’ਚ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਰਵੀ ਨੇ ਪਹਿਲਾਂ ਅੰਮ੍ਰਿਤਸਰ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਪਰ ਇਸਦੀ ਜਾਂਚ ਜਲੰਧਰ ਪੁਲਸ ਨੂੰ ਸੌਂਪ ਦਿੱਤੀ ਗਈ। ਪੁਲਸ ਨੇ ਜਾਂਚ ਤੋਂ ਬਾਅਦ ਸੋਨੂੰ ਨਿਰਾਲਾ ਅਤੇ ਕਿਰਨਜੀਤ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ। ਫਿਲਹਾਲ ਸੋਨੂੰ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਉਸ ਖ਼ਿਲਾਫ਼ ਪਹਿਲਾਂ ਵੀ ਥਾਣਾ ਨਵੀਂ ਬਾਰਾਦਰੀ ਵਿਚ ਠੱਗੀ ਮਾਰਨ ਦਾ ਕੇਸ ਦਰਜ ਹੈ।

ਇਹ ਵੀ ਪੜ੍ਹੋ : ਟੀ. ਵੀ. ਚੈਨਲਾਂ ਅਤੇ ਯੂ-ਟਿਊਬ ਦੀ ਚਮਕ-ਦਮਕ ’ਚ ਰੇਡੀਓ ਹੋਇਆ ਅਲੋਪ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Anuradha

Content Editor

Related News