ਮੰਤਰੀ ਹਰਜੋਤ ਬੈਂਸ ਦੇ ਹੁਕਮਾਂ ਨੇ ਚਿੰਤਾ 'ਚ ਪਾਏ ਅਧਿਆਪਕ, ਪੜ੍ਹੋ ਕੀ ਹੈ ਪੂਰਾ ਮਾਮਲਾ

Monday, Dec 04, 2023 - 09:04 AM (IST)

ਲੁਧਿਆਣਾ (ਵਿੱਕੀ) : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸੂਬੇ ਭਰ ’ਚ ਸਕੂਲਾਂ ਦੇ ਸਮੇਂ ’ਚ ਬਦਲਾਅ ਦੇ ਐਲਾਨ ਅਨੁਸਾਰ 4 ਦਸੰਬਰ ਮਤਲਬ ਕਿ ਅੱਜ ਤੋਂ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ ਸਵੇਰੇ 9.30 ਵਜੇ ਸ਼ੁਰੂ ਹੋਣਗੇ ਅਤੇ ਛੁੱਟੀ ਦਾ ਸਮਾਂ 3.30 ਵਜੇ ਹੋਵੇਗਾ। ਇਹ ਨਿਰਦੇਸ਼ ਵਿਸ਼ੇਸ਼ ਰੂਪ ’ਚ ਸਿੰਗਲ ਸ਼ਿਫਟ ਵਾਲੇ ਸਕੂਲਾਂ ’ਤੇ ਲਾਗੂ ਹੁੰਦਾ ਹੈ। ਇਸ ਨਾਲ ਡਬਲ ਸ਼ਿਫਟ ਵਾਲੇ ਸਕੂਲਾਂ ਨਾਲ ਜੁੜੇ ਅਧਿਆਪਕਾਂ ’ਚ ਚਿੰਤਾ ਵੱਧ ਗਈ ਹੈ। ਹਰੇਕ ਸ਼ਿਫਟ ਦੇ ਸ਼ੁਰੂ ਅਤੇ ਸਮਾਪਤੀ ਸਮੇਂ ਦੇ ਸਬੰਧ ’ਚ ਸਪੱਸ਼ਟ ਨਿਰਦੇਸ਼ਾਂ ਦੀ ਕਮੀ ਕਾਰਨ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਦੁਵਿਧਾ ਨਾਲ ਜੂਝਣਾ ਪੈ ਰਿਹਾ ਹੈ। ਸ਼ਡਿਊਲ ਨੂੰ ਲੈ ਕੇ ਅਸਪੱਸ਼ਟਤਾ ਕਾਰਨ ਅਧਿਆਪਕਾਂ ਅਤੇ ਮਾਪਿਆਂ ਵੱਲੋਂ ਪ੍ਰਤੀਕਿਰਿਆ ਆਈ ਹੈ, ਜਿਨ੍ਹਾਂ ਨੇ ਆਪਣੀ ਚਿੰਤਾ ਪ੍ਰਗਟ ਕੀਤੀ ਹੈ ਅਤੇ ਮਾਮਲੇ ’ਤੇ ਸਪੱਸ਼ਟਤਾ ਦੀ ਮੰਗ ਕੀਤੀ ਹੈ। ਇਕ ਸਕੂਲ ਦੇ ਅਧਿਆਪਕ ਨੇ ਕਿਹਾ ਕਿ ਲਗਭਗ ਹਰ ਸਾਲ ਸਰਦੀਆਂ ’ਚ ਧੁੰਦ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਸਕੂਲਾਂ ਦੇ ਸਮੇਂ ’ਚ ਬਦਲਾਅ ਕੀਤਾ ਜਾਂਦਾ ਹੈ ਪਰ ਡਬਲ ਸ਼ਿਫਟ ਸਕੂਲਾਂ ਦੇ ਸਬੰਧ ’ਚ ਕਦੇ ਵੀ ਸਮੇਂ ’ਤੇ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤੇ ਜਾਂਦੇ।

ਇਹ ਵੀ ਪੜ੍ਹੋ : ਪਨਬੱਸ, ਰੋਡਵੇਜ਼ ਤੇ PRTC ਬੱਸਾਂ 'ਚ ਸਫ਼ਰ ਕਰਨ ਵਾਲੇ ਦੇਣ ਧਿਆਨ, ਹੁਣੇ-ਹੁਣੇ ਆਈ ਇਹ ਖ਼ਬਰ

ਇਕ ਹੋਰ ਅਧਿਆਪਕ ਨੇ ਦੱਸਿਆ ਕਿ ਜਦੋਂ ਤੋਂ ਸਰਕਾਰ ਵੱਲੋਂ ਇਹ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਉਦੋਂ ਤੋਂ ਹੀ ਅਧਿਆਪਕ ਅਤੇ ਵਿਦਿਆਰਥੀ ਉਨ੍ਹਾਂ ਨੂੰ ਸਕੂਲ ਦੇ ਸਮੇਂ ਬਾਰੇ ਲਗਾਤਾਰ ਫੋਨ ਕਰ ਰਹੇ ਹਨ ਪਰ ਕਿਉਂਕਿ ਸਕੂਲ ਡਬਲ ਸ਼ਿਫਟਾਂ ’ਚ ਚੱਲਦਾ ਹੈ, ਇਸ ਲਈ ਉਹ ਸਕੂਲ ਦੇ ਸਮੇਂ ਬਾਰੇ ਕੁਝ ਵੀ ਦੱਸਣ ਤੋਂ ਅਸਮਰੱਥ ਹਨ। ਇਕ ਹੋਰ ਅਧਿਆਪਕ ਨੇ ਕਿਹਾ ਕਿ ਜਿਵੇਂ ਸਰਦੀਆਂ ਵੱਧਦੀਆਂ ਹਨ, ਧੁੰਦ ਦਾ ਵਧਣਾ ਯਕੀਨੀ ਹੈ, ਇਸ ਲਈ ਸਰਕਾਰ ਨੂੰ ਹੋਰ ਸਕੂਲਾਂ ਦੇ ਨਾਲ-ਨਾਲ ਡਬਲ ਸ਼ਿਫਟ ਵਾਲੇ ਸਕੂਲਾਂ ਬਾਰੇ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ, ਤਾਂ ਜੋ ਕਿਸੇ ਵੀ ਵਿਦਿਆਰਥੀ ਅਤੇ ਅਧਿਆਪਕ ਨੂੰ ਕੋਈ ਸਮੱਸਿਆ ਨਾ ਆਵੇ। ਵੱਖ-ਵੱਖ ਮਾਪਿਆਂ ਦੇ ਅਨੁਸਾਰ ਜਿਵੇਂ-ਜਿਵੇਂ ਸਰਦੀਆਂ ਵੱਧਦੀਆਂ ਹਨ, ਧੁੰਦ ਨਾਲ ਸਬੰਧਿਤ ਸਮੱਸਿਆਵਾਂ ਵੱਧਣ ਦੀ ਸੰਭਾਵਨਾ ਹੈ। ਸਰਕਾਰ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕਿਸੇ ਵੀ ਅਸੁਵਿਧਾ ਤੋਂ ਬਚਣ ਲਈ ਡਬਲ ਸ਼ਿਫਟਾਂ ਵਾਲੇ ਸਕੂਲਾਂ ਲਈ ਵਿਆਪਕ ਦਿਸ਼ਾ-ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ।

ਇਹ ਵੀ ਪੜ੍ਹੋ : ਚੱਲਦੇ ਵਿਆਹ 'ਚ ਪੈ ਗਿਆ ਪੁਆੜਾ, ਬਰਾਤੀ ਹੋਏ ਲੋਹੇ-ਲਾਖੇ, ਫਿਰ ਜੋ ਹੋਇਆ, ਖ਼ੁਦ ਹੀ ਦੇਖ ਲਓ ਵੀਡੀਓ
ਇਨ੍ਹਾਂ ਸਕੂਲਾਂ ’ਚ ਚੱਲ ਰਹੀ ਹੈ ਡਬਲ ਸ਼ਿਫਟ
ਸ਼ਹਿਰ ਦੇ ਵੱਖ-ਵੱਖ ਸਕੂਲਾਂ ’ਚ ਜਿੱਥੇ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਉੱਥੇ ਸਕੂਲ ਡਬਲ ਸ਼ਿਫਟਾਂ ’ਚ ਚੱਲ ਰਹੇ ਹਨ। ਇਨ੍ਹਾਂ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ, ਜਵਾਹਰ ਨਗਰ, ਸੇਖੇਵਾਲ ਦੇ ਨਾਲ-ਨਾਲ ਕੁਝ ਹੋਰ ਸਕੂਲਾਂ ’ਚ ਵੀ ਡਬਲ ਸ਼ਿਫਟ ’ਚ ਕਲਾਸਾਂ ਚਲਾਈਆਂ ਜਾ ਰਹੀਆਂ ਹਨ।
ਕੀ ਕਹਿੰਦੇ ਹਨ ਜ਼ਿਲ੍ਹਾ ਸਿੱਖਿਆ ਅਫ਼ਸਰ?
ਇਸ ਸਬੰਧੀ ਜਦੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸਮੱਸਿਆ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਂਦੀ ਗਈ ਹੈ ਅਤੇ ਜਲਦੀ ਹੀ ਡਬਲ ਸ਼ਿਫਟ ਵਾਲੇ ਸਕੂਲਾਂ ਦੇ ਸਮੇਂ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Babita

Content Editor

Related News