ਵੱਡਾ ਸਵਾਲ : ਕੌਂਸਲਰ ਹੁਣ ਹੈ ਨਹੀਂ, ਅਫਸਰ ਸੁਣਦੇ ਨਹੀਂ ਅਤੇ ਨਿਗਮ ਕਰਮਚਾਰੀ ਕੁਝ ਕਰਦੇ ਨਹੀਂ
Wednesday, Feb 08, 2023 - 05:51 PM (IST)
ਜਲੰਧਰ (ਖੁਰਾਣਾ) : 2-4 ਮਹੀਨਿਆਂ ਬਾਅਦ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ ਹਨ ਅਤੇ ਲਗਭਗ ਅੱਧੀ ਦਰਜਨ ਪਾਰਟੀਆਂ ਦੇ ਸੈਂਕੜੇ ਆਗੂ ਅਤੇ ਉਮੀਦਵਾਰ ਇਨ੍ਹਾਂ ਚੋਣਾਂ ਦੌਰਾਨ ਸ਼ਹਿਰ ਦੇ ਕੋਨੇ-ਕੋਨੇ ’ਚ ਘੁੰਮ ਕੇ ਆਪਣਾ ਪ੍ਰਚਾਰ ਕਰਨਗੇ ਅਤੇ ਲੋਕਾਂ ਨਾਲ ਕਈ ਤਰ੍ਹਾਂ ਦੇ ਲੁਭਾਊ ਵਾਅਦੇ ਵੀ ਹੋਣਗੇ। ਉਹ ਸਮਾਂ ਤਾਂ ਖੈਰ ਆਉਣ ਵਾਲਾ ਹੈ ਪਰ ਚੋਣਾਂ ਤੋਂ ਠੀਕ ਪਹਿਲਾਂ ਸ਼ਹਿਰ ਦੇ ਜੋ ਹਾਲਾਤ ਹਨ, ਉਹ ਕਾਫ਼ੀ ਅਜੀਬੋ-ਗਰੀਬ ਹਨ। ਅਜਿਹੇ ’ਚ ਲੋਕਾਂ ਨੂੰ ਲੱਗ ਰਿਹਾ ਹੈ ਕਿ ਉਹ ਜਾਣ ਤਾਂ ਕਿਥੇ ਜਾਣ ਕਿਉਂਕਿ ਹੁਣ ਨਾ ਤਾਂ ਵਾਰਡਾਂ ਵਿਚ ਕੌਂਸਲਰ ਹਨ ਅਤੇ ਨਾ ਹੀ ਅਫਸਰ ਕੋਈ ਸ਼ਿਕਾਇਤ ਸੁਣਦੇ ਹਨ। ਜੇਕਰ ਸ਼ਿਕਾਇਤ ਸੁਣ ਵੀ ਲਈ ਜਾਂਦੀ ਹੈ ਤਾਂ ਉਹ ਕਈ-ਕਈ ਦਿਨ ਦੂਰ ਨਹੀਂ ਹੁੰਦੀ ਕਿਉਂਕਿ ਵਧੇਰੇ ਨਿਗਮ ਕਰਮਚਾਰੀ ਕੰਮ ਕਰ ਕੇ ਰਾਜ਼ੀ ਹੀ ਨਹੀਂ। ਇਸ ਸਮੇਂ ਸ਼ਹਿਰ ਦੀ ਸੀਵਰੇਜ ਵਿਵਸਥਾ ਬਹੁਤ ਗੜਬੜਾ ਚੁੱਕੀ ਹੈ ਅਤੇ ਇਕ ਅਨੁਮਾਨ ਮੁਤਾਬਕ ਅੱਧੇ ਸ਼ਹਿਰ ਦੇ ਲੋਕ ਸੀਵਰੇਜ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਸਭ ਤੋਂ ਜ਼ਿਆਦਾ ਸਮੱਸਿਆ ਜਲੰਧਰ ਨਾਰਥ ਅਤੇ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਦੇ ਉਨ੍ਹਾਂ ਇਲਾਕਿਆਂ ਵਿਚ ਆ ਰਹੀ ਹੈ, ਜਿਹੜੇ ਕਾਲਾ ਸੰਘਿਆਂ ਡਰੇਨ ਦੇ ਆਲੇ-ਦੁਆਲੇ ਵਸੇ ਹੋਏ ਹਨ। ਪਤਾ ਲੱਗਾ ਹੈ ਕਿ ਕਈ ਸਾਲ ਪਹਿਲਾਂ ਸ਼ਹਿਰ ਦੇ ਇਕ ਵੱਡੇ ਹਿੱਸੇ ਨੂੰ ਸੀਵਰ ਦੀ ਸਹੂਲਤ ਦੇਣ ਲਈ ਡਰੇਨ ਦੇ ਨਾਲ-ਨਾਲ ਜਿਹੜਾ ਵੱਡਾ ਸੀਵਰ ਪਾਇਆ ਗਿਆ ਸੀ, ਉਹ ਹੁਣ ਕੰਮ ਨਹੀਂ ਕਰ ਰਿਹਾ ਅਤੇ ਉਸ ਵਿਚ ਕਾਫੀ ਗਾਰ ਭਰੀ ਹੋਈ ਹੈ। ਇਸ ਸੀਵਰ ਵਿਚ ਜਿਹੜੀਆਂ ਕਾਲੋਨੀਆਂ ਦਾ ਗੰਦਾ ਪਾਣੀ ਡਿੱਗਦਾ ਹੈ, ਉਥੇ ਸੀਵਰੇਜ ਜਾਂ ਤਾਂ ਓਵਰਫਲੋਅ ਹੋ ਰਿਹਾ ਹੈ ਜਾਂ ਬਿਲਕੁਲ ਹੀ ਜਾਮ ਹੈ, ਜਿਸ ਕਾਰਨ ਗੰਦਾ ਪਾਣੀ ਗਲੀਆਂ ਤੱਕ ਵਿਚ ਖੜ੍ਹਾ ਹੈ ਅਤੇ ਵਧੇਰੇ ਥਾਵਾਂ ’ਤੇ ਨਰਕ ਵਰਗੇ ਹਾਲਾਤ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ 'ਤੇ ਐਬੂਲੈਂਸ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਵਿਅਕਤੀ ਦੀ ਮੌਤ
ਹਜ਼ਾਰਾਂ ਸਟਰੀਟ ਲਾਈਟਾਂ ਬੰਦ, ਕਿਸੇ ਨੂੰ ਫਿਕਰ ਨਹੀਂ
ਪਿਛਲੇ ਲਗਭਗ 6 ਮਹੀਨਿਆਂ ਤੋਂ ਜਲੰਧਰ ਨਿਗਮ ਦਾ ਸਿਸਟਮ ਬਹੁਤ ਵਿਗੜਦਾ ਚਲਿਆ ਜਾ ਰਿਹਾ ਹੈ। ਲਗਭਗ 60 ਕਰੋੜ ਰੁਪਏ ਖਰਚ ਕਰਨ ਦੇ ਬਾਵਜੂਦ ਸ਼ਹਿਰ ਦੇ ਸਟਰੀਟ ਲਾਈਟ ਸਿਸਟਮ ਵਿਚ ਸੁਧਾਰ ਆਉਣ ਦੀ ਬਜਾਏ ਹਾਲਾਤ ਹੋਰ ਵਿਗੜ ਗਏ ਹਨ ਅਤੇ ਅੱਜ ਲਗਭਗ ਇਕ-ਚੌਥਾਈ ਸ਼ਹਿਰ ਦੀਆਂ ਸਟਰੀਟ ਲਾਈਟਾਂ ਬੰਦ ਪਈਆਂ ਹਨ। ਇਨ੍ਹਾਂ ਬਾਰੇ ਸ਼ਿਕਾਇਤਾਂ ਨਾਲ ਨਿਗਮ ਦੇ ਕੰਪਲੇਂਟ ਰਜਿਸਟਰ ਭਰ ਚੁੱਕੇ ਹਨ ਪਰ ਹੁਣ ਸਬੰਧਤ ਅਫਸਰਾਂ ਨੇ ਇਸ ਪਾਸੇ ਧਿਆਨ ਦੇਣਾ ਹੀ ਛੱਡ ਦਿੱਤਾ ਹੈ। ਠੇਕੇਦਾਰ ਕੰਪਨੀ ਨੂੰ ਕੋਈ ਜੁਰਮਾਨਾ ਵੀ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਲੋਕਾਂ ਦੀ ਪ੍ਰੇਸ਼ਾਨੀ ਲਗਾਤਾਰ ਵਧਦੀ ਜਾ ਰਹੀ ਹੈ। ਗੁਲਾਬ ਦੇਵੀ ਰੋਡ ’ਤੇ ਈਦਗਾਹ ਦੇ ਨੇੜੇ ਸਟਰੀਟ ਲਾਈਟਾਂ ਇਕ ਮਹੀਨੇ ਤੋਂ ਡਾਂਸ ਕਰ ਰਹੀਆਂ ਹਨ, ਕਿਸੇ ਨੇ ਉਨ੍ਹਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ।
ਇਹ ਵੀ ਪੜ੍ਹੋ : ਪਾਸਪੋਰਟ ਅਪਲਾਈ ਕਰਨ ਵਾਲਿਆਂ ਲਈ ਅਹਿਮ ਖ਼ਬਰ
ਨਿਗਮ ਦਾ ਸ਼ਿਕਾਇਤ ਸੈੱਲ ਵੀ ਹੋਇਆ ਬੇਅਸਰ
ਕਈ ਸਾਲ ਪਹਿਲਾਂ ਨਿਗਮ ਵਿਚ ਸਥਾਪਿਤ ਕੀਤਾ ਗਿਆ ਸ਼ਿਕਾਇਤ ਸੈੱਲ ਵੀ ਹੁਣ ਬਿਲਕੁਲ ਬੇਅਸਰ ਜਿਹਾ ਹੋ ਗਿਆ ਹੈ। ਇਸ ਸੈੱਲ ਵਿਚ ਸ਼ਿਕਾਇਤ ਸੁਣ ਤਾਂ ਲਈ ਜਾਂਦੀ ਹੈ ਅਤੇ ਉਸਨੂੰ ਅੱਗੇ ਵਿਭਾਗਾਂ ਨੂੰ ਮਾਰਕ ਵੀ ਕਰ ਦਿੱਤਾ ਜਾਂਦਾ ਹੈ ਪਰ ਇਹ ਉਸ ਕਰਮਚਾਰੀ ’ਤੇ ਨਿਰਭਰ ਕਰਦਾ ਹੈ ਕਿ ਉਹ ਉਸ ਸ਼ਿਕਾਇਤ ਨੂੰ ਦੂਰ ਕਰੇ ਜਾਂ ਨਾ ਕਰੇ ਅਤੇ ਉਸਦਾ ਨਿਪਟਾਰਾ ਕਰਨ ਵਿਚ ਕਿੰਨੇ ਦਿਨ ਜਾਂ ਕਿੰਨੇ ਹਫਤੇ ਲਾਵੇ। ਇਸ ਸਮੇਂ ਨਿਗਮ ਦੇ ਕਿਸੇ ਕਰਮਚਾਰੀ ਜਾਂ ਅਧਿਕਾਰੀ ਦੀ ਕੋਈ ਜਵਾਬਦੇਹੀ ਨਹੀਂ ਹੈ ਕਿ ਉਸਨੇ ਕੰਮ ਕਿਉਂ ਨਹੀਂ ਕੀਤਾ ਅਤੇ ਜੇਕਰ ਕੀਤਾ ਤਾਂ ਕਿੰਨੇ ਸਮੇਂ ਵਿਚ ਕੀਤਾ। ਦੇਰੀ ਦਾ ਕਾਰਨ ਕਿਸੇ ਕੋਲੋਂ ਨਹੀਂ ਪੁੱਛਿਆ ਜਾ ਰਿਹਾ। ਕਈ ਮਾਮਲੇ ਤਾਂ ਅਜਿਹੇ ਹਨ, ਜਿਥੇ ਸ਼ਿਕਾਇਤ ਸੈੱਲ ’ਤੇ ਕੰਪਲੇਂਟ ਕਰਨ ਦੇ ਬਾਵਜੂਦ ਮਹੀਨਿਆਂਬੱਧੀ ਉਸ ’ਤੇ ਕੋਈ ਕਾਰਵਾਈ ਹੀ ਨਹੀਂ ਹੁੰਦੀ। ਇਸ ਸਮੇਂ ਵਿਚ ਸ਼ਿਕਾਇਤ ਸੈੱਲ ਦੀਆਂ ਹਜ਼ਾਰਾਂ ਸ਼ਿਕਾਇਤਾਂ ਪੈਂਡਿੰਗ ਪਈਆਂ ਹੋਈਆਂ ਹਨ ਪਰ ਕਿਸੇ ਦੀ ਜ਼ਿੰਮੇਵਾਰੀ ਫਿਕਸ ਨਹੀਂ ਹੋ ਰਹੀ।
ਵਾਰਡ ਨਿਵਾਸੀਆਂ ਨੂੰ ਨਾਲ ਲੈ ਕੇ ਨਿਗਮ ਵਿਚ ਪ੍ਰਦਰਸ਼ਨ ਕਰਨ ਪੁੱਜੇ ਸਾਬਕਾ ਕੌਂਸਲਰ ਸਮਰਾਏ
5 ਸਾਲ ਆਪਣੀ ਸਰਕਾਰ ਹੋਣ ਦੇ ਬਾਵਜੂਦ ਕਾਂਗਰਸੀ ਕੌਂਸਲਰ ਜਗਦੀਸ਼ ਸਮਰਾਏ ਨੂੰ ਆਪਣੇ ਵਾਰਡ ਦੀਆਂ ਸਮੱਸਿਆਵਾਂ ਲਈ ਕਈ ਵਾਰ ਨਿਗਮ ਆ ਕੇ ਰੋਸ ਪ੍ਰਦਰਸ਼ਨ ਕਰਨਾ ਪਿਆ ਅਤੇ ਹੁਣ ਜਦੋਂ ਕਿ ਉਨ੍ਹਾਂ ਦਾ ਕਾਰਜਕਾਲ ਖਤਮ ਹੋ ਚੁੱਕਾ ਹੈ ਅਤੇ ਸਰਕਾਰ ਵੀ ਜਾ ਚੁੱਕੀ ਹੈ, ਇਹੀ ਸਿਲਸਿਲਾ ਅੱਜ ਵੀ ਚੱਲ ਰਿਹਾ ਹੈ। ਸਾਬਕਾ ਕੌਂਸਲਰ ਸਮਰਾਏ ਦੇ ਵਾਰਡ ਵਿਚ ਨਿਊ ਰਤਨ ਨਗਰ ਦੀ ਟਿਊਬਵੈੱਲ ਵਾਲੀ ਗਲੀ ਵਿਚ ਪਿਛਲੇ ਕਈ ਿਦਨਾਂ ਤੋਂ ਗੰਦਾ ਪਾਣੀ ਖੜ੍ਹਾ ਹੋਇਆ ਹੈ, ਜਿਸ ਕਾਰਨ ਗਲੀ ਵਿਚ ਰਹਿਣ ਵਾਲੇ ਲੋਕਾਂ ਦੇ ਪੈਰ ਤੱਕ ਗਲ ਗਏ ਹਨ ਅਤੇ ਉਨ੍ਹਾਂ ਨੂੰ ਚਮੜੀ ਦੀ ਬੀਮਾਰੀ ਵੀ ਪ੍ਰੇਸ਼ਾਨ ਕਰ ਰਹੀ ਹੈ। ਵਾਰਡ ਨਿਵਾਸੀਆਂ ਨੂੰ ਨਾਲ ਲੈ ਕੇ ਜਗਦੀਸ਼ ਸਮਰਾਏ ਨੇ ਅੱਜ ਨਿਗਮ ਵਿਚ ਰੋਸ ਪ੍ਰਦਰਸ਼ਨ ਵੀ ਕੀਤਾ ਅਤੇ ਧਰਨਾ ਦੇਣ ਦਾ ਪ੍ਰੋਗਰਾਮ ਬਣਾਇਆ, ਜਿਸ ਤੋਂ ਬਾਅਦ ਜੁਆਇੰਟ ਕਮਿਸ਼ਨਰ ਮੈਡਮ ਸ਼ਿਖਾ ਭਗਤ ਨੇ ਉਨ੍ਹਾਂ ਦੀ ਸਮੱਸਿਆ ਸੁਣੀ ਅਤੇ ਹੱਲ ਕਰਨ ਦਾ ਭਰੋਸਾ ਦਿੱਤਾ। ਸਮਰਾਏ ਦਾ ਕਹਿਣਾ ਹੈ ਕਿ ਡਰੇਨ ਦੇ ਨਾਲ-ਨਾਲ ਪਾਏ ਗਏ ਸੀਵਰੇਜ ਕੰਮ ਨਹੀਂ ਕਰ ਰਹੇ, ਜਿਸ ਕਾਰਨ ਕਈ ਕਾਲੋਨੀਆਂ ਵਿਚ ਅਜਿਹੀ ਸਮੱਸਿਆ ਆ ਰਹੀ ਹੈ। ਨਿਗਮ ਅਧਿਕਾਰੀ ਇਸ ਪਾਸੇ ਬਿਲਕੁਲ ਧਿਆਨ ਨਹੀਂ ਦੇ ਰਹੇ ਅਤੇ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਦੂਸ਼ਿਤ ਪਾਣੀ ਤੋਂ ਛੁਟਕਾਰਾ ਦੁਆਉਣ ਲਈ ਲੋਕਾਂ ਨੂੰ ਦਿਆਂਗੇ ਆਰ. ਓ. : ਜਿੰਪਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ