ਪੰਜਾਬ ’ਚ ਕੋਰੋਨਾ ਪਾਜ਼ੇਟਿਵ ਮਰੀਜ਼ ਤਾਂ ਘਟੇ ਪਰ ਨਹੀਂ ਘਟ ਰਹੀ ਮੌਤਾਂ ਦੀ ਗਿਣਤੀ
Tuesday, May 25, 2021 - 02:28 AM (IST)
ਚੰਡੀਗੜ੍ਹ,ਜਲੰਧਰ (ਰੱਤਾ)– ਪੰਜਾਬ ਵਿਚ ਕੋਰੋਨਾ ਪਾਜ਼ੇਟਿਵ ਆਉਣ ਵਾਲਿਆਂ ਦੀ ਗਿਣਤੀ ਭਾਵੇਂ ਘੱਟ ਰਹੀ ਹੈ ਪਰ ਇਸ ਵਾਇਰਸ ਕਾਰਨ ਮਰਨ ਵਾਲਿਆਂ ਦਾ ਗ੍ਰਾਫ ਹੇਠਾਂ ਨਹੀਂ ਆ ਰਿਹਾ। ਸੋਮਵਾਰ ਨੂੰ 188 ਹੋਰ ਮਰੀਜ਼ਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਸੂਬੇ ਵਿਚ ਹੁਣ ਤੱਕ 13469 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ 387 ਮਰੀਜ਼ ਵੈਂਟੀਲੇਟਰ ’ਤੇ ਹਨ ਜਦੋਂਕਿ ਲੈਵਲ-3 ਦੇ 1011 ਮਰੀਜ਼ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਹਨ। ਇਸ ਤੋਂ ਇਲਾਵਾ 6743 ਮਰੀਜ਼ ਆਕਸੀਜਨ ਦੇ ਸਹਾਰੇ ਹਨ।
ਇਹ ਵੀ ਪੜ੍ਹੋ: 26 ਨੂੰ ਆਪਣੇ ਘਰਾਂ ’ਤੇ ਕਾਲੇ ਝੰਡੇ ਲਹਿਰਾਉਣ ਅਕਾਲੀ ਵਰਕਰ : ਸੁਖਬੀਰ
ਵਰਣਨਯੋਗ ਹੈ ਕਿ ਸੂਬੇ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਘਟੀ ਹੈ ਪਰ ਮੌਤਾਂ ਦਾ ਗ੍ਰਾਫ ਅਜੇ ਵੀ 175 ਤੋਂ 227 ਦੇ ਵਿਚਕਾਰ ਚੱਲ ਰਿਹਾ ਹੈ। 1-2 ਦਿਨ ਰਾਹਤ ਮਿਲਦੀ ਹੈ ਤਾਂ ਅਗਲੇ ਦਿਨ ਹੀ ਗ੍ਰਾਫ ਵਧ ਜਾਂਦਾ ਹੈ।
ਇਹ ਵੀ ਪੜ੍ਹੋ: 'ਜਥੇਦਾਰ ਵੇਦਾਂਤੀ ਨੂੰ ਪੰਥਕ ਸਨਮਾਨ ਲਈ ਸਿੰਘ ਸਾਹਿਬਾਨ ਦੀ ਇਕੱਤਰਤਾ ’ਚ ਲਵਾਂਗੇ ਫੈਸਲਾ'
ਸੂਬੇ ਵਿਚੋਂ ਪ੍ਰਾਪਤ ਅੰਕੜਿਆਂ ਮੁਤਾਬਕ ਸੋਮਵਾਰ ਨੂੰ 4487 ਹੋਰ ਲੋਕ ਕੋਰੋਨਾ ਪਾਜ਼ੇਟਿਵ ਆਏ ਹਨ, ਜਿਸ ਨਾਲ ਹੁਣ ਤੱਕ 543484 ਲੋਕ ਕੋਰੋਨਾ ਇਨਫੈਕਟਿਡ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਵਿਚ ਮੋਹਾਲੀ ਅਤੇ ਪਟਿਆਲਾ ਵਿਚ 17-17 ਮਰੀਜ਼ਾਂ ਦੀ ਮੌਤ ਹੋ ਗਈ ਜਦੋਂਕਿ ਲੁਧਿਆਣਾ 'ਚ 15, ਬਠਿੰਡਾ ਵਿਚ 14 ਅਤੇ ਮੁਕਤਸਰ ਵਿਚ 13 ਲੋਕਾਂ ਦੀ ਮੌਤ ਦੀ ਸੂਚਨਾ ਹੈ।