ਨਗਰ ਕੌਂਸਲ ਵੱਲੋਂ ਨਾਜਾਇਜ਼ ਕਬਜ਼ੇ ਖਤਮ ਕਰਨ ਲਈ ਵਿਸ਼ੇਸ਼ ਮੁਹਿੰਮ ਜਾਰੀ
Friday, Nov 24, 2017 - 03:26 AM (IST)

ਗੁਰਦਾਸਪੁਰ, (ਵਿਨੋਦ, ਦੀਪਕ)- ਨਗਰ ਕੌਂਸਲ ਗੁਰਦਾਸਪੁਰ ਵੱਲੋਂ ਅੱਜ ਬਾਜ਼ਾਰਾਂ 'ਚ ਦੁਕਾਨਦਾਰਾਂ ਤੇ ਰੇਹੜੀ ਫੜ੍ਹੀ ਵਾਲਿਆਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਖਤਮ ਕਰਨ ਲਈ ਜਿਥੇ ਲਾਊਂਡ ਸਪੀਕਰ ਰਾਹੀਂ ਮੁਨਾਦੀ ਕੀਤੇ ਜਾਣ ਦਾ ਕੰਮ ਜਾਰੀ ਰੱਖਿਆ, ਉਥੇ ਅੱਜ ਦੂਜੇ ਦਿਨ ਵੀ ਸੜਕਾਂ ਤੇ ਬਾਜ਼ਾਰਾਂ 'ਚ ਹੋਏ ਨਾਜਾਇਜ਼ ਕਬਜ਼ੇ ਖਤਮ ਕਰਨ ਸਬੰਧੀ ਮੁਹਿੰਮ ਜਾਰੀ ਰਹੀ।
ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਨਾਇਬ ਤਹਿਸੀਲਦਾਰ ਮਹਿੰਦਰ ਪਾਲ ਤੇ ਪੁਲਸ ਕਰਮਚਾਰੀਆਂ ਦੀ ਅਗਵਾਈ 'ਚ ਨਗਰ ਕੌਂਸਲ ਕਰਮਚਾਰੀਆਂ ਨੇ ਸੜਕਾਂ 'ਤੇ ਦੁਕਾਨਦਾਰਾਂ ਵੱਲੋਂ ਕੀਤੇ ਬਿਨਾਂ ਕਾਰਨ ਨਾਜਾਇਜ਼ ਕਬਜ਼ਿਆਂ ਨੂੰ ਖਤਮ ਕਰਵਾਇਆ।
ਇਸ ਸਬੰਧੀ ਅੱਜ ਨਗਰ ਕੌਂਸਲ ਦੇ ਈ. ਓ. ਭੁਪਿੰਦਰ ਸਿੰਘ ਨੇ ਚਿਤਾਵਨੀ ਦਿੱਤੀ ਕਿ ਜੇਕਰ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਅੱਗੇ ਸੜਕਾਂ 'ਤੇ ਕੀਤੇ ਨਾਜਾਇਜ਼ ਕਬਜ਼ੇ ਖਤਮ ਨਹੀਂ ਕੀਤੇ ਤਾਂ ਕਾਰਵਾਈ ਹੋਵੇਗੀ, ਜਿਸ 'ਤੇ ਬੀਤੇ ਦਿਨ ਨਾਜਾਇਜ਼ ਕਬਜ਼ਿਆਂ ਨੂੰ ਖਤਮ ਕਰਨ ਦੀ ਮੁਹਿੰਮ ਨਗਰ ਕੌਂਸਲ ਨੇ ਸ਼ੁਰੂ ਕੀਤੀ ਸੀ ਜੋ ਅੱਜ ਵੀ ਜਾਰੀ ਰਹੀ। ਨਗਰ ਕੌਂਸਲ ਕਰਮਚਾਰੀਆਂ ਨੇ ਅੱਜ ਅਮਾਮਵਾੜਾ ਚੌਕ ਤੋਂ ਹਨੂਮਾਨ ਚੌਕ ਤੇ ਲਾਇਬ੍ਰੇਰੀ ਰੋਡ 'ਤੇ ਆਪਣੀ ਮੁਹਿੰਮ ਚਲਾਈ।
ਜਿਸ 'ਤੇ ਅੱਜ ਨਗਰ ਕੌਂਸਲ ਨੇ ਜ਼ਿਲਾ ਪ੍ਰਸ਼ਾਸਨ ਤੋਂ ਐਗਜ਼ੈਕਟਿਵ ਮੈਜਿਸਟ੍ਰੇਟ ਕਮ-ਨਾਇਬ ਤਹਿਸੀਲਦਾਰ ਮਹਿੰਦਰ ਪਾਲ, ਪੁਲਸ ਅਧਿਕਾਰੀ ਰਮੇਸ਼ ਕੁਮਾਰ ਦੀ ਅਗਵਾਈ 'ਚ ਨਗਰ ਕੌਂਸਲ ਕਰਮਚਾਰੀਆਂ ਨੇ ਸੜਕਾਂ 'ਤੇ ਹੋਏ ਨਾਜਾਇਜ਼ ਕਬਜ਼ੇ ਖਤਮ ਕਰ ਕੇ ਸਾਮਾਨ ਚੁੱਕ ਕੇ ਟਰਾਲੀਆਂ 'ਚ ਪਾ ਲਿਆ। ਨਗਰ ਕੌਂਸਲ ਕਰਮਚਾਰੀਆਂ ਨੇ ਅੱਜ ਸਦਰ ਬਾਜ਼ਾਰ ਤੋਂ ਲਾਇਬ੍ਰੇਰੀ ਚੌਕ ਤੱਕ ਅਤੇ ਕੁਝ ਹੋਰ ਬਾਜ਼ਾਰਾਂ 'ਚ ਇਹ ਮੁਹਿੰਮ ਚਲਾਈ।