ਨਗਰ ਨਿਗਮ ਦੇ ਕਲਰਕ ਨੂੰ ਚਾਰ ਸਾਲ ਦੀ ਕੈਦ

02/17/2018 4:54:20 PM

ਬਠਿੰਡਾ (ਬਲਵਿੰਦਰ)-ਇਥੇ ਅਦਾਲਤ ਵੱਲੋਂ ਨਗਰ ਨਿਗਮ ਬਠਿੰਡਾ ਦੇ ਇਕ ਕਲਰਕ ਨੂੰ ਰਿਸ਼ਵਤ ਦੇ ਦੋਸ਼ਾਂ ਤਹਿਤ ਚਾਰ ਸਾਲ ਕੈਦ ਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ।
ਵਿਜੀਲੈਂਸ ਬਿਊਰੋ ਬਠਿੰਡਾ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ ਸ਼ਿਵਰਾਜ ਸਿੰਘ ਵਾਸੀ ਰਾਏਕੇ ਕਲਾਂ ਨੇ ਵਿਜੀਲੈਂਸ ਬਿਊਰੋ ਬਠਿੰਡਾ ਵਿਖੇ 18 ਮਈ 2015 ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਨਗਰ ਨਿਗਮ ਦਾ ਕਲਰਕ ਵਿਨੇ ਕੁਮਾਰ ਉਸ ਦੀ ਐੱਨ. ਆਰ. ਆਈ. ਭੈਣ ਦਾ ਜਨਮ ਸਰਟੀਫਿਕੇਟ ਬਣਾਉਣ ਬਦਲੇ ਮੋਟੀ ਰਿਸ਼ਵਤ ਮੰਗ ਰਿਹਾ ਹੈ। 
ਮੌਕੇ ਦੇ ਡੀ. ਐੱਸ. ਪੀ. ਵਿਜੀਲੈਂਸ ਭੁਪਿੰਦਰ ਸਿੰਘ ਨੇ ਪ੍ਰੋਗਰਾਮ ਮਿੱਥ ਕੇ ਉਕਤ ਨੂੰ ਕਲਰਕ ਕੋਲ 10 ਹਜ਼ਾਰ ਰੁਪਏ ਨਕਦ ਤੇ ਉਸ ਦੇ ਨਾਂ 'ਤੇ ਇਕ ਦਸਤਖਤ ਕੀਤਾ ਖਾਲੀ ਚੈੱਕ ਦੇ ਕੇ ਭੇਜ ਦਿੱਤਾ। ਜਿਉਂ ਹੀ ਵਿਨੇ ਕੁਮਾਰ ਨੇ ਰਿਸ਼ਵਤ ਦੀ ਰਕਮ ਤੇ ਚੈੱਕ ਫੜ੍ਹਿਆ, ਤਿਉਂ ਹੀ ਵਿਜੀਲੈਂਸ ਟੀਮ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਜਿਸ ਕੋਲੋਂ ਰਿਸ਼ਵਤ ਦੀ ਰਕਮ ਤੇ ਚੈੱਕ ਵੀ ਬਰਾਮਦ ਕਰ ਲਿਆ ਗਿਆ। ਇਹ ਮਾਮਲਾ ਅਦਾਲਤ ਵਿਚ ਚੱਲ ਰਿਹਾ ਸੀ।
ਕੰਵਲਜੀਤ ਸਿੰਘ ਐਡੀਸ਼ਨਲ ਸੈਸ਼ਨ ਜੱਜ ਬਠਿੰਡਾ ਨੇ ਵਿਨੇ ਕੁਮਾਰ ਨੂੰ ਦੋਸ਼ੀ ਕਰਾਰ ਦਿੰਦਿਆਂ 4 ਸਾਲ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾ ਦਿੱਤੀ।


Related News