ਜੱਚਾ-ਬੱਚਾ ਕੇਂਦਰ ਅੱਗੇ ਪਏ ਕੂੜੇ ਦੇ ਡੰਪ ਦਾ ਮਾਮਲਾ ਗਰਮਾਇਆ
Sunday, Jun 11, 2017 - 06:22 AM (IST)
ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)— ਸਰਕਾਰੀ ਜੱਚਾ-ਬੱਚਾ ਕੇਂਦਰ ਅੱਗੇ ਪਏ ਕੂੜੇ ਦੇ ਡੰਪ ਦੇ ਮਾਮਲੇ ਨੇ ਤੂਲ ਫੜ ਲਿਆ ਹੈ। ਇਸ ਮੁੱਦੇ 'ਤੇ ਜਿਥੇ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਨੇ ਸਖਤ ਸਟੈਂਡ ਲਿਆ ਹੈ, ਉਥੇ ਨਗਰ ਕੌਂਸਲ ਵੱਲੋਂ ਅਜੇ ਵੀ ਲਿਪਾਪੋਚੀ ਹੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜ਼ਿਲੇ ਦੀ ਆਬਾਦੀ ਸਾਢੇ 6 ਲੱਖ ਤੋਂ ਜ਼ਿਆਦਾ ਹੈ। ਜਣੇਪੇ ਅਤੇ ਬੱਚਿਆਂ ਦੇ ਇਲਾਜ ਲਈ ਇਹੀ ਜ਼ਿਲੇ ਦਾ ਇਕੋ-ਇਕ ਸਰਕਾਰੀ ਹਸਪਤਾਲ ਹੈ, ਜੋ ਨਗਰ ਕੌਂਸਲ ਦੀ ਅਣਗਹਿਲੀ ਦਾ ਸ਼ਿਕਾਰ ਹੋ ਰਿਹਾ ਹੈ। ਜੱਚਾ-ਬੱਚਾ ਕੇਂਦਰ 'ਚ ਸੈਂਕੜੇ ਮਾਪੇ ਆਪਣੇ ਨੰਨ੍ਹੇ-ਮੁੰਨੇ ਬੱਚਿਆਂ ਦਾ ਇਲਾਜ ਅਤੇ ਜਣੇਪੇ ਲਈ ਆਉਂਦੇ ਹਨ ਪਰ ਇਸ ਦੇ ਬਾਹਰ ਲੱਗੇ ਕੂੜੇ ਦੇ ਡੰਪ ਦੀ ਬਦਬੂ ਕਾਰਨ ਜਿਥੇ ਹਸਪਤਾਲ 'ਚ ਦਾਖਲ ਹੋਣਾ ਮੁਸ਼ਕਲ ਹੋ ਜਾਂਦਾ ਹੈ, ਉਥੇ ਇਸ 'ਤੇ ਮੱਛਰ-ਮੱਖੀਆਂ ਪੈਦਾ ਹੋਣ ਕਾਰਨ ਨੰਨ੍ਹੇ-ਮੁੰਨੇ ਬੱਚਿਆਂ ਨੂੰ ਬੀਮਾਰੀ ਲੱਗਣ ਦਾ ਡਰ ਸਤਾਉਂਦਾ ਰਹਿੰਦਾ ਹੈ। ਇਸ ਮਸਲੇ ਦੇ ਹੱਲ ਲਈ ਸਿਵਲ ਹਸਪਤਾਲ ਨੇ ਕੁਝ ਜ਼ਮੀਨ ਨਗਰ ਕੌਂਸਲ ਨੂੰ ਦੇ ਦਿੱਤੀ ਕਿ ਜੱਚਾ-ਬੱਚਾ ਕੇਂਦਰ ਅੱਗੇ ਕੂੜੇ ਦਾ ਡੰਪ ਲਾਉਣ ਦੀ ਬਜਾਏ, ਇਸ ਜਗ੍ਹਾ 'ਤੇ ਡੰਪ ਲਾਇਆ ਜਾਵੇ। ਹਸਪਤਾਲ ਵੱਲੋਂ ਜ਼ਮੀਨ ਦੇਣ ਦੇ ਬਾਵਜੂਦ ਇਸ ਮਸਲੇ ਦਾ ਅਜੇ ਤੱਕ ਹੱਲ ਨਹੀਂ ਹੋਇਆ। ਸੜਕ ਵਿਚਕਾਰ ਕੂੜੇ ਦਾ ਡੰਪ ਹੋਣ ਕਾਰਨ ਇਥੇ ਟ੍ਰੈਫਿਕ ਵੀ ਜਾਮ ਹੋ ਜਾਂਦਾ ਹੈ, ਜਿਸ ਕਾਰਨ ਸਿਵਲ ਹਸਪਤਾਲ ਅਤੇ ਜੱਚਾ-ਬੱਚਾ ਕੇਂਦਰ ਦੇ ਹਜ਼ਾਰਾਂ ਮਰੀਜ਼ਾਂ ਨੂੰ ਮੁਸ਼ਕਲਾਂ ਆਉਂਦੀਆਂ ਹਨ। ਐਂਬੂਲੈਂਸਾਂ ਵੀ ਜਾਮ 'ਚ ਫਸ ਜਾਂਦੀਆਂ ਹਨ, ਜਿਸ ਕਾਰਨ ਗੰਭੀਰ ਮਰੀਜ਼ਾਂ ਦੀ ਜਾਨ ਨੂੰ ਹਰ ਸਮੇਂ ਖਤਰਾ ਬਣਿਆ ਰਹਿੰਦਾ ਹੈ।
ਸਮਾਜ ਸੇਵੀ ਸੰਸਥਾਵਾਂ ਦੇ ਆਗੂ ਕਈ ਵਾਰ ਕਰ ਚੁੱਕੇ ਨੇ ਰੋਸ ਪ੍ਰਦਰਸ਼ਨ : ਜੱਚਾ-ਬੱਚਾ ਕੇਂਦਰ ਦੇ ਅੱਗਿਓਂ ਕੂੜੇ ਦਾ ਡੰਪ ਚੁਕਾਉਣ ਲਈ ਕਈ ਵਾਰ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਰੋਸ ਪ੍ਰਦਰਸ਼ਨ ਕਰ ਚੁੱਕੇ ਹਨ, ਜਿਨ੍ਹਾਂ ਨੂੰ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਵਿਸ਼ਵਾਸ ਵੀ ਦਿਵਾਇਆ ਸੀ ਕਿ ਕੂੜੇ ਦਾ ਡੰਪ ਚੁੱਕਵਾ ਲਿਆ ਜਾਵੇਗਾ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ।
