ਮਜ਼੍ਹਬੀ ਸਿੱਖ ਮੋਰਚਾ ਨੇ ਡੀ. ਸੀ. ਦਫਤਰ ਸਾਹਮਣੇ ਕੀਤਾ ਪ੍ਰਦਰਸ਼ਨ

09/16/2017 7:07:31 AM

ਕਪੂਰਥਲਾ, (ਭੂਸ਼ਣ)- ਵਾਲਮੀਕਿ-ਮਜ਼੍ਹਬੀ ਸਿੱਖ ਮੋਰਚਾ ਪੰਜਾਬ ਨੇ ਮੰਗਾਂ ਨੂੰ ਲੈ ਕੇ ਅਤੇ ਪੁਲਸ ਦੀ ਧੱਕੇਸ਼ਾਹੀ ਦੇ ਖਿਲਾਫ ਅੱਜ ਸੂਬਾ ਪ੍ਰਧਾਨ ਮਹਿੰਦਰ ਸਿੰਘ ਹਮੀਰਾ ਦੀ ਅਗਵਾਈ 'ਚ ਡੀ. ਸੀ. ਦਫਤਰ ਸਾਹਮਣੇ ਧਰਨਾ-ਪ੍ਰਦਰਸ਼ਨ ਕੀਤਾ। ਜਿਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਏ. ਡੀ. ਸੀ. ਜਨਰਲ ਰਾਹੁਲ ਚਾਬਾ ਨੂੰ ਮੰਗ ਪੱਤਰ ਦਿੱਤਾ। ਇਸ ਤੋਂ ਪਹਿਲਾਂ ਮੋਰਚਾ ਦੇ ਅਧਿਕਾਰੀਆਂ ਤੇ ਮੈਂਬਰਾਂ ਨੇ ਸ਼ਾਲੀਮਾਰ ਬਾਗ 'ਚ ਇਕੱਠੇ ਹੋ ਕੇ ਸਰਕਾਰ ਤੇ ਪੁਲਸ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ। 
ਧਰਨੇ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਮਹਿੰਦਰ ਸਿੰਘ ਹਮੀਰਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ 70 ਸਾਲ ਬਾਅਦ ਵੀ ਦੇਸ਼ ਦੀ ਆਬਾਦੀ ਦਾ ਇਕ ਤਿਹਾਈ ਹਿੱਸਾ ਗਰੀਬੀ ਅਤੇ ਗੁਲਾਮੀ 'ਚ ਆਪਣਾ ਜੀਵਨ ਬਿਤਾ ਰਿਹਾ ਹੈ, ਜਿਨ੍ਹਾਂ ਦੇ ਕੋਲ ਰਹਿਣ ਦੇ ਲਈ ਮਕਾਨ ਨਹੀਂ ਹਨ। ਦੇਸ਼ ਦੇ ਕਰੋੜਾਂ ਲੋਕ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ ਅਤੇ ਕਰੋੜਾਂ ਲੋਕ ਰੇਲਵੇ ਟ੍ਰੈਕ, ਪਲੇਟਫਾਰਮ, ਪੁਲਾਂ ਦੇ ਹੇਠਾਂ ਰਾਤ ਗੁਜ਼ਾਰ ਰਹੇ ਹਨ। ਹੁਣ ਤਕ ਬਣੀਆਂ ਸਰਕਾਰਾਂ 'ਚ ਚਾਹੇ ਉਹ ਕੇਂਦਰ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ, ਕਿਸੀ ਵੀ ਸਰਕਾਰ ਨੇ ਗਰੀਬਾਂ ਅਤੇ ਦਲਿਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕੋਈ ਠੋਸ ਕੰਮ ਨਹੀਂ ਕੀਤੇ। ਅੱਜ ਵੀ ਦੇਸ਼ ਦੇ ਪੜ੍ਹੇ-ਲਿਖੇ ਲੋਕ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਅਤੇ ਨਿਰਾਸ਼ਾ ਹੱਥ ਲੱਗਣ 'ਤੇ ਉਹ ਬੇਰੁਜ਼ਗਾਰ ਨੌਜਵਾਨ ਨਸ਼ੇ ਦੀ ਦਲ-ਦਲ ਵਿਚ ਫਸ ਰਹੇ ਹਨ। 
ਹਮੀਰਾ ਨੇ ਕਿਹਾ ਕਿ ਆਏ ਦਿਨ ਟੀ. ਵੀ. ਸੀਰੀਅਲ, ਨਾਟਕਾਂ, ਕਿਤਾਬਾਂ ਵਿਚ ਭਗਵਾਨ ਵਾਲਮੀਕਿ ਜੀ ਮਹਾਰਾਜ ਦਾ ਇਤਿਹਾਸ ਖਤਮ ਕਰਨ ਦੀ ਸਾਜ਼ਿਸ਼ ਤਹਿਤ ਉਨ੍ਹਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਅਨੁਸਾਰ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾਏ ਅਤੇ ਘੱਟ ਪੜ੍ਹੇ-ਲਿਖੇ ਜ਼ਿਆਦਾ ਉਮਰ ਦੇ ਵਿਅਕਤੀਆਂ ਨੂੰ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ, ਕਾਰੋਬਾਰ ਚਲਾਉਣ ਦੇ ਲਈ ਆਸਾਨ ਕਿਸ਼ਤਾਂ 'ਤੇ ਕਰਜ਼ਾ ਮੁਹੱਈਆ ਕਰਵਾਇਆ ਜਾਵੇ, ਬੇਘਰ ਲੋਕਾਂ ਨੂੰ 5-5 ਮਰਲੇ ਦੇ ਪਲਾਟ ਮਕਾਨ ਬਣਾਉਣ ਲਈ ਅਲਾਟ ਕੀਤੇ ਜਾਣ ਤੇ ਘਰ ਬਣਾਉਣ ਲਈ ਗ੍ਰਾਂਟ ਦਿੱਤੀ ਜਾਵੇ। 
ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤੁਰੰਤ ਲਾਗੂ ਕੀਤੀ ਜਾਵੇ ਤੇ ਕੇਂਦਰ ਦੁਆਰਾ ਭੇਜੇ 1200 ਕਰੋੜ ਰੁਪਏ ਦੇ ਘੋਟਾਲੇ ਦੀ ਜਾਂਚ ਕਰਵਾਈ ਜਾਵੇ, ਬੁਢਾਪਾ ਅਤੇ ਵਿਧਵਾ ਪੈਨਸ਼ਨ 2 ਹਜ਼ਾਰ ਰੁਪਏ ਦਿੱਤੀ ਜਾਵੇ, ਮਨਰੇਗਾ ਤਹਿਤ 200 ਦਿਨ ਦਾ ਰੋਜ਼ਗਾਰ ਦਿੱਤਾ ਜਾਵੇਗਾ ਅਤੇ ਦਿਹਾੜੀ ਘੱਟੋ-ਘੱਟ 300 ਰੁਪਏ ਦਿੱਤੀ ਜਾਵੇ। ਗਰੀਬਾਂ ਅਤੇ ਖੇਤ ਮਜ਼ਦੂਰਾਂ ਦਾ ਸਾਰਾ ਕਰਜ਼ ਮੁਆਫ ਕੀਤਾ ਜਾਵੇ ਤੇ ਗਰੀਬ ਨੌਜਵਾਨਾਂ ਦੇ ਨਾਲ ਪੁਲਸ ਦੀ ਧੱਕੇਸ਼ਾਹੀ ਬੰਦ ਕੀਤੀ ਜਾਵੇ। ਇਸ ਤੋਂ ਇਲਾਵਾ ਬੀਤੇ ਦਿਨੀਂ ਪਿੰਡ ਧਾਲੀਵਾਲ ਦੋਨਾ ਵਿਚ ਭਗਵਾਨ ਵਾਲਮੀਕਿ ਮੰਦਿਰ 'ਚ ਕੀਤੀ ਗਈ ਤੋੜ-ਭੰਨ ਅਤੇ ਭਗਵਾਨ ਵਾਲਮੀਕਿ ਜੀ ਦੀ ਮੂਰਤੀ ਦਾ ਅਪਮਾਨ ਕਰਨ ਵਾਲੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਸੰਘਰਸ਼ ਹੋਰ ਤੇਜ਼ ਹੋਵੇਗਾ।
ਇਸ ਮੌਕੇ 'ਤੇ ਪੰਜਾਬ ਵਾਈਸ ਪ੍ਰਧਾਨ ਜੀਵਨ ਸਿੰਘ ਡੋਗਰਾਂਵਾਲ, ਗੁਰਨਾਮ ਸਿੰਘ, ਸਤਨਾਮ ਸਿੰਘ, ਰਣਜੀਤ ਸਿੰਘ, ਬਾਬਾ ਜਸਪਾਲ ਸਿੰਘ, ਤਰਸੇਮ ਸਿੰਘ, ਸਰਵਣ ਸਿੰਘ, ਬਿੰਦਰ ਸਿੰਘ, ਕਰਨੈਲ ਸਿੰਘ, ਗੁਰਦੇਵ ਸਿੰਘ, ਗਗਨ ਨਕੋਦਰ, ਭੋਲਾ ਸਿੰਘ ਕਾਲਾ ਬਕਰਾ, ਸਰਬਜੀਤ ਸਿੰਘ, ਅਮਰਜੋਤ ਸਿੰਘ, ਪ੍ਰਗਟ ਸਿੰਘ, ਸੀਲੂ ਢਿੱਲਵਾਂ, ਅਨਿਲ, ਸੁਖਵਿੰਦਰ ਸਿੰਘ ਥਾਪਰ, ਵੀਰ ਸਿੰਘ, ਬਾਬਾ ਗਰੀਬ ਦਾਸ, ਸਰਵਣ ਸਿੰਘ, ਸਤਪਾਲ ਸਿੰਘ, ਗੁਰਮੇਜ ਸਿੰਘ, ਜਥੇਦਾਰ ਸਤਪਾਲ ਸਿੰਘ ਤੋਂ ਇਲਾਵਾ ਹੋਰ ਮੈਂਬਰ ਹਾਜ਼ਰ ਸਨ।


Related News