ਨਕਾਬਪੋਸ਼ ਨੇ ਪੰਪ ਮੁਲਾਜ਼ਮਾਂ ''ਤੇ ਕੀਤਾ ਜਾਨਲੇਵਾ ਹਮਲਾ

Tuesday, Jun 13, 2017 - 05:14 PM (IST)

ਨਕਾਬਪੋਸ਼ ਨੇ ਪੰਪ ਮੁਲਾਜ਼ਮਾਂ ''ਤੇ ਕੀਤਾ ਜਾਨਲੇਵਾ ਹਮਲਾ


ਅਬੋਹਰ(ਸੁਨੀਲ)-ਅਬੋਹਰ-ਹਨੂਮਾਨਗੜ੍ਹ ਰੋਡ 'ਤੇ ਪਿੰਡ ਰਾਜਪੁਰਾ 'ਚ ਬੀਤੀ ਰਾਤ ਪੈਟਰੋਲ ਪੰਪ 'ਤੇ ਕਰੀਬ 2 ਵਜੇ ਅਣਪਛਾਤੇ ਨਕਾਬਪੋਸ਼ ਹਥਿਆਰਬੰਦ ਨੌਜਵਾਨ ਨੇ 2 ਪੰਪ ਮੁਲਾਜ਼ਮਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ 'ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦੇ ਹੋਏ ਮੋਹਿਤ ਅਤੇ ਰੂਪਚੰਦ ਵਧਵਾ ਦੇ ਸਾਂਝੇ ਪੈਟਰੋਲ ਪੰਪ ਦੇ ਮੈਨੇਜਰ ਹਿਤੇਸ਼ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਮਟੀਲੀ ਨੇ ਦੱਸਿਆ ਕਿ ਉਨ੍ਹਾਂ ਦੇ ਪੰਪ 'ਤੇ ਪਿੰਡ ਰਾਜਪੁਰਾ ਵਾਸੀ ਗਗਨ ਉਰਫ ਗੱਗੂ ਪੁੱਤਰ ਗੁਰਜੀਤ ਤੇ ਮਨੋਜ ਪੁੱਤਰ ਭਜਨ ਲਾਲ ਬਤੌਰ ਸੇਲਜ਼ਮੈਨ ਕੰਮ ਕਰਦੇ ਹਨ। ਐਤਵਾਰ ਰਾਤ ਦੋਵੇਂ ਹੀ ਡਿਊਟੀ 'ਤੇ ਸੀ ਰਾਤ ਕਰੀਬ 2 ਵਜੇ ਹੱਥ 'ਚ ਕੁਹਾੜੀ ਲੈ ਕੇ ਇਕ ਨਕਾਬਪੋਸ਼ ਨੌਜਵਾਨ ਪੰਪ 'ਤੇ ਆਇਆ ਅਤੇ ਕਮਰੇ ਵਿਚ ਜਾ ਕੇ ਦੋਵੇਂ ਸੈਲਜ਼ਮੈਨਾਂ 'ਤੇ ਬੁਰੀ ਤਰ੍ਹਾਂ ਹਮਲਾ ਕਰ ਦਿੱਤਾ, ਜਿਸ ਨਾਲ ਮਨੋਜ ਨੇ ਭੱਜ ਕੇ ਕੋਲ ਹੀ ਸਥਿਤ ਢਾਣੀ ਵਿਚ ਸ਼ੋਰ ਮਚਾਇਆ ਜਦਕਿ ਗਗਨ ਨੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰ ਨੇ ਉਸਨੂੰ ਬੁਰੀ ਤਰ੍ਹਾਂ ਫੱਟੜ ਕਰ ਦਿੱਤਾ। ਉਸਦੇ ਸਿਰ 'ਤੇ ਕੁਹਾੜੀ ਨਾਲ ਕਈ ਹਮਲੇ ਕੀਤੇ। 
ਇੱਧਰ ਸੂਚਨਾ ਮਿਲਦੇ ਹੀ ਕੋਲ ਹੀ ਸਥਿਤ ਢਾਣੀ ਦੇ ਲੋਕਾਂ ਨੇ ਪੰਪ ਮਾਲਕ ਤੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਥਾਣਾ ਬਹਾਵਵਾਲਾ ਮੁਖੀ ਬਲਕਾਰ ਸਿੰਘ ਰਾਤ ਨੂੰ ਹੀ ਪੁਲਸ ਬਲ ਨਾਲ ਮੌਕੇ 'ਤੇ ਪੁੱਜੇ ਅਤੇ ਦੋਵੇਂ ਫੱਟੜਾਂ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ, ਜਿਸ 'ਚੋਂ ਗਗਨ ਦੀ ਹਾਲਤ ਗੰਭੀਰ ਦੇਖਦੇ ਹੋਏ ਉਸਨੂੰ ਬਠਿੰਡਾ ਰੈਫਰ ਕੀਤਾ ਗਿਆ।  ਸੋਮਵਾਰ ਸਵੇਰੇ ਪੁਲਸ ਕਪਤਾਨ ਅਮਰਜੀਤ ਸਿੰਘ ਮਟਵਾਨੀ ਪੁਲਸ ਪਾਰਟੀ ਸਣੇ ਮੌਕੇ 'ਤੇ ਪਹੁੰਚੇ ਅਤੇ ਮਨੋਜ ਦੇ ਬਿਆਨਾਂ 'ਤੇ ਅਣਪਛਾਤੇ ਹਮਲਾਵਰ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।


Related News