ਗੋਰੇ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ, ਅਮਰੀਕਾ ’ਚ ਗੁਆਚਾ ਬਟੂਆ 8 ਮਹੀਨੇ ਬਾਅਦ ਬਟਾਲਾ ’ਚ ਮਿਲਿਆ
Monday, Oct 17, 2022 - 06:33 PM (IST)

ਬਟਾਲਾ (ਮਠਾਰੂ) : ਬਟਾਲਾ ਦੇ ਨਾਮਵਰ ਡਾਕਟਰ ਅਤੇ ਜ਼ਿਲ੍ਹਾ ਪਲੈਨਿੰਗ ਬੋਰਡ ਗੁਰਦਾਸਪੁਰ ਦੇ ਸਾਬਕਾ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ ਦਾ 8 ਮਹੀਨੇ ਪਹਿਲਾਂ ਅਮਰੀਕਾ ਵਿਚ ਗੁਆਚਿਆ ਕੀਮਤੀ ਬਟੂਆ ਅਮਰੀਕਾ ਨਿਵਾਸੀ ਇਕ ਗੋਰੇ ਅਤੇ ਇਕ ਗੁਰਸਿੱਖ ਗ੍ਰੰਥੀ ਸਿੰਘ ਦੀ ਇਮਾਨਦਾਰੀ ਨਾਲ ਸਹੀ ਸਲਾਮਤ ਵਾਪਸ ਮਿਲ ਗਿਆ ਹੈ। ਦੱਸਣਯੋਗ ਹੈ ਕਿ ਡਾ. ਸਤਨਾਮ ਸਿੰਘ ਨਿੱਝਰ ਫਰਵਰੀ 2022 ਵਿਚ ਅਮਰੀਕਾ ਰਹਿੰਦੀ ਆਪਣੀ ਬੇਟੀ ਡਾ. ਜਸਰੀਨਾ ਦੇ ਕੋਲ ਲਾਸ ਏਂਜਲਸ ਗਏ ਹੋਏ ਸਨ। ਇਸ ਦੌਰਾਨ ਘਰ ਦੇ ਬਾਹਰ ਬਣੀ ਵੱਡੀ ਪਾਰਕ ਵਿਚ ਸੈਰ ਕਰਦੇ ਸਮੇਂ ਉਨ੍ਹਾਂ ਦਾ ਬਟੂਆ ਗੁਆਚ ਗਿਆ ਸੀ। ਜਿਸ ਵਿਚ ਪੰਜਾਹ ਹਜ਼ਾਰ ਰੁਪਏ ਦੇ ਕਰੀਬ ਦੀ ਨਕਦੀ ਅਤੇ ਹੋਰ ਅਹਿਮ ਜ਼ਰੂਰੀ ਦਸਤਾਵੇਜ਼ ਵੀ ਸ਼ਾਮਲ ਸਨ। ਇਸ ਦੌਰਾਨ ਡਾ. ਨਿੱਝਰ ਵੱਲੋਂ ਅਮਰੀਕਾ ਵਿਚ ਆਪਣਾ ਬਟੂਆ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੂੰ ਨਹੀਂ ਮਿਲਿਆ, ਜਿਸ ਦੇ ਚੱਲਦਿਆਂ ਡਾ. ਸਤਨਾਮ ਸਿੰਘ ਨਿੱਝਰ ਅਮਰੀਕਾ ਤੋਂ ਵਾਪਸ ਭਾਰਤ ਪੰਜਾਬ ਆਪਣੇ ਬਟਾਲਾ ਸਥਿਤ ਘਰ ਆ ਗਏ ਅਤੇ ਗੁਆਚੇ ਜ਼ਰੂਰੀ ਦਸਤਾਵੇਜ਼ਾ ਨੂੰ ਮੁੜ ਤੋਂ ਤਿਆਰ ਕਰਨ ਲਈ ਉਨ੍ਹਾਂ ਨੂੰ ਮੁਸ਼ਕਿਲ ਦਾ ਸਾਹਮਣਾ ਜ਼ਰੂਰ ਕਰਨਾ ਪਿਆ।
ਇਹ ਵੀ ਪੜ੍ਹੋ : ਦੇਸ਼ ’ਚ 5ਜੀ ਸੇਵਾ ਸ਼ੁਰੂ ਹੋਣ ’ਤੇ ਪੰਜਾਬ ਦੇ ਡੀ. ਜੀ. ਪੀ. ਦਾ ਅਲਰਟ, ਲੋਕਾਂ ਨੂੰ ਦਿੱਤੀ ਵੱਡੀ ਚਿਤਾਵਨੀ
ਇਸ ਦੌਰਾਨ ਡਾ. ਨਿੱਝਰ ਦਾ ਗੁਆਚਿਆ ਹੋਇਆ ਉਕਤ ਬਟੂਆ ਪਾਰਕ ਵਿਚੋਂ ਅਟਾਰਨੀ ਸਕੌਟ ਸੀ ਸਮਿਥ ਨਾਮੀ ਅਮਰੀਕਾ ਦੇ ਇੱਕ ਗੋਰੇ ਨੂੰ ਮਿਲਿਆ। ਜਿਨ ਨੇ ਬਟੂਏ ਵਿਚ ਡਾ. ਨਿੱਝਰ ਦੀ ਤਸਵੀਰ ਵੇਖ ਕੇ ਪੂਰੀ ਇਮਾਨਦਾਰੀ ਨਾਲ ਅਮਰੀਕਾ ਦੇ ਵਾਰਮੌਟ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਸਰਬਜੀਤ ਸਿੰਘ ਨੂੰ ਬਟੂਆ ਸੌਂਪ ਦਿੱਤਾ। ਜਿਸ ਤੋਂ ਬਾਅਦ ਗ੍ਰੰਥੀ ਸਿੰਘ ਭਾਈ ਸਰਬਜੀਤ ਸਿੰਘ ਨੇ ਬਟੂਆ ਅਸਲੀ ਮਾਲਕ ਨੂੰ ਵਾਪਸ ਕਰਨ ਲਈ ਕਈ ਮਹੀਨੇ ਜੱਦੋ-ਜਹਿਦ ਕਰਦਿਆਂ ਭਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕਾਮਯਾਬੀ ਹਾਸਲ ਨਹੀਂ ਹੋਈ। ਇਸ ਦੇ ਚੱਲਦਿਆਂ ਕੁਝ ਦਿਨ ਪਹਿਲਾਂ ਗ੍ਰੰਥੀ ਸਿੰਘ ਭਾਈ ਸਰਬਜੀਤ ਸਿੰਘ ਅਮਰੀਕਾ ਤੋਂ ਪੰਜਾਬ ਸਥਿਤ ਜਲੰਧਰ ਵਿਖੇ ਆਪਣੇ ਘਰ ਵਾਪਸ ਪਹੁੰਚੇ, ਜਿੱਥੇ ਉਨ੍ਹਾਂ ਨੇ ਬਟੂਏ ਵਿਚੋਂ ਮਿਲੇ ਪੈਨ ਕਾਰਡ ਨੂੰ ਇਨਕਮ ਟੈਕਸ ਵਿਭਾਗ ਦੇ ਦਫਤਰ ਵਿਖੇ ਲਿਆ ਕੇ ਡਾ. ਸਤਨਾਮ ਦਾ ਬਟਾਲਾ ਸਥਿਤ ਪਤਾ ਹਾਸਿਲ ਕੀਤਾ। ਉਧਰ ਬਟਾਲਾ ਵਿਖੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਡਾ. ਨਿੱਝਰ ਦੇ ਘਰ ਭੇਜ ਕੇ ਟੈਲੀਫੋਨ ’ਤੇ ਗੱਲਬਾਤ ਕਰਦਿਆਂ ਭਾਈ ਸਰਬਜੀਤ ਸਿੰਘ ਨੇ ਨਿੱਝਰ ਨੂੰ ਦੱਸਿਆ ਕਿ ਉਨ੍ਹਾਂ ਦਾ ਅਮਰੀਕਾ ’ਚ ਗੁਆਚਿਆ ਬਟੂਆ ਮੇਰੇ ਕੋਲ ਹੈ, ਜਦ ਕਿ ਮੈਂ ਅਗਲੇ ਦਿਨ ਆਪਣੇ ਭਰਾ ਦੇ ਹੱਥ ਆਪ ਜੀ ਨੂੰ ਬਟੂਆ ਵਾਪਸ ਭੇਜ ਰਿਹਾ ਹਾਂ।
ਇਹ ਵੀ ਪੜ੍ਹੋ : 40 ਲੱਖ ਰੁਪਏ ਲਗਾ ਕੇ ਨਿਊਜ਼ੀਲੈਂਡ ਭੇਜੀ ਪਤਨੀ ਨੇ ਦਿਖਾਏ ਤੇਵਰ, ਸੋਚਿਆ ਨਹੀਂ ਸੀ ਹੋਵੇਗਾ ਇਹ ਕੁੱਝ
ਇਸ ਦੌਰਾਨ ਭਾਈ ਸਰਬਜੀਤ ਸਿੰਘ ਦੇ ਭਰਾ ਗੁਰਪ੍ਰੀਤ ਸਿੰਘ ਨੇ ਬਟਾਲਾ ਪਹੁੰਚ ਕੇ ਡਾ. ਸਤਨਾਮ ਨੂੰ ਸਹੀ ਸਲਾਮਤ ਪੂਰੇ ਦਸਤਾਵੇਜ਼ਾਂ ਅਤੇ ਹਜ਼ਾਰਾਂ ਰੁਪਏ ਦੀ ਪੂਰੀ ਨਗਦੀ ਸਮੇਤ 8 ਮਹੀਨੇ ਪਹਿਲਾਂ ਗੁਆਚਿਆ ਹੋਇਆ ਬਟੂਆ ਵਾਪਸ ਕਰ ਦਿੱਤਾ। ਖੁਸ਼ੀ ਵਿਚ ਬਾਗੋ-ਬਾਗ ਹੁੰਦਿਆਂ ਡਾ. ਨਿੱਝਰ ਨੇ ਦੱਸਿਆ ਕਿ ਅੱਜ ਵੀ ਇਮਾਨਦਾਰੀ ਪੂਰੀ ਤਰ੍ਹਾਂ ਨਾਲ ਜਿੰਦਾ ਹੈ ਕਿਉਂਕਿ ਅਮਰੀਕਾ ’ਚ ਬੈਠੇ ਗੋਰੇ ਸਮਿਥ ਸਮੇਤ ਭਾਈ ਸਰਬਜੀਤ ਸਿੰਘ ਨੇ ਮਿਸਾਲ ਕਾਇਮ ਕਰਦਿਆਂ ਭਾਰੀ ਮੁਸ਼ਕਤ ਅਤੇ ਕੋਸ਼ਿਸ਼ ਤੋਂ ਬਾਅਦ ਮੇਰਾ ਬਟੂਆ ਸਹੀ ਸਲਾਮਤ ਮੈਨੂੰ ਸੌਂਪ ਦਿੱਤਾ। ਜਿਸ ਕਰ ਕਰਕੇ ਮੈ ਹਮੇਸ਼ਾਂ ਹੀ ਇਨ੍ਹਾਂ ਨੇਕ ਇਨਸਾਨਾਂ ਦਾ ਰਿਣੀ ਰਹਾਂਗਾ।
ਇਹ ਵੀ ਪੜ੍ਹੋ : ਪਟਿਆਲਾ ’ਚ ਵਾਪਰਿਆ ਵੱਡਾ ਹਾਦਸਾ, ਕਾਰ ਸਵਾਰ ਕੁੜੀ-ਮੁੰਡੇ ਦੀ ਮੌਤ, ਦੇਖੋ ਰੌਂਗਟੇ ਖੜ੍ਹੇ ਕਰਦੀਆਂ ਤਸਵੀਰਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।