ਖੇਤੀ ਅਤੇ ਕਿਸਾਨੀ ਬਚਾਉਣ ਲਈ ‘ਲੋਕ ਇਨਸਾਫ’ ਪਾਰਟੀ ਸ਼ੁਰੂ ਕਰੇਗੀ ਅੰਦੋਲਨ

Tuesday, Jun 16, 2020 - 10:13 PM (IST)

ਚੰਡੀਗੜ੍ਹ, (ਰਮਨਜੀਤ)- ‘ਲੋਕ ਇਨਸਾਫ’ ਪਾਰਟੀ ਦੇ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਕੇਂਦਰ ਸਰਕਾਰ ਵਲੋਂ ਹਾਲ ਹੀ ’ਚ ਪਾਸ ਤਿੰਨ ਆਰਡੀਨੈਂਸਾਂ ਖਿਲਾਫ ਅੰਦੋਲਨ ਸ਼ੁਰੂ ਕਰੇਗੀ। ਇਸ ਲਈ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਦੇ ਹੋਏ ਅੰਮ੍ਰਿਤਸਰ ਦਰਬਾਰ ਸਾਹਿਬ ’ਚ ਮੱਥਾ ਟੇਕ ਕੇ 22 ਜੂਨ ਨੂੰ 50 ਸਾਈਕਲ ਸਵਾਰ ਚੰਡੀਗੜ੍ਹ ਵਲ ਕੂਚ ਕਰਨਗੇ ਅਤੇ ਰਾਹ ’ਚ ਆਉਂਦੇ ਇਲਾਕਿਆਂ ’ਚ ਕਿਸਾਨਾਂ ਅਤੇ ਆਮ ਲੋਕਾਂ ਨੂੰ ਆਰਡੀਨੈਂਸਾਂ ਦੇ ਨੁਕਸਾਨ ਸਬੰਧੀ ਜਾਗਰੂਕ ਕਰਦੇ ਹੋਏ 5 ਦਿਨਾਂ ’ਚ ਚੰਡੀਗੜ੍ਹ ਪਹੁੰਚਣਗੇ। ਚੰਡੀਗੜ੍ਹ ਪਹੁੰਚ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ, ਜਿਸ ’ਚ ਮੰਗ ਕੀਤੀ ਜਾਵੇਗੀ, ਕਿ ਪੰਜਾਬ ਵਿਧਾਨਸਭਾ ਦਾ ਤੁਰੰਤ ਹੰਗਾਮੀ ਸੈਸ਼ਨ ਬੁਲਾਇਆ ਜਾਵੇ ਅਤੇ ਇਨ੍ਹਾਂ ਆਰਡੀਨੈਂਸਾਂ ਖਿਲਾਫ ਪ੍ਰਸਤਾਵ ਪਾਸ ਕਰਕੇ ਇਨ੍ਹਾਂ ਨੂੰ ਰੱਦ ਕੀਤਾ ਜਾਵੇ ਅਤੇ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ।

ਬੈਂਸ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਸ ਆਰਡੀਨੈਂਸ ਨਾ ਸਿਰਫ ਖੇਤੀਬਾੜੀ ਅਤੇ ਕਿਸਾਨਾਂ ਲਈ ਘਾਤਕ ਹਨ, ਸਗੋਂ ਖੇਤੀਬਾੜੀ ’ਤੇ ਆਧਾਰਤ ਪੰਜਾਬ ਦੀ ਪੂਰੀ ਆਰਥਿਕਤਾ ਨੂੰ ਤਬਾਹ ਕਰਨ ਦਾ ਕਾਰਨ ਬਣਨਗੇ। ਉਨ੍ਹਾਂ ਕਿਹਾ ਕਿ ਖੇਤੀਬਾੜੀ ਖੇਤਰ ’ਤੇ ਕਾਰਪੋਰੇਟ ਜਗਤ ਦਾ ਕਬਜ਼ਾ ਕਰਵਾਉਣ ਦੇ ਮਕਸਦ ਨਾਲ ਹੀ ਕੇਂਦਰ ਨੇ ਰਾਜਾਂ ਦੇ ਅਧਿਕਾਰ ਖੇਤਰ ’ਚ ਆਉਂਦੇ ਖੇਤੀਬਾੜੀ ਅਤੇ ਖੇਤੀ ਉਤਪਾਦਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨੇ ਆਰਡੀਨੈਂਸਾਂ ਖਿਲਾਫ ਪੰਜਾਬ ਦੇ ਕਾਂਗਰਸ ਪਾਰਟੀ ਦੇ ਨੇਤਾ, ਆਮ ਆਦਮੀ ਪਾਰਟੀ ਦੇ ਨੇਤਾ, ਲੋਕ ਇਨਸਾਫ ਪਾਰਟੀ ਅਤੇ ਬਾਹਰੀ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਵੀ ਬਿਆਨ ਦੇ ਰਹੇ ਹਨ। ਅਜਿਹੇ ’ਚ ਪੰਜਾਬ ਵਿਧਾਨਸਭਾ ਦਾ ਐਮਰਜੈਂਸੀ ਸੈਸ਼ਨ ਬੁਲਾਇਆ ਜਾਵੇ।

ਉਨ੍ਹਾਂ ਕਿਹਾ ਕਿ ਇਹ ਬੜੀ ਹਾਸੋਹੀਣੀ ਗੱਲ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਇਹ ਕਹਿ ਰਹੇ ਹਨ ਕਿ ਕਾਂਗਰਸ ਵੀ ਇਕ ਰੋਸ ਯਾਤਰਾ ਕੱਢੇਗੀ ਜਦਕਿ ਸੱਤਾਧਾਰੀ ਪਾਰਟੀ ਹੋਣ ਦੇ ਨਾਤੇ ਸਰਕਾਰ ਦੇ ਹੱਥ ’ਚ ਜੋ ਸਭ ਤੋਂ ਵੱਡਾ ਹਥਿਆਰ ਵਿਧਾਨ ਸਭਾ ਸੈਸ਼ਨ ਦਾ ਹੈ, ਨੂੰ ਇਸਤੇਮਾਲ ਕਰਨਾ ਚਾਹੀਦਾ ਹੈ ਨਾ ਕਿ ਨੌਟੰਕੀ ਲਈ ਰੱਥ ਯਾਤਰਾ ਦੀ ਗੱਲ ਕਰਨੀ ਚਾਹੀਦੀ ਹੈ। ਅਕਾਲੀ ਨੇਤਾ ਜਾਂ ਕੁਝ ਭਾਜਪਾ ਦੇ ਨੇਤਾ ਇਹ ਕਹਿ ਰਹੇ ਹਨ ਕਿ ਇਹ ਆਰਡੀਨੈਂਸ ਪਾਸ ਹੋਣ ਦੇ ਬਾਵਜੂਦ ਵੀ ਐੱਮ. ਐੱਸ. ਪੀ. ’ਤੇ ਕੋਈ ਅਸਰ ਨਹੀਂ ਪਵੇਗਾ ਪਰ ਇਹ ਵੀ ਸੱਚਾਈ ਹੈ ਕਿ ਐੱਮ. ਐੱਸ. ਪੀ. ਮੌਜੂਦਾ ਦੌਰ ’ਚ ਕਈ ਅਨਾਜਾਂ ਦੇ ਨਾਲ-ਨਾਲ ਦਾਲਾਂ ’ਤੇ ਵੀ ਦਿੱਤਾ ਜਾਂਦਾ ਹੈ ਪਰ ਅਸਲੀਅਤ ’ਚ ਸਿਰਫ ਝੋਨਾ, ਕਣਕ ਅਤੇ ਕਪਾਹ ਤਿੰਨ ਫਸਲਾਂ ਤੋਂ ਇਲਾਵਾ ਅਤੇ ਕਿਸੇ ਵੀ ਫਸਲ ਦੀ ਐੱਮ.ਐੱਸ.ਪੀ. ’ਤੇ ਸਰਕਾਰੀ ਖਰੀਦ ਨਹੀਂ ਹੁੰਦੀ। ਇਹ ਆਰਡੀਨੈਂਸ ਲਾਗੂ ਹੋਣ ਤੋਂ ਬਾਅਦ ਮੰਡੀਕਰਨ ਵਿਵਸਥਾ ਬਿਲਕੁਲ ਟੁੱਟ ਜਾਵੇਗੀ। ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਬੈਂਸ, ਹਰਪ੍ਰਭਮਹਲ ਸਿੰਘ, ਦੀਪਿੰਦਰ ਸਿੰਘ ਸੰਨੀ ਅਤੇ ਅਮਨਦੀਪ ਸਿੰਘ ਵੀ ਮੌਜੂਦ ਸਨ।       


Bharat Thapa

Content Editor

Related News