ਕਕਰਾਲਾ ਦੇ ਡੇਰੇ ’ਚ ਨਿਹੰਗ ਸਿੰਘਾਂ ਦੀ ਮੌਜੂਦਗੀ ਨਾਲ ਹਾਲਾਤ ਹੋਏ ਗੰਭੀਰ
Tuesday, Jun 26, 2018 - 12:43 AM (IST)
ਨਾਭਾ, (ਭੁਪਿੰਦਰ ਭੂਪਾ)- ਨੇਡ਼ਲੇ ਪਿੰਡ ਕਕਰਾਲਾ ਦੇ ਇਕ ਧਾਰਮਕ ਡੇਰੇ ਦਾ ਵਿਵਾਦ ਉਦੋਂ ਸੁਰਖੀਆਂ ਬਟੋਰਦਾ ਨਜ਼ਰ ਆਇਆ ਜਦੋਂ ਇਸ ਡੇਰੇ ’ਤੇ ਅੱਧੀ ਦਰਜਨ ਤੋਂ ਵੱਧ ਹਥਿਆਰਬੰਦ ਨਿਹੰਗ ਸਿੰਘਾਂ ਨੇ ਕਬਜ਼ਾ ਕਰ ਲਿਆ। ਜਾਣਕਾਰੀ ਅਨੁਸਾਰ ਪਿੰਡ ਕਕਰਾਲਾ ਵਿਖੇ ਸੰਤ ਮਨਸਾ ਰਾਮ ਨਾਲ ਸਬੰਧ ਰੱਖਦੇ ਇਸ ਧਾਰਮਕ ਸਥਾਨ ਨੂੰ 2001 ਤੋਂ ਸਥਾਪਤ ਟਰੱਸਟ ਮੈਂਬਰਾਂ ਵੱਲੋਂ ਚਲਾਇਆ ਜਾ ਰਿਹਾ ਹੈ ਜਦਕਿ ਆਤਮ ਪ੍ਰਕਾਸ਼ ਨਾਮੀ ਵਿਅਕਤੀ ਵੱਲੋਂ ਲਗਾਤਾਰ ਡੇਰੇ ਤੇ ਇਸ ਦੀ ਜ਼ਮੀਨ ਸਾਂਭਣ ਦੀਅਾਂ ਕੋਸ਼ਿਸ਼ਾਂ ਕੀਤੀਅਾਂ ਜਾ ਰਹੀਅਾਂ ਹਨ। ਮਾਰਚ ਮਹੀਨੇ ਵਿਚ ਸੰਤਾਂ ਦੀ ਬਰਸੀ ਮੌਕੇ ਵੀ ਦੋਵੇਂ ਧਿਰਾਂ ਦੇ ਸਾਹਮਣੇ ਆ ਗਈਅਾਂ ਸਨ ਜਦਕਿ ਹੁਣ ਬੀਤੇ ਦਿਨੀਂ ਆਤਮ ਪ੍ਰਕਾਸ਼ ਨਾਮੀ ਵਿਅਕਤੀ ਦੇ ਸਮੱਰਥਨ ਵਿਚ ਅੱਧੀ ਦਰਜਨ ਹਥਿਆਰਬੰਦ ਨਿਹੰਗ ਸਿੰਘਾਂ ਨੇ ਇਸ ਡੇਰੇ ’ਤੇ ਜਬਰਨ ਕਬਜ਼ਾ ਕਰ ਲਿਆ ਹੈ। ਇਸ ਸਬੰਧੀ ਟਰੱਸਟ ਦੇ ਪ੍ਰਧਾਨ ਬਲਵੀਰ ਸਿੰਘ ਤੇ ਖਜ਼ਾਨਚੀ ਸੁਖਵਿੰਦਰ ਸਿੰਘ ਵੱਲੋਂ ਨਾਭਾ ਪੁਲਸ ਨੂੰ ਆਤਮ ਪ੍ਰਕਾਸ਼, ਗੁਰਮੇਲ ਸਿੰਘ ਅਤੇ ਜਰਨੈਲ ਸਿੰਘ ਨਾਮੀ ਵਿਅਕਤੀਆਂ ਖਿਲਾਫ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਕਿ ਇਨ੍ਹਾਂ ਵਿਅਕਤੀਆਂ ਵਲੋਂ ਅਮਨ-ਕਾਨੂੰਨ ਨੂੰ ਛਿੱਕੇ ਟੰਗ ਕੇ ਡੇਰੇ ’ਤੇ ਕਬਜ਼ਾ ਕਰਨ ਲਈ ਹਥਿਆਰਬੰਦ ਨਿਹੰਗ ਸਿੰਘਾਂ ਨੂੰ ਬੁਲਾਇਆ ਗਿਆ ਹੈ, ਜਿਨ੍ਹਾਂ ਦੀ ਮੌਜੂਦਗੀ ਕਾਰਨ ਇਲਾਕੇ ਦੇ ਅਮਨ ਦੀ ਸਥਿਤੀ ਕਿਸੇ ਵੀ ਸਮੇਂ ਵਿਗਡ਼ ਸਕਦੀ ਹੈ ਤੇ ਕੋਈ ਮਾਡ਼ੀ ਘਟਨਾ ਵੀ ਵਾਪਰ ਸਕਦੀ ਹੈ।
ਇਸ ਮੌਕੇ ਟਰੱਸਟ ਮੈਂਬਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਾਭਾ ਦੀ ਮਾਣਯੋਗ ਅਦਾਲਤ ਵੱਲੋਂ ਸਾਡੇ ਹੱਕ ’ਚ ਸਟੇਅ ਆਰਡਰ ਜਾਰੀ ਕੀਤੇ ਹੋਏ ਹਨ ਪਰੰਤੂ ਆਤਮ ਪ੍ਰਕਾਸ਼ ਤੇ ਉਸ ਦੇ ਸਾਥੀ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਦੂਜੇ ਪਾਸੇ ਨਿਹੰਗ ਸਿੰਘਾਂ ਵੱਲੋਂ ਮੇਜਰ ਸਿੰਘ ਸੋਢੀ ਤਰਨਾ ਦਲ ਦੀ ਅਗਵਾਈ ਵਿਚ ਇਸ ਧਾਰਮਕ ਅਸਥਾਨ ’ਤੇ ਮਰਿਆਦਾ ਦੀ ਉਲੰਘਣਾ ਅਤੇ ਬੇਅਦਬੀ ਰੋਕਣ ਲਈ ਆਪਣੀ ਤਾਇਨਾਤੀ ਦਾ ਕਾਰਨ ਦੱਸਿਆ ਹੈ। ਉਪਰੋਕਤ ਮਾਮਲੇ ਵਿਚ ਸਭ ਕੁੱਝ ਜਾਣਦੇ ਹੋਏ ਐੱਸ. ਐੱਚ. ਓ. ਬਿੱਕਰ ਸਿੰਘ ਸੋਹੀ ਨੇ ਦੱਸਿਆ ਕਿ ਮਾਮਲੇ ਸਬੰਧੀ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜਿਨ੍ਹਾਂ ਦੇ ਹੁਕਮ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਸਾਰੇ ਘਟਨਾਕ੍ਰਮ ’ਚ ਸਿਆਸੀ ਦਬਾਅ ਹੇਠ ਆਈ ਨਾਭਾ ਪੁਲਸ ਦੀ ਖਾਮੋਸ਼ੀ ਕਈ ਸਵਾਲਾਂ ਨੂੰ ਜਨਮ ਦਿੰਦੀ ਹੈ ਅਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
