ਸਿਵਲ ਸਰਜਨ ਵੱਲੋਂ ਤਾਜ਼ੇ ਤੇ ਸ਼ੁੱਧ ਖਾਧ ਪਦਾਰਥ ਹੀ ਵੇਚਣ ਦੀ ਹਦਾਇਤ
Thursday, Oct 05, 2017 - 12:39 AM (IST)
ਫ਼ਰੀਦਕੋਟ,(ਹਾਲੀ)- ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਫ਼ਰੀਦਕੋਟ ਸ਼ਹਿਰ ਦੇ ਖਾਧ ਪਦਾਰਥ ਵਿਕਰੇਤਾ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਦੀ ਇਕ ਮੀਟਿੰਗ ਹੋਈ, ਜਿਸ 'ਚ ਜ਼ਿਲਾ ਟੀਕਾਕਰਨ ਅਫਸਰ ਡਾ. ਸੰਜੀਵ ਸੇਠੀ, ਸਹਾਇਕ ਫੂਡ ਕਮਿਸ਼ਨਰ ਡਾ. ਅਮਿਤ ਜੋਸ਼ੀ, ਮਾਸ ਮੀਡੀਆ ਅਫਸਰ ਮੀਨਾ ਕੁਮਾਰੀ, ਫੂਡ ਸੇਫਟੀ ਅਫਸਰ ਮੁਕੁਲ ਗਿੱਲ, ਕਰਿਆਨਾ ਐਸੋਸੀਏਸ਼ਨ ਦੇ ਕਾਮਰੇਡ ਸ਼ਾਮ ਸੁੰਦਰ, ਵਰਿੰਦਰ ਸ਼ਾਹ, ਅਸ਼ੋਕ ਸੇਠੀ, ਹਲਵਾਈ ਯੂਨੀਅਨ ਦੇ ਬਲਬੀਰ ਚੰਦ, ਸ਼ਾਮ ਲਾਲ, ਫਰੂਟ ਯੂਨੀਅਨ ਦੇ ਰਾਜ ਕੁਮਾਰ ਤੇ ਵਿੱਕੀ ਨੇ ਸ਼ਮੂਲੀਅਤ ਕੀਤੀ।
ਇਸ ਦੌਰਾਨ ਆਗਾਮੀ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ 'ਚ ਰੱਖਦੇ ਹੋਏ ਲੋਕਾਂ ਨੂੰ ਸ਼ੁੱਧ ਤੇ ਤਾਜ਼ੇ ਖਾਧ ਪਦਾਰਥ ਉਪਲੱਬਧ ਕਰਵਾਉਣ ਬਾਰੇ ਚਰਚਾ ਕੀਤੀ ਗਈ। ਸਿਵਲ ਸਰਜਨ ਨੇ ਵਿਕਰੇਤਾਵਾਂ ਨੂੰ ਵਧੀਆ ਕੁਆਲਿਟੀ ਦਾ ਸਾਮਾਨ ਹੀ ਵੇਚਣ ਲਈ ਕਿਹਾ। ਮਠਿਆਈਆਂ 'ਚ ਰੰਗ ਸਿਰਫ ਫੂਡ ਗਰੇਡ ਹੀ ਵਰਤੇ ਜਾਣ, ਰੰਗਾਂ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ ਤੇ ਗੁਲਾਬੀ ਰੰਗ ਬਿਲਕੁਲ ਹੀ ਨਾ ਵਰਤਿਆ ਜਾਵੇ। ਸਹਾਇਕ ਫੂਡ ਕਮਿਸ਼ਨਰ ਅਮਿਤ ਜੋਸ਼ੀ ਨੇ ਫਲ ਵਿਕਰੇਤਾਵਾਂ ਨੂੰ ਫ਼ਲਾਂ ਨੂੰ ਬਿਨਾਂ ਮਸਾਲੇ ਤੋਂ ਪਕਾਏ ਜਾਣ ਲਈ ਕਿਹਾ ਕਿਉਂਕਿ ਮਸਾਲੇ ਨਾਲ ਪਕਾਏ ਹੋਏ ਫ਼ਲ ਮਨੁੱਖੀ ਸਿਹਤ ਲਈ ਹਾਨੀਕਾਰਕ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਕਰੇਤਾ ਮਿਲਾਵਟੀ ਸਾਮਾਨ ਜਾਂ ਮਸਾਲੇ ਨਾਲ ਤਿਆਰ ਫ਼ਰੂਟ ਵੇਚਦਾ ਫੜਿਆ ਗਿਆ ਤਾਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
