ਗੁਰਦਾਸਪੁਰ ’ਚ 53900 ਕਿੱਲੋ ਲਾਹਣ ਬਰਾਮਦ, ਮੌਕੇ ''ਤੇ ਹੀ ਕੀਤਾ ਗਿਆ ਨਸ਼ਟ
Wednesday, May 06, 2026 - 03:57 PM (IST)
ਗੁਰਦਾਸਪੁਰ (ਵਿਨੋਦ) : ਐਕਸਾਈਜ਼ ਅਫ਼ਸਰ ਹੇਮੰਤ ਸ਼ਰਮਾ ਸਰਕਲ-1 ਅਤੇ ਦਵਿੰਦਰ ਸਿੰਘ ਸਰਕਲ-2, ਆਬਕਾਰੀ ਇੰਸਪੈਕਟਰ ਦੀਪਕ ਕੁਮਾਰ (ਸਰਕਲ ਗੁਰਦਾਸਪੁਰ), ਕਸ਼ਮੀਰ ਸਿੰਘ ਸਰਕਲ ਕਾਦੀਆਂ ਅਤੇ ਗੁਰਦਾਸਪੁਰ ਪੁਲਸ ਨੇ ਡੀ. ਐੱਸ. ਪੀ. ਕੁਲਵੰਤ ਸਿੰਘ ਮਾਨ ਅਤੇ ਆਬਕਾਰੀ ਪੁਲਸ ਗੁਰਦਾਸਪੁਰ ਦੀ ਨਿਗਰਾਨੀ ਹੇਠ ਅੱਜ ਸਵੇਰੇ 5:30 ਵਜੇ ਆਬਕਾਰੀ ਸਰਕਲ ਗੁਰਦਾਸਪੁਰ ਦੇ ਪਿੰਡ ਮੌਜਪੁਰ, ਭੈਣੀ ਮੀਆਂ ਖਾਨ, ਭੈਣੀ ਪਸਵਾਲ, ਭੈਣੀ ਮੀਲਵਾਂ, ਆਲਮਾ ਅਤੇ ਨੂੰਨਾ ਬਰਕਤਾਂ ਦੇ ਮੰਡ ਖੇਤਰਾਂ ਵਿੱਚ ਇੱਕ ਤਲਾਸ਼ੀ ਮੁਹਿੰਮ ਚਲਾਈ ਗਈ। ਲਗਭਗ ਅੱਠ ਘੰਟੇ ਚੱਲੇ ਇਸ ਤਲਾਸ਼ੀ ਮੁਹਿੰਮ ਨੇ ਬਿਆਸ ਦਰਿਆ ਦੇ ਕੰਢੇ ਦੇ ਨਾਲ ਲੱਗਦੇ ਪੂਰੇ ਮੰਡ ਖੇਤਰ ਨੂੰ ਕਵਰ ਕੀਤਾ।
ਤਲਾਸ਼ੀ ਮੁਹਿੰਮ ਵਿੱਚ 25 ਟੀਨ, 6 ਲੋਹੇ ਦੇ ਡਰੰਮ, 3 ਸ਼ਰਾਬ ਦੀਆਂ ਭੱਠੀਆਂ, 12 ਪਲਾਸਟਿਕ ਦੇ ਕੈਨ ਅਤੇ 105 ਤਰਪਾਲਾਂ ਬਰਾਮਦ ਕੀਤੀਆਂ ਗਈਆਂ। ਹਰੇਕ ਵਿੱਚ 500 ਕਿਲੋ (ਲਗਭਗ 53,900 ਕਿੱਲੋ) ਲਾਹਣ ਅਤੇ 125 ਲੀਟਰ ਨਾਜਾਇਜ਼ ਸ਼ਰਾਬ ਸੀ, ਜੋ ਅਣਪਛਾਤੇ ਸ਼ਰਾਬ ਤਸਕਰਾਂ ਦੁਆਰਾ ਜ਼ਮੀਨ ਅਤੇ ਸਰਕੰਡਿਆਂ ਹੇਠ ਲੁਕਾਈ ਗਈ ਸੀ। ਇਨ੍ਹਾਂ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ। ਇੰਸਪੈਕਟਰ ਦੀਪਕ ਕੁਮਾਰ ਨੇ ਦੱਸਿਆ ਕਿ ਬਰਾਮਦ ਕੀਤੀ ਗਈ ਲਾਹਣ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ। ਅਣਪਛਾਤੇ ਨਸ਼ਾ ਤਸਕਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ’ਤੇ ਇਹ ਤਲਾਸ਼ੀ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ। ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਸ਼ਰਾਬ ਤਸਕਰਾਂ ਨੇ ਆਪਣੀਆਂ ਗਤੀਵਿਧੀਆਂ ਵਧਾ ਦਿੱਤੀਆਂ ਹਨ। ਆਬਕਾਰੀ ਅਤੇ ਕਰ ਵਿਭਾਗ ਇਸ ਸਬੰਧ ਵਿੱਚ ਪੂਰੀ ਤਰ੍ਹਾਂ ਚੌਕਸ ਹੈ ਅਤੇ ਗੈਰ-ਕਾਨੂੰਨੀ ਸ਼ਰਾਬ ਦੇ ਕਾਰੋਬਾਰ ਨੂੰ ਖ਼ਤਮ ਕਰ ਦੇਵੇਗਾ।
