ਹੋਟਲ ਸਿਟਾਡਾਈਨਜ਼ ਵਿਖੇ ਸੀ. ਸੀ. ਟੀ. ਵੀ. ਕੈਮਰਿਆਂ ਦੇ ਬਾਵਜੂਦ ਹੋ ਗਿਆ ਜਬਰ-ਜ਼ਨਾਹ

07/19/2018 6:51:55 AM

ਜਲੰਧਰ, (ਸ਼ੋਰੀ)— ਸਥਾਨਕ ਬਸਤੀ ਬਾਵਾ ਖੇਲ ਦੀ ਰਹਿਣ ਵਾਲੀ 30 ਸਾਲ ਦੀ ਇਕ ਔਰਤ ਨਾਲ ਹੋਟਲ ਸਿਟਾਡਾਈਨਜ਼ ਵਿਖੇ ਹੋਏ ਜਬਰ-ਜ਼ਨਾਹ ਦੇ ਮਾਮਲੇ  ਵਿਚ ਥਾਣਾ ਨੰ. 4 ਦੀ ਪੁਲਸ ਨੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਸ ਇਸ ਮਾਮਲੇ ਵਿਚ ਹੋਟਲ ਦੇ ਸਟਾਫ ਕੋਲੋਂ ਜਾਂਚ ਕਰਨ ਲਈ ਉੱਥੇ ਪੁੱਜੀ। ਪੁਲਸ ਨੇ ਹੋਟਲ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਵੀ ਜਾਂਚ ਕੀਤੀ।
ਪੁਲਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਸ ਇਸ ਮਾਮਲੇ ਵਿਚ ਹੋਟਲ ਦੇ ਸਟਾਫ ਵਿਰੁੱਧ ਵੀ ਸ਼ਿਕੰਜਾ ਕੱਸਣ ਦੀ ਤਿਆਰੀ ਵਿਚ ਹੈ। ਔਰਤ ਦੇ ਬਿਆਨਾਂ ਦੇ ਆਧਾਰ ’ਤੇ ਰੋਹਿਤ ਅਤੇ ਗੋਰੇ ਵਿਰੁੱਧ ਧਾਰਾ 376, 34, 506 ਅਤੇ 120 ਬੀ. ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਔਰਤ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਕਿਹਾ ਹੈ ਕਿ ਉਹ ਆਪਣੇ ਪਤੀ ਨਾਲ ਹੋਟਲ ਵਿਚ ਰਹਿਣ ਲਈ ਜਿਵੇਂ ਹੀ ਪੁੱਜੀ ਤਾਂ ਰਿਸੈਪਸ਼ਨ ਨੇੜੇ ਖੜ੍ਹਾ ਇਕ ਨੌਜਵਾਨ ਜਿਸ ਦੀ ਪਛਾਣ ਬਾਅਦ ਵਿਚ ਰੋਹਿਤ ਵਜੋਂ ਹੋਈ, ਸਟਾਫ ਦੇ ਮੈਂਬਰਾਂ ਨੂੰ ਇਸ ਤਰ੍ਹਾਂ ਝਿੜਕਾਂ ਮਾਰ ਰਿਹਾ ਸੀ ਜਿਵੇਂ ਉਹ ਹੋਟਲ ਦਾ ਮਾਲਕ ਹੋਵੇ। ਨਾਲ ਹੀ ਉਹ ਉਸ ਵਲ ਗਲਤ ਨਜ਼ਰ ਨਾਲ ਵੇਖ ਰਿਹਾ ਸੀ। ਔਰਤ ਨੇ ਦੱਸਿਆ ਕਿ ਸਟਾਫ ਨੇ ਉਨ੍ਹਾਂ ਨੂੰ ਕਮਰਾ ਨੰਬਰ 505 ਦਿੱਤਾ। ਉਹ ਆਪਣੇ ਪਤੀ ਨਾਲ ਕਮਰੇ ਵਿਚ ਪੁੱਜੀ। ਹੋਟਲ ਦੇ ਸਟਾਫ ਨੇ ਉਨ੍ਹਾਂ ਨੂੰ ਕੰਪਲੀਮੈਂਟਰੀ ਕੋਲਡ ਡ੍ਰਿੰਕ ਪੀਣ ਲਈ ਦਿੱਤੀ। ਉਸਦੇ ਪਤੀ ਨੇ ਜਿਵੇਂ ਹੀ ਕੋਲਡ ਡ੍ਰਿੰਕ ਪੀਤੀ, ਉਹ ਬੇਹੋਸ਼ ਹੋ ਗਿਆ। ਇਸ ’ਤੇ ਇਕ ਵੇਟਰ ਨਾਲ ਰੋਹਿਤ ਉਨ੍ਹਾਂ ਦੇ ਕਮਰੇ ਵਿਚ ਟੀ. ਵੀ. ਠੀਕ ਕਰਨ ਦੇ ਬਹਾਨੇ ਨਾਲ ਆਇਆ। ਉਹ ਮੈਨੂੰ ਕਹਿਣ ਲੱਗਾ ਕਿ ਮੈਂ ਤੁਹਾਡੇ ਪਤੀ ਨੂੰ ਜਾਣਦਾ ਹਾਂ। ਤੁਹਾਨੂੰ ਉਨ੍ਹਾਂ ਬਾਰੇ ਕੁਝ ਦੱਸਣਾ ਚਾਹੁੰਦਾ ਹਾਂ। ਮੁਲਜ਼ਮ ਨੇ ਉਸ ਨੂੰ ਆਪਣੇ ਕਮਰੇ ਵਿਚ ਆਉਣ ਲਈ ਦਬਾਅ ਪਾਇਆ। ਇਨਕਾਰ ਕਰਨ ’ਤੇ ਡਰਾਇਆ ਅਤੇ ਕਿਹਾ ਕਿ ਸਾਰਾ ਸਟਾਫ ਉਸਦੇ ਅਧੀਨ ਹੈ। ਜੇ ਕੋਈ ਇਤਰਾਜ਼ ਕੀਤਾ ਤਾਂ ਉਸਦੇ ਪਤੀ ਦਾ ਨੁਕਸਾਨ ਹੋਵੇਗਾ।
ਔਰਤ ਨੇ ਕਿਹਾ ਕਿ ਇਸ ਪਿੱਛੋਂ ਰੋਹਿਤ ਨੇ ਉਸਦੇ ਪਤੀ ਦਾ ਮੋਬਾਇਲ ਫੋਨ ਚੁੱਕ ਕੇ ਆਪਣੇ ਕੋਲ ਰੱਖਿਆ ਅਤੇ ਉਸ ਨਾਲ ਛੇੜਖਾਨੀ ਕਰਨ ਲੱਗਾ। ਹੋਟਲ ਦੇ ਵੇਟਰ ਨਾਲ ਮਿਲ ਕੇ ਰੋਹਿਤ ਉਸਨੂੰ ਤੀਜੀ ਅਤੇ ਚੌਥੀ  ਮੰਜ਼ਿਲ ’ਤੇ ਬੁਲਾਉਂਦਾ ਰਿਹਾ। ਬਾਅਦ ਵਿਚ ਰੋਹਿਤ ਅਤੇ ਗੋਰਾ ਉਸ ਨੂੰ ਧੱਕੇ ਨਾਲ ਇਕ ਕਮਰੇ ਵਿਚ ਲੈ ਗਏ ਅਤੇ ਜਬਰ-ਜ਼ਨਾਹ ਕੀਤਾ। ਮੁਲਜ਼ਮਾਂ ਨੇ ਉਸਦੀ ਵੀਡੀਓ ਤੱਕ ਬਣਾ ਲਈ ਅਤੇ ਧਮਕੀ ਦਿੱਤੀ ਕਿ ਰੌਲਾ ਪਾਉਣ ’ਤੇ ਵੀਡੀਓ ਨੂੰ ਵਾਇਰਲ ਕਰ ਦਿੱਤਾ ਜਾਏਗਾ। ਔਰਤ ਨੇ ਕਿਹਾ ਕਿ ਉਸਨੂੰ ਸ਼ੱਕ ਹੈ ਕਿ ਹੋਟਲ ਦੇ ਸਟਾਫ ਨੇ ਕੰਪਲੀਮੈਂਟਰੀ ਕੋਲਡ ਡ੍ਰਿੰਕ ਵਿਚ ਕੋਈ ਨਸ਼ੀਲੀ ਵਸਤੂ ਮਿਲਾਈ ਹੋਈ ਸੀ। ਥਾਣਾ 4 ਦੇ ਐੱਸ. ਐੱਚ. ਓ. ਸੁਖਦੇਵ ਸਿੰਘ ਨੇ ਕਿਹਾ ਕਿ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋ ਰਹੀ ਹੈ। ਪੀੜਤ ਔਰਤ ਦਾ ਮੈਡੀਕਲ ਕਰਵਾਇਆ ਜਾਏਗਾ।
 


Related News