ਅਜੇ ਵੀ ਨਹੀਂ ਲੱਭਿਆ ਸੜਕ ਹਾਦਸੇ ’ਚ ਮਰਨ ਵਾਲੇ ਨੌਜਵਾਨ ਦਾ ਸਿਰ, ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਦਿੱਤਾ ਧਰਨਾ

Sunday, Feb 12, 2023 - 08:40 AM (IST)

ਅਜੇ ਵੀ ਨਹੀਂ ਲੱਭਿਆ ਸੜਕ ਹਾਦਸੇ ’ਚ ਮਰਨ ਵਾਲੇ ਨੌਜਵਾਨ ਦਾ ਸਿਰ, ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਦਿੱਤਾ ਧਰਨਾ

ਪਟਿਆਲਾ (ਬਲਜਿੰਦਰ)- ਜੇਲ੍ਹ ਰੋਡ ’ਤੇ ਦੋ ਦਿਨ ਪਹਿਲਾਂ ਰਾਤ ਨੂੰ ਸੜਕ ਹਾਦਸੇ ਵਿਚ ਨਵਦੀਪ ਕੁਮਾਰ ਦਾ ਧੜ ਤੋਂ ਅਲੱਗ ਹੋਇਆ ਸਿਰ ਅੱਜ ਵੀ ਨਹੀਂ ਲੱਭ ਸਕਿਆ ਅਤੇ ਦੂਜੇ ਪਾਸੇ ਨਵਦੀਪ ਕੁਮਾਰ ਦੇ ਪਰਿਵਾਰ ਵਾਲਿਆਂ ਅਤੇ ਰਿਸ਼ਤੇਦਾਰਾਂ ਨੇ ਬੱਸ ਸਟੈਂਡ ਚੌਕ 'ਚ ਧਰਨਾ ਦਿੱਤਾ ਅਤੇ ਪੁਲਸ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮ੍ਰਿਤਕ ਨਵਦੀਪ ਕੁਮਾਰ ਦੀ ਪਤਨੀ ਸੁਨੀਤਾ ਅਤੇ ਹੋਰ ਰਿਸ਼ਤੇਦਾਰਾਂ ਦਾ ਕਹਿਣਾ ਸੀ ਕਿ ਨਵਦੀਪ ਦਾ ਕਤਲ ਕੀਤਾ ਗਿਆ ਹੈ ਅਤੇ ਸੀ. ਸੀ. ਟੀ. ਵੀ. ਫੁਟੇਜ ਤੋਂ ਸਪੱਸ਼ਟ ਹੋ ਗਿਆ ਹੈ ਕਿ ਸਿਰ ਧੜ ਤੋਂ ਅਲੱਗ ਹੋਣ ਤੋਂ ਬਾਅਦ ਸਿਰ ਨੂੰ ਲਿਫਾਫੇ ਵਿਚ ਪਾ ਕੇ ਲੈ ਗਏ ਅਤੇ ਅੱਗੇ ਜਾ ਕੇ ਭਾਖੜਾ ਨਹਿਰ ਵਿਚ ਸੁੱਟ ਦਿੱਤਾ। ਉਨ੍ਹਾਂ ਪੁਲਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ।

ਇਹ ਵੀ ਪੜ੍ਹੋ: ਕੈਨੇਡਾ 'ਚ ਘਰ ਨੂੰ ਲੱਗੀ ਭਿਆਨਕ ਅੱਗ, 4 ਬੱਚਿਆਂ ਸਣੇ ਪਰਿਵਾਰ ਦੇ 6 ਜੀਅ ਜ਼ਿੰਦਾ ਸੜੇ

ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਦੋਵਾਂ ਕਾਰਾਂ ਵਿਚ ਅੱਧਾ ਦਰਜਨ ਦੇ ਕਰੀਬ ਵਿਅਕਤੀ ਸਨ, ਜਿਹੜੇ ਸ਼ਰਾਬ ਨਾਲ ਰੱਜੇ ਹੋਏ ਸਨ ਅਤੇ ਉਨ੍ਹਾਂ ਉਸ ਦੇ ਪਤੀ ਦਾ ਕਤਲ ਕਰ ਦਿੱਤਾ ਅਤੇ ਪੁਲਸ ਸਿਰਫ਼ ਇਕ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਮਾਮਲੇ ਨੂੰ ਰਫਾ-ਦਫਾ ਕਰਨਾ ਚਾਹੁੰਦੀ ਹੈ ਪਰ ਉਹ ਅਜਿਹਾ ਨਹੀਂ ਹੋਣ ਦੇਣਗੇ। ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਹਾਦਸੇ ਨੂੰ ਅੰਜਾਮ ਦੇਣ ਵਾਲਿਆਂ ਵਿਚ ਐੱਨ. ਆਰ. ਆਈ. ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਪੁਲਸ ਸ਼ਰੇਆਮ ਬਚਾਅ ਰਹੀ ਹੈ।

ਇਹ ਵੀ ਪੜ੍ਹੋ: ਟੂਰਨਾਮੈਂਟ ਖੇਡਦੇ ਹੋਏ 20 ਸਾਲਾ ਕਬੱਡੀ ਖਿਡਾਰੀ ਦੀ ਮੌਤ, ਵੀਡੀਓ ਵਾਇਰਲ

ਪੀੜਤ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇਗਾ : ਡੀ. ਐੱਸ. ਪੀ. ਸਿਟੀ

ਇਸ ਤੋਂ ਬਾਅਦ ਮੌਕੇ ’ਤੇ ਡੀ. ਐੱਸ. ਪੀ. ਸਿਟੀ-1 ਸੰਜੀਵ ਸਿੰਗਲਾ ਪਹੁੰਚੇ ਅਤੇ ਉਨ੍ਹਾਂ ਨੇ ਪਰਿਵਾਰ ਵਾਲਿਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇਗਾ। ਪੁਲਸ ਨੇ ਪੁੱਛਗਿੱਛ ਲਈ 3-4 ਵਿਅਕਤੀਆਂ ਨੂੰ ਅੱਜ ਥਾਣੇ ਬੁਲਾਇਆ ਹੈ ਅਤੇ ਜਲਦ ਹੀ ਜਿਸ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ ਹੈ, ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਪੁੱਛਗਿੱਛ ਤੋਂ ਬਾਅਦ ਜਿਹੜਾ ਵੀ ਹੋਰ ਸ਼ਾਮਲ ਹੈ, ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਅੱਜ ਦੂਜੇ ਦਿਨ ਵੀ ਨਵਦੀਪ ਕੁਮਾਰ ਦਾ ਸਸਕਾਰ ਨਹੀਂ ਹੋ ਸਕਿਆ ਅਤੇ ਨਾ ਹੀ ਪੋਸਟ ਮਾਰਟਮ ਹੋ ਸਕਿਆ ਹੈ। ਇਥੇ ਇਹ ਦੱਸਣਯੋਗ ਹੈ ਕਿ ਸ਼ੁਕਰਵਾਰ ਦੀ ਰਾਤ ਨੂੰ ਲਗਭਗ 12.00 ਵਜੇ ਨਵਦੀਪ ਕੁਮਾਰ ਵਾਸੀ ਤਫੱਜਲਪੁਰਾ, ਜੋ ਕੌਫੀ ਬਣਾਉਣ ਦਾ ਕੰਮ ਕਰਦਾ ਸੀ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਜੇਲ੍ਹ ਰੋਡ ’ਤੇ 2 ਤੇਜ਼ ਰਫਤਾਰ ਗੱਡੀਆਂ ਨੇ ਹਾਦਸੇ ਨੂੰ ਅੰਜਾਮ ਦਿੱਤਾ, ਜਿਸ ਵਿਚ ਨਵਦੀਪ ਦਾ ਸਿਰ ਧੜ ਤੋਂ ਅਲੱਗ ਹੋ ਗਿਆ ਅਤੇ ਅਜੇ ਤੱਕ ਪੁਲਸ ਨੂੰ ਸਿਰ ਬਰਾਮਦ ਨਹੀਂ ਹੋਇਆ।

ਇਹ ਵੀ ਪੜ੍ਹੋ: ਤੁਰਕੀ 'ਚ NDRF ਨੇ ਸੰਭਾਲਿਆ ਮੋਰਚਾ, ਮਲਬੇ 'ਚ ਦੱਬੀ 8 ਸਾਲਾ ਬੱਚੀ ਨੂੰ ਬਚਾਇਆ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News