ਰੈਸਲਰ ਦਿਨੇਸ਼ ਕੁਮਾਰ 'ਤੇ ਹੋਏ ਹਮਲੇ ਨੂੰ ਲੈ ਕੇ ਖਲੀ ਨੇ ਚੁੱਕੇ ਪੰਜਾਬ ਪੁਲਸ ਤੇ ਸਰਕਾਰ 'ਤੇ ਸਵਾਲ (ਵੀਡੀਓ)
Sunday, Jan 19, 2020 - 02:32 PM (IST)
ਜਲੰਧਰ— ਆਪਣੇ ਸਟੂਡੈਂਟ ਰੈਸਲਰ ਦਿਨੇਸ਼ ਕੁਮਾਰ 'ਤੇ ਹੋਏ ਹਮਲੇ ਤੋਂ ਬਾਅਦ ਪਹਿਲੀ ਵਾਰ ਦਿ ਗ੍ਰੇਟ ਖਲੀ ਦਿਲੀਪ ਸਿੰਘ ਰਾਣਾ ਕੈਮਰੇ ਸਾਹਮਣੇ ਆਏ ਅਤੇ ਪੁਲਸ ਦੀ ਕਾਰਗੁਜ਼ਾਰੀ ਸਮੇਤ ਸਰਕਾਰ 'ਤੇ ਵੱਡੇ ਸਵਾਲ ਚੁੱਕੇ। ਇਸ ਘਟਨਾ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਸੀਂ ਟੀ. ਵੀ. 'ਤੇ ਦੇਖਦੇ ਸੀ ਪਰ ਅੱਜ ਖੁਦ ਦੇਖ ਰਹੇ ਹਾਂ ਕਿ ਅੱਜ ਦਿਨ ਹੋ ਗਏ ਹਨ ਪੁਲਸ ਵੱਲੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ। ਪੁਲਸ ਵੱਲੋਂ ਕੁਝ ਵੀ ਕਾਰਵਾਈ ਨਹੀਂ ਕੀਤੀ ਗਈ। ਪੰਜਾਬ ਪੁਲਸ ਨੂੰ ਸਰਕਾਰ ਦੇ ਵੱਡੇ ਲੀਡਰ ਚਲਾ ਰਹੇ ਹਨ ਅਤੇ ਪੁਲਸ ਉਨ੍ਹਾਂ ਦੇ ਦਬਾਅ ਹੇਠਾਂ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਪੁਲਸ ਵਾਲਿਆਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਇਹੀ ਕਹਿੰਦੇ ਹਨ ਕਿ ਅਸੀਂ ਤੁਹਾਡੇ ਬਹੁਤ ਵੱਡੇ ਫੈਨ ਅਤੇ ਪੁਲਸ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਜਦਕਿ ਕੋਈ ਵੀ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕਈ ਘਟਨਾਵਾਂ ਹੁੰਦੀਆਂ ਹਨ ਪਰ ਪੁਲਸ ਵਾਲੇ ਅਤੇ ਸਰਕਾਰ ਕਿਸੇ ਦੀ ਵੀ ਨਹੀਂ ਸੁਣਦੀ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਕਿਸੇ ਬਦਮਾਸ਼ ਦੀ ਸਪਰੋਟ ਕਰੇਗੀ ਤਾਂ ਸਾਡੇ ਪੰਜਾਬ 'ਚੋਂ ਕਦੇ ਵੀ ਬਦਮਾਸ਼ੀ ਅਤੇ ਭ੍ਰਿਸ਼ਟਾਚਾਰ ਖਤਮ ਨਹੀਂ ਹੋਵੇਗਾ। ਪੁਲਸ ਇਨ੍ਹਾਂ ਦਾ ਸਾਥ ਦੇ ਕੇ ਸਗੋਂ ਬਦਮਾਸ਼ੀ ਨੂੰ ਵਾਧਾ ਦੇ ਰਹੀ ਹੈ। ਆਮ ਆਦਮੀ ਲਈ ਕਾਨੂੰਨ ਵਿਵਸਥਾ ਬੇਹੱਦ ਖਰਾਬ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਥੇ ਗਰੀਬ ਆਦਮੀ ਦੀ ਕੋਈ ਸੁਣਵਾਈ ਨਹੀਂ ਹੈ।
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਕਿਸੇ ਵੱਡੇ ਅਫਸਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਤਾਂ ਕਿਸੇ ਆਈ. ਜੀ, ਡੀ. ਆਈ. ਜੀ. ਜਾਂ ਐੱਸ ਪੀ. ਨਾਲ ਗੱਲ ਕਰਕੇ ਮੁਲਜ਼ਮਾਂ ਗ੍ਰਿਫਤਾਰੀ ਕਰਵਾਉਣ ਦੀ ਕੋਸ਼ਿਸ਼ ਕਰਾਂਗਾ ਪਰ ਆਮ ਇਨਸਾਨ ਕਿੱਥੇ ਜਾਵੇਗਾ। ਪੰਜਾਬ 'ਚ ਆਮ ਇਨਸਾਨ ਬਿਲਕੁਲ ਸੇਫ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਪਹਿਲੀ ਵਾਰ ਇਹ ਕਹਿ ਰਿਹਾ ਹਾਂ ਕਿ ਪੰਜਾਬ 'ਚ ਜਿਹੋ ਜਿਹੇ ਹਾਲਾਤ ਹਨ, ਉਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਜੋ ਲੋਕ ਪੰਜਾਬ 'ਚੋਂ ਬਾਹਰ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਬਾਹਰ ਜਾਣਾ ਚਾਹੀਦਾ ਹੈ। ਉਨ੍ਹÎਾਂ ਕਿਹਾ ਕਿ ਇਸੇ ਕਰਕੇ ਅੱਜ ਦੀ ਨੌਜਵਾਨ ਪੀੜ੍ਹੀ ਬਾਹਰ ਜਾ ਰਹੀ ਹੈ।
ਖਲੀ ਨੇ ਕੀਤੀ ਕੈਪਟਨ ਮੁੱਖ ਮੰਤਰੀ ਨੂੰ ਇਹ ਮੰਗ
ਮੈਂ ਸਰਕਾਰ ਨੂੰ ਦੱਸਣਾ ਚਾਹੁੰਦਾ ਹਾਂ ਕਿ ਤਸਵੀਰਾਂ ਖਿਚਵਾਉਣ, ਮੀਡੀਆ ਸਾਹਮਣੇ ਵਧੀਆ ਭਾਸ਼ਣ ਦੇਣ ਨਾਲ ਕੁਝ ਨਹੀਂ ਹੋਣ। ਸਗੋਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੁਲਸ ਨੂੰ ਹੁਕਮ ਦੇਵੇ ਕਿ ਜਲਦੀ ਤੋਂ ਜਲਦੀ ਮੁਲਜ਼ਮ ਗ੍ਰਿਫਤਾਰ ਹੋ ਸਕਣ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਕਰਦੇ ਕਿਹਾ ਕਿ ਇਹ ਜੋ ਵਾਰਦਾਤ ਹੋਈ ਹੈ, ਇਸ ਮਾਮਲੇ 'ਚ ਜਲਦੀ ਤੋਂ ਜਲਦੀ ਮੁਲਜ਼ਮ ਗ੍ਰਿਫਤਾਰ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਇਕੱਲੀ ਮੇਰੀ ਜਾਂ ਦਿਨੇਸ਼ ਦੀ ਨਹੀਂ ਹੈ ਸਗੋਂ ਆਮ ਜਨਤਾ ਦੀ ਸਮੱਸਿਆ ਹੈ। ਜੇਕਰ ਪੁਲਸ ਮੁਲਜ਼ਮਾਂ ਨੂੰ ਫੜੇਗੀ ਨਹੀਂ ਤਾਂ ਸਗੋਂ ਪੰਜਾਬ 'ਚ ਅਜਿਹੀਆਂ ਘਟਨਾਵਾਂ 'ਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਮੇਰੀ ਪਹੁੰਚ ਹੋਵੇਗੀ ਮੈਂ ਪੰਜਾਬ ਦੇ ਨੌਜਵਾਨਾਂ ਲਈ ਉਨ੍ਹਾਂ ਦੇ ਨਾਲ ਜਾਵਾਂਗਾ ਅਤੇ ਉਨ੍ਹਾਂ ਦੇ ਸਾਥ ਦਿੰਦੇ ਹੋਏ ਆਵਾਜ਼ ਬੁਲੰਦ ਕਰਾਂਗਾ। ਮੈਂ ਚਾਹੁੰਦਾ ਹਾਂ ਕਿ ਪੁਲਸ ਆਪਣਾ ਕੰਮ ਚੰਗੇ ਤਰੀਕੇ ਨਾਲ ਕਰੇ। ਹੁਣ ਦੇਖਣਾ ਇਹ ਹੋਵੇਗਾ ਕਿ ਦਿ ਗ੍ਰੇਟ ਖਲੀ ਵੱਲੋਂ ਅਪੀਲ ਕਰਨ ਤੋਂ ਬਾਅਦ ਪੰਜਾਬ ਪੁਲਸ ਕੀ ਕਾਰਵਾਈ ਕਰਦੀ ਹੈ।
ਜ਼ਖਮੀ ਰੈਸਲਰ ਦੇ ਸਿਰ 'ਤੇ ਲੱਗੇ 25 ਟਾਂਕੇ, ਦੱਸੀ ਸਾਰੀ ਕਹਾਣੀ
ਜ਼ਖਮੀ ਦਿਨੇਸ਼ ਕੁਮਾਰ ਨੇ ਹੱਡਬੀਤੀ ਸੁਣਾਉਂਦੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਉਹ ਜੰਡੂਸਿੰਘਾਂ 'ਚ ਐੱਚ. ਡੀ. ਐੱਫ. ਸੀ. ਦੇ ਏ. ਟੀ. ਐੱਮ. 'ਚੋਂ ਪੈਸੇ ਕੱਢਵਾਉਣ ਗਿਆ ਸੀ ਤਾਂ ਦੋ ਨੌਜਵਾਨ ਉਥੇ ਆਏ ਅਤੇ ਕਹਿਣ ਲੱਗੇ ਕਿ ਸਾਨੂੰ ਪੈਸੇ ਕੱਢਵਾਉਣ ਦਿਓ। ਫਿਰ ਮੈਂ ਉਨ੍ਹਾਂ ਨੂੰ ਪਹਿਲਾਂ ਪੈਸੇ ਕੱਢਵਾਉਣ ਦਿੱਤੇ ਪਰ ਉਨ੍ਹਾਂ ਨੇ ਕੋਈ ਪੈਸੇ ਨਹੀਂ ਕੱਢਵਾਏ। ਫਿਰ ਮੈਂ ਪੈਸੇ ਕੱਢਵਾਉਣ ਲੱਗਾ ਤਾਂ 31 ਹਜ਼ਾਰ ਰੁਪਏ ਕੱਢਵਾਉਣ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਧੱਕਾ ਮਾਰ ਦਿੱਤਾ। ਫਿਰ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਕ ਨੌਜਵਾਨ ਨੇ ਦੁੱਧ ਵਾਲਾ ਡੋਲੂ ਲੈ ਕੇ ਮੇਰੇ ਸਿਰ 'ਤੇ ਕਈ ਵਾਰ ਮਾਰੇ। ਦਿਨੇਸ਼ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਨਹੀਂ ਜਾਣਦਾ ਹਾਂ ਅਤੇ ਮੇਰਾ ਉਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਦੱਸਣਯੋਗ ਹੈ ਕਿ ਦਿਨੇਸ਼ ਨਾਲ ਹੋਈ ਲੁੱਟਖੋਹ ਨੂੰ ਲੈ ਕੇ ਦਿਨੇਸ਼ ਦੇ ਸਿਰ 'ਤੇ 25 ਟਾਂਕੇ ਲੰਗੇ ਹਨ। ਦਿਨੇਸ਼ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।