ਸਰਕਾਰੀ ਹੁਕਮਾਂ ਨੂੰ ਦਿਖਾਇਆ ਠੇਂਗਾ ਰਾਤ 1 ਵਜੇ ਤੱਕ ਚੱਲੇ ਪਟਾਕੇ
Saturday, Oct 21, 2017 - 01:06 AM (IST)
ਰੂਪਨਗਰ, (ਵਿਜੇ)- ਇਸ ਦੀਵਾਲੀ 'ਤੇ ਰੂਪਨਗਰ ਸ਼ਹਿਰ ਦੇ ਆਮ ਲੋਕਾਂ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਪਟਾਕਿਆਂ ਸੰਬੰਧੀ ਜਾਰੀ ਕੀਤੇ ਗਏ ਆਦੇਸ਼ਾਂ ਦੀ ਜ਼ੋਰਦਾਰ ਉਲੰਘਣਾ ਕੀਤੀ ਤੇ ਰਾਤ 1 ਵਜੇ ਤੱਕ ਸ਼ਹਿਰ 'ਚ ਪਟਾਕਿਆਂ ਦੀਆਂ ਜ਼ੋਰਦਾਰ ਆਵਾਜ਼ਾਂ ਸੁਣਦੀਆਂ ਰਹੀਆਂ।
ਜਾਰੀ ਹੁਕਮਾਂ ਅਨੁਸਾਰ ਦੀਵਾਲੀ ਵਾਲੇ ਦਿਨ ਸ਼ਾਮ 6.30 ਤੋਂ 9.30 ਵਜੇ ਤੱਕ ਪਟਾਕੇ ਚਲਾਏ ਜਾਣੇ ਸਨ, ਜਦਕਿ ਸ਼ਹਿਰ 'ਚ ਇਸ ਸਮੇਂ ਤੋਂ ਕਾਫੀ ਦੇਰ ਬਾਅਦ ਤੱਕ ਵੀ ਪਟਾਕੇ ਚੱਲਦੇ ਰਹੇ ਪਰ ਪੁਲਸ ਨੇ ਕਿਸੇ ਵਿਰੁੱਧ ਕੋਈ ਮਾਮਲਾ ਦਰਜ ਨਹੀਂ ਕੀਤਾ। ਲੋਕਾਂ ਦਾ ਕਹਿਣਾ ਸੀ ਕਿ ਜਾਂ ਤਾਂ ਅਦਾਲਤਾਂ ਅਜਿਹੇ ਆਦੇਸ਼ ਜਾਰੀ ਨਾ ਕਰਨ, ਜਿਨ੍ਹਾਂ ਦੀ ਪਾਲਣਾ ਨਹੀਂ ਹੋ ਸਕਦੀ ਜਾਂ ਕਾਨੂੰਨ ਸਥਾਪਿਤ ਕਰਨ ਵਾਲੀਆਂ ਏਜੰਸੀਆਂ ਠੀਕ ਢੰਗ ਨਾਲ ਉਸ ਨੂੰ ਲਾਗੂ ਕਰਨ।
ਉਧਰ, ਦੇਰ ਰਾਤ ਤੱਕ ਚੱਲਦੇ ਪਟਾਕਿਆਂ ਕਾਰਨ ਬੀਮਾਰ ਤੇ ਬਜ਼ੁਰਗ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪਈ ਤੇ ਬਹੁਤ ਸਾਰੇ ਲੋਕ 1 ਵਜੇ ਤੱਕ ਸੌਂ ਨਹੀਂ ਸਕੇ, ਜਦਕਿ ਸ਼ਹਿਰ 'ਚ ਪ੍ਰਦੂਸ਼ਣ ਵਧਿਆ ਤੇ ਹਰ ਪਾਸੇ ਗੰਦਗੀ ਹੋ ਗਈ ਹੈ।
