ਅੰਮ੍ਰਿਤਪਾਲ ਦਾ ਕਰੀਬੀ ਬਣੇਗਾ ਸਰਕਾਰੀ ਗਵਾਹ! ਗੁਰਪ੍ਰੀਤ ਹਰੀਨੌ ਕਤਲ ਮਾਮਲੇ ''ਚ ਵੱਡੀ ਅਪਡੇਟ
Thursday, Apr 09, 2026 - 08:59 PM (IST)
ਫਰੀਦਕੋਟ : ਗੁਰਪ੍ਰੀਤ ਸਿੰਘ ਹਰੀਨੌ ਕਤਲ ਕੇਸ 'ਚ ਇੱਕ ਅਹਿਮ ਮੋੜ ਆਇਆ ਹੈ। ਫਰੀਦਕੋਟ ਦੀ ਇੱਕ ਅਦਾਲਤ ਨੇ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦੀ ਅਰਜ਼ੀ ਨੂੰ ਪ੍ਰਵਾਨ ਕਰਦਿਆਂ, ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਸਾਥੀ ਵਰਿੰਦਰ ਸਿੰਘ ਫੌਜੀ ਨੂੰ ਗਵਾਹ ਵਜੋਂ ਨਾਮਜ਼ਦ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ ਫੌਜੀ ਨੂੰ ਗੋਇੰਦਵਾਲ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਕੌਣ ਹੈ ਵਰਿੰਦਰ ਸਿੰਘ ਫੌਜੀ?
ਭਾਰਤੀ ਫੌਜ ਦਾ ਸਾਬਕਾ ਅਧਿਕਾਰੀ ਵਰਿੰਦਰ ਸਿੰਘ ਫੌਜੀ, ਅੰਮ੍ਰਿਤਪਾਲ ਸਿੰਘ ਦਾ ਬੇਹੱਦ ਨਜ਼ਦੀਕੀ ਮੰਨਿਆ ਜਾਂਦਾ ਹੈ ਅਤੇ ਇਸ ਸਮੇਂ 2023 ਦੇ ਅਜਨਾਲਾ ਥਾਣਾ ਹਮਲੇ ਦੇ ਦੋਸ਼ ਵਿੱਚ ਤਰਨਤਾਰਨ ਦੀ ਗੋਇੰਦਵਾਲ ਜੇਲ੍ਹ ਵਿੱਚ ਬੰਦ ਹੈ। ਜਾਂਚ ਟੀਮ ਦਾ ਮੰਨਣਾ ਹੈ ਕਿ ਫੌਜੀ ਕੋਲ ਇਸ ਕਤਲ ਕਾਂਡ ਨਾਲ ਸਬੰਧਤ ਅਜਿਹੀਆਂ ਅਹਿਮ ਜਾਣਕਾਰੀਆਂ ਹਨ, ਜੋ ਇਸ ਹਾਈ-ਪ੍ਰੋਫਾਈਲ ਕੇਸ ਦੀ ਜਾਂਚ ਨੂੰ ਹੋਰ ਮਜ਼ਬੂਤ ਕਰ ਸਕਦੀਆਂ ਹਨ।
ਕਤਲ ਪਿੱਛੇ ਕੀ ਸੀ ਕਾਰਨ?
ਪੰਥਕ ਕਾਰਕੁੰਨ ਅਤੇ ‘ਵਾਰਿਸ ਪੰਜਾਬ ਦੇ’ ਸੰਸਥਾ ਦੇ ਸਾਬਕਾ ਵਿੱਤ ਸਕੱਤਰ ਗੁਰਪ੍ਰੀਤ ਸਿੰਘ ਹਰੀਨੌਂ ਦਾ 9 ਅਕਤੂਬਰ, 2024 ਨੂੰ ਉਨ੍ਹਾਂ ਦੇ ਪਿੰਡ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਸ ਦੀ ਹੁਣ ਤੱਕ ਦੀ ਜਾਂਚ ਮੁਤਾਬਕ, ਇਹ ਕਤਲ ਅੰਮ੍ਰਿਤਪਾਲ ਸਿੰਘ ਦੇ ਇਸ਼ਾਰੇ ’ਤੇ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਪਹਿਲਾਂ ਅੰਮ੍ਰਿਤਪਾਲ ਦੇ ਨਾਲ ਜੁੜਿਆ ਹੋਇਆ ਸੀ, ਪਰ ਬਾਅਦ ਵਿੱਚ ਉਸ ਨੇ ਅੰਮ੍ਰਿਤਪਾਲ ਦੀਆਂ ਨੀਤੀਆਂ ਦੀ ਅਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਸੀ, ਜਿਸ ਕਾਰਨ ਕਥਿਤ ਤੌਰ ’ਤੇ ਉਸ ਦੀ ਹੱਤਿਆ ਕਰ ਦਿੱਤੀ ਗਈ।
ਇਸ ਮਾਮਲੇ 'ਚ ਹੁਣ ਤੱਕ 17 ਲੋਕਾਂ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 12 ਵਿਰੁੱਧ ਦੋਸ਼ ਤੈਅ ਹੋ ਚੁੱਕੇ ਹਨ। ਇਸ ਕੇਸ ਵਿੱਚ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ (ਜੋ ਕਿ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ NSA ਅਧੀਨ ਬੰਦ ਹੈ) ਅਤੇ ਗੈਂਗਸਟਰ ਅਰਸ਼ ਡੱਲਾ ਸਮੇਤ ਪੰਜ ਹੋਰ ਮੁਲਜ਼ਮ ਅਜੇ ਵੀ ਪੁਲਸ ਦੀ ਗ੍ਰਿਫ਼ਤ ਵਿੱਚ ਹਨ। ਅਦਾਲਤ ਵੱਲੋਂ ਦਿੱਤੀ ਗਈ ਇਸ ਇਜਾਜ਼ਤ ਤੋਂ ਬਾਅਦ ਹੁਣ ਜਾਂਚ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
