ਨਾਜਾਇਜ਼ ਮਾਈਨਿੰਗ ਦੀ ਸ਼ਿਕਾਇਤ ''ਤੇ ਪੁਲਸ ਪਹੁੰਚੀ ਮਛਿਆਣਾ

03/15/2018 6:59:28 AM

ਜਲੰਧਰ, (ਮਹੇਸ਼)- ਆਮ ਆਦਮੀ ਪਾਰਟੀ ਦੇ ਆਗੂਆਂ ਨੇ ਅੱਜ ਥਾਣਾ ਸਦਰ ਦੀ ਪੁਲਸ ਨੂੰ ਪਿੰਡ ਮਛਿਆਣਾ ਵਿਚ ਪਿੰਡ ਦੇ ਹੀ ਇਕ ਸਾਬਕਾ ਸਰਪੰਚ ਦੀ ਮਿਲੀਭੁਗਤ ਨਾਲ ਨਾਜਾਇਜ਼ ਮਾਈਨਿੰਗ ਹੋਣ ਦੀ ਸ਼ਿਕਾਇਤ ਦਿੱਤੀ ਸੀ। ਜਿਸ ਤੋਂ ਬਾਅਦ ਐੱਸ. ਐੱਚ. ਓ. ਸਦਰ ਸੁਖਦੇਵ ਸਿੰਘ ਔਲਖ ਤੇ ਜੰਡਿਆਲਾ ਪੁਲਸ ਚੌਕੀ ਇੰਚਾਰਜ ਮੇਜਰ ਸਿੰਘ ਰਿਆੜ ਮੌਕੇ 'ਤੇ ਪੁੱਜੇ ਤੇ ਮਾਈਨਿੰਗ ਅਧਿਕਾਰੀ ਚਰਨਜੀਤ ਸਿੰਘ ਨੂੰ ਵੀ ਉਥੇ ਬੁਲਾ ਲਿਆ ਗਿਆ। 
ਚਰਨਜੀਤ ਸਿੰਘ ਨੇ ਜਾਂਚ ਵਿਚ ਕਿਹਾ ਕਿ ਇਹ ਨਾਜਾਇਜ਼ ਮਾਈਨਿੰਗ ਨਹੀਂ ਹੈ। ਉਨ੍ਹਾਂ ਇਸ ਸਬੰਧ ਵਿਚ ਠੇਕੇਦਾਰ ਕੋਲ ਮੌਜੂਦ ਪੂਰੇ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਠੇਕੇਦਾਰ ਇਥੇ ਖਰੀਦੀ ਗਈ ਜ਼ਮੀਨ 'ਚੋਂ ਮਿੱਟੀ ਲੈ ਕੇ ਫਗਵਾੜਾ ਤੋਂ ਨਵਾਂ ਸ਼ਹਿਰ ਰੋਡ ਵਿਚ ਚੱਲ ਰਹੇ ਨਿਰਮਾਣ ਲਈ ਭਰਤੀ ਪਾਉਣ ਲਈ ਲੈ ਕੇ ਜਾਂਦਾ ਹੈ। ਐੱਸ. ਐੱਚ. ਓ. ਸੁਖਦੇਵ ਸਿੰਘ ਔਲਖ ਨੇ ਕਿਹਾ ਕਿ ਇਸ ਸਬੰਧ ਵਿਚ ਕਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬਿਨਾਂ ਨੰਬਰੀ ਮਿੱਟੀ ਨਾਲ ਲੋਡ ਕੀਤੇ ਤਿੰਨ ਟਿੱਪਰਾਂ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲਿਆ ਹੈ। ਟਿੱਪਰਾਂ ਦੇ ਅੱਗੇ ਤੇ ਪਿੱਛੇ ਦੋਵੇਂ ਪਾਸੇ ਨੰਬਰ ਨਹੀਂ ਸਨ। ਕਾਗਜ਼ ਵੀ ਪੂਰੇ ਨਹੀਂ ਸਨ। ਜਿਸ ਕਾਰਨ ਉਨ੍ਹਾਂ ਨੂੰ ਪੁਲਸ ਚੌਕੀ ਜੰਡਿਆਲਾ ਵਿਚ ਰਖਿਆ ਗਿਆ ਹੈ। ਉਨ੍ਹਾਂ ਦੇ ਬਿਨਾਂ ਨੰਬਰੀ ਹੋਣ 'ਤੇ ਪੁਲਸ ਕੇਸ ਦਰਜ ਕਰ ਸਕਦੀ ਹੈ ਪਰ ਖਬਰ ਲਿਖੇ ਜਾਣ ਤੱਕ ਇਸ ਸਬੰਧ ਵਿਚ ਕੇਸ ਦਰਜ ਨਹੀਂ ਹੋਇਆ ਸੀ। 

ਦਬਾਅ ਕਾਰਨ ਨਹੀਂ ਕੀਤਾ ਕੇਸ ਦਰਜ
ਆਮ ਆਦਮੀ ਪਾਰਟੀ ਦੇ ਆਗੂ ਐੱਚ. ਐੱਸ. ਵਾਲੀਆ ਨੇ ਕਿਹਾ ਕਿ ਮਛਿਆਣਾ ਪਿੰਡ ਵਿਚ ਧੜੱਲੇ ਨਾਲ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਪਰ ਪੁਲਸ ਨੇ ਕਾਂਗਰਸ ਸਰਕਾਰ ਦੇ ਦਬਾਅ ਹੇਠ ਇਸ ਸਬੰਧ ਵਿਚ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪੁਲਸ ਦੀ ਇਸ ਧੱਕੇਸ਼ਾਹੀ ਤੇ ਨਾਜਾਇਜ਼ ਮਾਈਨਿੰਗ ਦੇ ਖਿਲਾਫ ਆਉਣ ਵਾਲੇ ਦਿਨਾਂ ਵਿਚ ਸੰਸਦ ਮੈਂਬਰ ਭਗਵੰਤ ਸਿੰਘ ਮਾਨ ਕਨਵੀਨਰ ਪੰਜਾਬ ਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵਿਧਾਇਕ ਭੁੱਲਥ ਦੀ ਅਗਵਾਈ ਵਿਚ ਧਰਨਾ ਪ੍ਰਦਰਸ਼ਨ ਕਰੇਗੀ। 


Related News