ਸਰਦੂਲਗੜ੍ਹ ''ਚੋਂ ਨਿਕਲਦਾ ਘੱਗਰ ਦਰਿਆ ਨੱਕੋ-ਨੱਕ ਭਰਿਆ, ਲੋਕਾਂ ਦੀ ਵਧੀ ਚਿੰਤਾ

Friday, Sep 05, 2025 - 11:20 AM (IST)

ਸਰਦੂਲਗੜ੍ਹ ''ਚੋਂ ਨਿਕਲਦਾ ਘੱਗਰ ਦਰਿਆ ਨੱਕੋ-ਨੱਕ ਭਰਿਆ, ਲੋਕਾਂ ਦੀ ਵਧੀ ਚਿੰਤਾ

ਸਰਦੂਲਗੜ੍ਹ/ਮਾਨਸਾ (ਸੰਦੀਪ ਮਿੱਤਲ) : ਡੈਮਾਂ ’ਚ ਅਣਕਿਆਸੇ ਪਾਣੀ ਦੀ ਆਮਦ, ਡੈਮਾਂ ਦਾ ਨੱਕੋ-ਨੱਕ ਭਰਨਾ ਅਤੇ ਘੱਗਰ ਅਤੇ ਸਤਲੁਜ ਦਾ ‘ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਗਣਾ’, ਇਹ ਸਭ ਪੰਜਾਬ ’ਚ ਤਬਾਹੀ ਦਾ ਸੰਕੇਤ ਹੈ। ਪਹਾੜਾਂ ’ਚੋਂ ਆਏ ਪਾਣੀ ਨੇ ਮੌਸਮ ਵਿਭਾਗ ਦੀ ਸਭ ਗਿਣਤੀ-ਮਿਣਤੀ ਫ਼ੇਲ ਕਰ ਦਿੱਤੀ ਹੈ। ਪੂਰਾ ਪੰਜਾਬ ਹੜ੍ਹਾਂ ਦੀ ਲਪੇਟ ’ਚ ਆਉਣ ਮਗਰੋਂ ਨਵੇਂ ਖ਼ਤਰੇ ਦੇ ਬੂਹੇ ’ਤੇ ਆ ਖੜ੍ਹਾ ਹੋਇਆ ਹੈ। ਘੱਗਰ ਦੇ ਖ਼ਤਰੇ ਦੇ ਮੱਦੇਨਜ਼ਰ ਭਾਰਤੀ ਫ਼ੌਜ, ਐੱਨ. ਡੀ. ਆਰ. ਐੱਫ. ਅਤੇ ਪੁਲਸ ਦੀਆਂ ਟੀਮਾਂ ਪਟਿਆਲਾ ਤੇ ਸੰਗਰੂਰ ਪੁੱਜ ਗਈਆਂ ਹਨ। ਜਾਣਕਾਰੀ ਅਨੁਸਾਰ ਮਾਨਸਾ ਜ਼ਿਲ੍ਹੇ ਅਤੇ ਸ਼ਹਿਰ ਸਰਦੂਲਗੜ੍ਹ ’ਚੋਂ ਲੰਘਦੇ ਘੱਗਰ ਦਰਿਆ ਨੇ ਵੀਰਵਾਰ ਨੂੰ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਮੀਂਹ ਪੈਣ ਨਾਲ ਡੇਢ ਫੁੱਟ ਚੜ੍ਹੇ ਘੱਗਰ ’ਚ ਹੁਣ ਪਾਣੀ ਕਰੀਬ 22 ਫੁੱਟ ਤੱਕ ਪਹੁੰਚ ਗਿਆ, ਜੋ ਮਹਿਜ਼ ਖ਼ਤਰੇ ਦੇ ਨਿਸ਼ਾਨ ਤੋਂ 3-4 ਫੁੱਟ ਹੇਠਾਂ ਵਗ ਰਿਹਾ ਹੈ। ਇਸ ਨੂੰ ਲੈ ਕੇ ਲੋਕਾਂ ਦੀ ਚਿੰਤਾ ਵੱਧ ਗਈ ਹੈ।

ਪ੍ਰਸ਼ਾਸਨ ਨੇ ਘੱਗਰ ਕਿਨਾਰੇ ਵਸਦੇ ਲੋਕਾਂ ਨੂੰ ਚੌਕਸ ਕਰ ਦਿੱਤਾ ਹੈ। ਹਾਲਾਂਕਿ ਪ੍ਰਸ਼ਾਸਨ ਵਲੋਂ ਕਿਸੇ ਵੀ ਤਰ੍ਹਾਂ ਨਾ ਘਬਰਾਉਣ ਦੀ ਗੱਲ ਵੀ ਕਹੀ ਜਾ ਰਹੀ ਹੈ ਪਰ ਘੱਗਰ ’ਚ ਵੱਧਦੇ ਪਾਣੀ ਦੇ ਲਗਾਤਾਰ ਪੱਧਰ ਨੇ ਲੋਕਾਂ ਨੂੰ ਡਰਾਇਆ ਹੋਇਆ ਹੈ। ਪਿਛਲੇ 4 ਦਿਨਾਂ ’ਚ 18 ਫੁੱਟ ਤੋਂ ਵਧ ਕੇ ਘੱਗਰ ਦਾ ਪਾਣੀ ਵੀਰਵਾਰ ਨੂੰ ਰਾਤ ਤੱਕ ਕਰੀਬ 22 ਫੁੱਟ ਦਰਜ ਕੀਤਾ ਗਿਆ। ਇਸ ਦੇ ਨਾਲ ਚਾਂਦਪੁਰਾ ਬੰਨ੍ਹ, ਖਨੌਰੀ ਆਦਿ ’ਚ ਪਾਣੀ ਦਾ ਪੱਧਰ ਹੌਲੀ ਰਫ਼ਤਾਰ ਨਾਲ ਵੱਧਣ ਨੂੰ ਲੈ ਕੇ ਲੋਕਾਂ ਨੂੰ ਥੋੜ੍ਹਾ ਹੌਂਸਲਾ ਜ਼ਰੂਰ ਹੈ ਪਰ ਇਹ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਪਹਾੜਾਂ ’ਚ ਪਿਛਲੇ ਦਿਨ ਪਏ ਮੀਂਹ ਅਤੇ ਅੱਜ-ਕੱਲ੍ਹ ਹੋ ਰਹੀਆਂ ਬਾਰਸ਼ਾਂ ਦਾ ਪਾਣੀ ਮੁੜ ਘੱਗਰ ’ਚ ਪਾਣੀ ਵਧਾ ਸਕਦਾ ਹੈ।

ਮੌਸਮ ਵਿਭਾਗ ਦੇ ਅਨੁਸਾਰ ਇਨ੍ਹੀਂ ਦਿਨੀਂ ਪਹਾੜਾਂ ’ਚ ਬਾਰਸ਼ ਘੱਟ ਹੋਣ ਦੀ ਸੂਚਨਾ ਹੈ ਪਰ ਇਹ ਚਿੰਤਾ ਵੀ ਜ਼ਰੂਰ ਹੈ ਕਿ ਜੇਕਰ ਮੀਂਹ ਹੋਰ ਥਾਵਾਂ ’ਤੇ ਇਸੇ ਤਰ੍ਹਾਂ ਪੈਂਦਾ ਰਿਹਾ ਤਾਂ ਘੱਗਰ ਲਈ ਖ਼ਤਰਾ ਖੜ੍ਹਾ ਹੋ ਸਕਦਾ ਹੈ। ਵੀਰਵਾਰ ਨੂੰ ਜ਼ੋਰਦਾਰ ਮੀਂਹ ਪੈਣ ਨਾਲ ਸਰਦੂਲਗੜ੍ਹ ਸ਼ਹਿਰ ਦਾ ਪੁਰਾਣਾ ਏਰੀਆ ਪਾਣੀ ’ਚ ਡੁੱਬ ਗਿਆ। ਇੱਥੋਂ ਦੇ ਪਾਣੀ ਦੀ ਨਿਕਾਸੀ ਹਮੇਸ਼ਾ ਘੱਗਰ ’ਚ ਹੁੰਦੀ ਆਈ ਹੈ ਅਤੇ ਇਹ ਪਾਣੀ ਵੀ ਘੱਗਰ ’ਚ ਕੱਢਿਆ ਜਾ ਰਿਹਾ ਹੈ। ਇਸ ਨਾਲ ਘੱਗਰ ਚੜ੍ਹਨ ਦੀ ਸੰਭਾਵਨਾ ਬਣ ਸਕਦੀ ਹੈ। ਓਧਰ, ਘੱਗਰ ਬਚਾਓ ਸੰਘਰਸ਼ ਕਮੇਟੀ ਦੇ ਆਗੂ ਵਾਤਾਵਰਣ ਪ੍ਰੇਮੀ ਡਾ. ਬਿਕਰਜੀਤ ਸਿੰਘ ਸਾਧੂਵਾਲਾ ਨੇ ਕਿਹਾ ਕਿ ਹੁਣ ਮੀਂਹਾਂ ਦਾ ਮੌਸਮ ਜ਼ਿਆਦਾ ਨਹੀਂ ਹੈ ਪਰ ਰੁਕ-ਰੁਕ ਪੈਂਦੇ ਤੇਜ਼ ਮੀਂਹ ਅਤੇ ਉਨ੍ਹਾਂ ਦਾ ਪਿੱਛੇ ਤੋਂ ਆ ਰਿਹਾ ਪਾਣੀ ਘੱਗਰ ਦੀ ਚਿੰਤਾ ਵਧਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਸਰਦੂਲਗੜ੍ਹ ਦੇ ਲੋਕ ਪਹਿਲਾਂ ਘੱਗਰ ਦੇ ਪਾਣੀ ਤੋਂ ਘਬਰਾਏ ਹੋਏ ਹਨ, ਉਧਰ ਤੇਜ਼ ਮੀਂਹ ਨੇ ਉਨ੍ਹਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। 
 


author

Babita

Content Editor

Related News