ਸਿੱਖਾਂ ਦੇ ਮਸਲਿਆਂ ਦਾ ਹੱਲ ਕਰਨ ਲਈ ਯੂ. ਕੇ. ''ਚ ਵਰਲਡ ਸਿੱਖ ਪਾਰਲੀਮੈਂਟ ਦਾ ਗਠਨ
Sunday, Aug 20, 2017 - 07:10 AM (IST)

ਪਟਿਆਲਾ (ਜੋਸਨ) - ਯੂ. ਕੇ. ਦੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਖੇ ਯੂ. ਕੇ., ਯੂ. ਐੱਸ. ਏ., ਆਸਟ੍ਰੇਲੀਆ ਅਤੇ ਯੂਰਪ ਦੇ ਪੰਥਕ ਆਗੂਆਂ ਦੀ ਵਿਸ਼ੇਸ਼ ਮੀਟਿੰਗ ਦੌਰਾਨ ਵਰਲਡ ਸਿੱਖ ਪਾਰਲੀਮੈਂਟ ਦਾ ਗਠਨ ਕਰਨ ਦਾ ਐਲਾਨ ਕੀਤਾ ਗਿਆ। ਭਾਈ ਮਨਪ੍ਰੀਤ ਸਿੰਘ ਯੂ. ਕੇ. ਅਨੁਸਾਰ ਇਸ ਸੰਸਥਾ 'ਚ ਸਿੱਖ ਕੌਮ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਉਹ ਪਰਖੇ ਹੋਏ ਆਗੂ ਅਤੇ ਵਿਦਵਾਨ ਲਏ ਜਾ ਰਹੇ ਹਨ, ਜਿਹੜੇ ਸਿੱਖ ਕੌਮ ਦਾ ਦਰਦ ਰੱਖਦੇ ਹਨ ਤੇ ਪਿਛਲੇ 30-35 ਸਾਲਾਂ ਤੋਂ ਸੁਹਿਰਦਤਾ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਦੇ ਨਾਲ ਬੀਬੀਆਂ ਅਤੇ ਨੌਜਵਾਨਾਂ ਦੀ ਵੀ ਸ਼ਮੂਲੀਅਤ ਹੋਵੇਗੀ, ਜਿਹੜੇ ਕੌਮੀ ਦਰਦ ਰੱਖਦੇ ਹੋਏ ਪੂਰੀ ਤਰ੍ਹਾਂ ਇਸ ਕਾਰਜ ਲਈ ਸਮਰਪਿਤ ਹਨ।
ਯੂ. ਕੇ. ਦੇ ਬਰਮਿੰਘਮ ਖੇਤਰ ਤੋਂ ਗੱਲਬਾਤ ਕਰਦੇ ਹੋਏ ਮਨਪ੍ਰੀਤ ਸਿੰਘ ਯੂ. ਕੇ. ਨੇ ਦੱਸਿਆ ਕਿ ਦੁਨੀਆ ਭਰ ਦੇ ਸਿੱਖਾਂ ਨੂੰ ਲੈ ਕੇ ਬਣਾਈ ਜਾ ਰਹੀ ਇਹ ਸੰਸਥਾ ਵਿਸ਼ਵ ਭਰ ਦੇ ਸਿੱਖਾਂ ਦੀ ਨੁਮਾਇੰਦਾ ਜਮਾਤ ਹੋਵੇਗੀ ਅਤੇ ਵਿਸ਼ਵ ਪੱਧਰ ਦੀ ਇਹ ਪਹਿਲੀ ਅਜਿਹੀ ਸੰਸਥਾ ਹੋਵੇਗੀ, ਜੋ ਸਿੱਖ ਕੌਮ ਦੇ ਦਰਪੇਸ਼ ਮਸਲਿਆਂ ਪ੍ਰਤੀ, ਜਿਥੇ ਸਮੁੱਚੀ ਕੌਮ ਨੂੰ ਜਾਗਰੂਕ ਕਰੇਗੀ, ਉਥੇ ਉਨ੍ਹਾਂ ਦੇ ਹੱਲ ਲਈ ਵੀ ਸਰਗਰਮੀ ਨਾਲ ਭੂਮਿਕਾ ਨਿਭਾਏਗੀ।
ਅੱਜ ਵਰਲਡ ਸਿੱਖ ਪਾਰਲੀਮੈਂਟ ਦੇ ਗਠਨ ਸਬੰਧੀ ਐਲਾਨ ਕਰਦੇ ਹੋਏ 15 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਦੇ ਨਾਂ ਜਾਰੀ ਕੀਤੇ ਗਏ। ਉਨ੍ਹਾਂ 'ਚ ਯੂ. ਕੇ. ਤੋਂ ਅਮਰੀਕ ਸਿੰਘ ਗਿੱਲ, ਜੋਗਾ ਸਿੰਘ, ਦਬਿੰਦਰਜੀਤ ਸਿੰਘ, ਮਨਪ੍ਰੀਤ ਸਿੰਘ, ਯੂ. ਐੱਸ. ਏ. ਤੋਂ ਡਾ. ਅਮਰਜੀਤ ਸਿੰਘ, ਹਿੰਮਤ ਸਿੰਘ ਅਤੇ ਅਮਰਦੀਪ ਸਿੰਘ, ਕੈਨੇਡਾ ਤੋਂ ਸਤਿੰਦਰਪਾਲ ਸਿੰਘ, ਭਗਤ ਸਿੰਘ ਭੰਡਾਲ, ਯੂਰਪੀਨ ਦੇਸ਼ਾਂ ਤੋਂ ਗੁਰਮੀਤ ਸਿੰਘ, ਰੇਸ਼ਮ ਸਿੰਘ, ਸੁਖਦੇਵ ਸਿੰਘ, ਜਸਵਿੰਦਰ ਸਿੰਘ, ਆਸਟ੍ਰੇਲੀਆ ਤੋਂ ਸ਼ਾਮ ਸਿੰਘ, ਗੁਰਵਿੰਦਰ ਸਿੰਘ। ਵਰਲਡ ਸਿੱਖ ਪਾਰਲੀਮੈਂਟ ਦੇ ਆਗੂਆਂ ਅਨੁਸਾਰ ਇਨ੍ਹਾਂ ਪੰਦਰਾਂ ਮੈਂਬਰਾਂ ਦੇ ਇਲਾਵਾ 75 ਨਾਂ ਹੋਰ ਆ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਸਿੱਖ ਪਾਰਲੀਮੈਂਟ ਦੇ ਕੁਲ 300 ਮੈਂਬਰ ਹੋਣਗੇ, ਜਿਨ੍ਹਾਂ 'ਚ 150 ਮੈਂਬਰ ਯੂ. ਕੇ., ਅਮਰੀਕਾ, ਕੈਨੇਡਾ, ਯੂਰਪ, ਆਸਟ੍ਰੇਲੀਆ, ਨਿਊਜ਼ੀਲੈਂਡ ਭਾਵ ਵਿਦੇਸ਼ 'ਚ ਜਿਥੇ-ਜਿਥੇ ਵੀ ਸਿੱਖ ਵਸਦੇ ਹਨ, ਸਾਰੇ ਖਿੱਤਿਆਂ 'ਚੋਂ ਮੈਂਬਰ ਹੋਣਗੇ ਅਤੇ ਬਾਕੀ 150 ਮੈਂਬਰ ਸਿੱਖ ਕੌਮ ਦੇ ਹੋਮਲੈਂਡ ਖੇਤਰ 'ਚੋਂ ਹੋਣਗੇ। ਪਾਰਲੀਮੈਂਟ ਦਾ ਆਗਾਜ਼ ਕਰਨ ਸਮੇਂ ਭਾਈ ਅਮਰੀਕ ਸਿੰਘ ਗਿੱਲ, ਭਾਈ ਜੋਗਾ ਸਿੰਘ, ਭਾਈ ਸ਼ਾਮ ਸਿੰਘ, ਭਾਈ ਹਿੰਮਤ ਸਿੰਘ ਅਤੇ ਭਾਈ ਮਨਪ੍ਰੀਤ ਸਿੰਘ ਨੇ ਸੰਸਥਾ ਦੇ ਗਠਨ, ਨਿਸ਼ਾਨੇ ਅਤੇ ਕੰਮਾਂ ਬਾਰੇ ਦੱਸਿਆ। ਅੱਜ ਦੀ ਮੀਟਿੰਗ 'ਚ ਹਾਜ਼ਰ ਆਗੂਆਂ ਅਤੇ ਮੈਂਬਰਾਂ, ਹਿੰਮਤ ਸਿੰਘ ਯੂ. ਐੱਸ. ਏ., ਬਲਬੀਰ ਸਿੰਘ, ਬਲਬੀਰ ਸਿੰਘ ਬੈਂਸ, ਕੁਲਵੰਤ ਸਿੰਘ ਢੇਸੀ, ਸੁਖਵਿੰਦਰ ਸਿੰਘ, ਤਰਸੇਮ ਸਿੰਘ ਦਿਓਲ ਆਦਿ ਦੇ ਨਾਂ ਵਰਣਨਯੋਗ ਹਨ।