ਲੁੱਟ-ਖੋਹ ਕਰਨ ਵਾਲੇ ਪੰਜ ਮੈਂਬਰੀ ਗਿਰੋਹ ਦਾ ਪਰਦਾਫਾਸ਼

04/16/2018 5:16:38 AM

ਤਰਨਤਾਰਨ,  (ਰਾਜੂ)-  ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਪਲਾਸੌਰ ਡਰੇਨ ਪੁਲ ਤੋਂ ਲੁੱਟ-ਖੋਹ ਕਰਨ ਵਾਲੇ ਤਿੰਨ ਮੈਂਬਰਾਂ ਨੂੰ 3 ਕਰੋੜ ਦੀ ਹੈਰੋਇਨ ਅਤੇ ਦੋ ਪਿਸਟਲਾਂ ਸਣੇ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਦ ਕਿ ਦੋ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ।
 ਐੱਸ. ਪੀ. ਹੈੱਡ ਕੁਆਰਟਰ ਗੁਰਨਾਮ ਸਿੰਘ ਅਤੇ ਡੀ. ਐੱਸ. ਪੀ. ਸਿਟੀ ਸਤਨਾਮ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਥਾਣਾ ਸਿਟੀ ਤਰਨਤਾਰਨ ਅਤੇ ਨਾਰਕੋਟਿਕ ਸੈੱਲ ਤਰਨਤਾਰਨ ਦੀ ਪੁਲਸ ਨੂੰ ਕਿਸੇ ਮੁਖਬਰ ਤੋਂ ਇਤਲਾਹ ਮਿਲੀ ਕਿ ਜੌਬਨਜੀਤ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਜੀਓਬਾਲਾ, ਗੁਰਮੁੱਖ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਤੱਖੂ ਚੱਕ, ਬਲਰਾਜ ਸਿੰਘ ਪੁੱਤਰ ਸੁਖਵੰਤ ਸਿੰਘ ਵਾਸੀ ਜੀਓਬਾਲਾ, ਗੁਰਦੇਵ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਜੋੜਾ ਤੇ ਅੰਮ੍ਰਿਤਪਾਲ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਜੋੜਾ ਨੇ 4 ਅਣਪਛਾਤੇ ਵਿਅਕਤੀ ਨਾਲ ਮਿਲ ਕੇ ਇਕ ਗੈਂਗ ਬਣਾਇਆ ਹੋਇਆ ਹੈ ਜੋ ਹਥਿਆਰਾਂ ਦੀ ਨੋਕ 'ਤੇ ਲੁੱਟਾਂ-ਖੋਹਾਂ ਕਰਦੇ ਹਨ। ਉਕਤ ਵਿਅਕਤੀ ਅੱਜ ਪੁਲ ਡਰੇਨ ਪਲਾਸੌਰ ਰੋਡ ਤਰਨਤਾਰਨ ਨੇੜੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ। ਪੁਲਸ ਨੇ ਜਦੋਂ ਦੱਸੀ ਹੋਈ ਜਗ੍ਹਾ 'ਤੇ ਰੇਡ ਕੀਤੀ ਤਾਂ ਮੌਕੇ ਤੋਂ ਗੁਰਮੁੱਖ ਸਿੰਘ, ਜੋਬਨਜੀਤ ਸਿੰਘ ਤੇ ਬਲਰਾਜ ਸਿੰਘ ਨੂੰ ਕਾਬੂ ਕਰ ਲਿਆ ਗਿਆ, ਜਦ ਕਿ ਗੁਰਦੇਵ ਸਿੰਘ ਤੇ ਅੰਮ੍ਰਿਤਪਾਲ ਸਿੰਘ ਫਰਾਰ ਹੋ ਗਏ।  ਪੁਲਸ ਨੇ ਫੜੇ ਗਏ ਦੋਸ਼ੀਆਂ ਦੀ ਤਲਾਸ਼ੀ ਲੈਣ 'ਤੇ ਗੁਰਮੁੱਖ ਸਿੰਘ ਤੋਂ 310 ਗ੍ਰਾਮ ਹੈਰੋਇਨ, ਜੋਬਨਜੀਤ ਸਿੰਘ ਤੋਂ ਪਿਸਟਲ 32 ਬੋਰ 6 ਰੌਂਦ ਜ਼ਿੰਦਾ, 700 ਗੋਲੀਆਂ ਮਾਈਕ੍ਰੋਲਿਟ ਤੇ 120 ਗੋਲੀਆਂ ਅਲਪਰਾਜ਼ੋਲਮ, ਬਲਰਾਜ ਸਿੰਘ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 1 ਪਿਸਟਲ ਦੇਸੀ 32 ਬੋਰ, 5 ਰੌਂਦ ਤੇ 260 ਗ੍ਰਾਮ ਹੈਰੋਇਨ ਅਤੇ ਇਨ੍ਹਾਂ ਤੋਂ 2 ਚੋਰੀ ਦੇ ਮੋਟਰਸਾਈਕਲ ਵੀ ਬਰਾਮਦ ਕੀਤੇ। ਪੁਲਸ ਨੇ ਦੱਸਿਆ ਉਕਤ ਦੋਸ਼ੀਆਂ ਖਿਲਾਫ ਪਹਿਲਾਂ ਵੀ ਵੱਖ-ਵੱਥ ਥਾਣਿਆਂ 'ਚ ਮੁਕੱਦਮੇ ਦਰਜ ਹਨ। ਉਕਤ ਸਾਰੇ ਦੋਸ਼ੀ ਗੱਡੀਆਂ, ਮੋਟਰਸਾਈਕਲਾਂ ਤੇ ਹਥਿਆਰਾਂ ਦੀ ਲੁੱਟ ਕਰਦੇ ਸਨ, ਜਿਨ੍ਹਾਂ ਕੋਲੋਂ ਹੋਰ ਵੀ ਖੁਲਾਸੇ ਹੋ ਸਕਦੇ ਹਨ। ਫਰਾਰ ਹੋਏ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। 


Related News