ਕਾਂਗਰਸ ਦਾ ਏਜੰਡਾ ਦਲਿਤਾਂ, ਆਦਿਵਾਸੀਆਂ ਦਾ ਰਾਖਵਾਂਕਰਨ ਖੋਹ ਕੇ ਮੁਸਲਮਾਨਾਂ ਨੂੰ ਦੇਣਾ ਹੈ : ਨੱਢਾ

05/06/2024 12:59:51 PM

ਸੂਰਜਪੁਰ (ਛੱਤੀਸਗੜ੍ਹ), (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜੇ. ਪੀ. ਨੱਢਾ ਨੇ ਐਤਵਾਰ ਨੂੰ ਕਾਂਗਰਸ ’ਤੇ ਦੋਸ਼ ਲਾਇਆ ਕਿ ਉਸ ਦਾ ਏਜੰਡਾ ਦਲਿਤਾਂ, ਆਦਿਵਾਸੀਆਂ ਅਤੇ ਪੱਛੜੇ ਵਰਗਾਂ ਦਾ ਰਾਖਵਾਂਕਰਨ ਖੋਹ ਕੇ ਮੁਸਲਮਾਨਾਂ ਨੂੰ ਦੇਣਾ ਹੈ।

ਉਨ੍ਹਾਂ ਕਾਂਗਰਸ ’ਤੇ ਵੋਟ ਬੈਂਕ, ਧਰਮ ਅਤੇ ਜਾਤੀ ਦੀ ਰਾਜਨੀਤੀ ਕਰਨ ਦਾ ਵੀ ਦੋਸ਼ ਲਾਇਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰਿਆਂ ਦੇ ਵਿਕਾਸ ’ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਦੇਸ਼ ’ਚ ਰਾਜਨੀਤੀ ਦੀ ਪਰਿਭਾਸ਼ਾ ਅਤੇ ਸੱਭਿਆਚਾਰ ਨੂੰ ਬਦਲ ਦਿੱਤਾ ਹੈ। ਨੱਢਾ ਛੱਤੀਸਗੜ੍ਹ ਦੇ ਸੂਰਜਪੁਰ ਜ਼ਿਲੇ ’ਚ ਸਰਗੁਜਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਚਿੰਤਾਮਣੀ ਮਹਾਰਾਜ ਦੇ ਸਮਰਥਨ ’ਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉੱਥੇ 7 ਮਈ ਨੂੰ ਵੋਟਿੰਗ ਹੋਣੀ ਹੈ। ਨੱਢਾ ਨੇ ਕਾਂਗਰਸ ਪਾਰਟੀ ’ਤੇ ਭਗਵਾਨ ਰਾਮ ਵਿਰੋਧੀ, ਸਨਾਤਨ ਧਰਮ ਵਿਰੋਧੀ ਹੋਣ ਅਤੇ ਰਾਸ਼ਟਰ ਵਿਰੋਧੀਆਂ ਦਾ ਸਾਥ ਦੇਣ ਦਾ ਵੀ ਦੋਸ਼ ਲਾਇਆ।

ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ’ਚ ਕਾਂਗਰਸ ਨੇ ਕੀਤੀ ਨੱਢਾ ਦੀ ਸ਼ਿਕਾਇਤ

ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ (ਕੇ. ਪੀ. ਸੀ. ਸੀ.) ਨੇ ਆਦਰਸ਼ ਚੋਣ ਜ਼ਾਬਤੇ ਦੀ ਕਥਿਤ ਉਲੰਘਣਾ ਨੂੰ ਲੈ ਕੇ ਐਤਵਾਰ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਅਤੇ ਪਾਰਟੀ ਦੇ ਹੋਰ ਸੀਨੀਅਰ ਨੇਤਾਵਾਂ ਦੇ ਖਿਲਾਫ ਚੋਣ ਕਮਿਸ਼ਨ ਤੋਂ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਸੂਬਾ ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਸੋਸ਼ਲ ਮੀਡੀਆ ’ਤੇ ਭਾਜਪਾ ਵੱਲੋਂ ਪੋਸਟ ਕੀਤੀ ਗਈ ਇਕ ਵੀਡੀਓ ’ਚ ਅਨੁਸੂਚਿਤ ਜਾਤੀ (ਐੱਸ. ਸੀ.) ਅਤੇ ਅਨੁਸੂਚਿਤ ਜਨਜਾਤੀ (ਐੱਸ. ਟੀ.) ਭਾਈਚਾਰੇ ਦੇ ਮੈਂਬਰਾਂ ਨੂੰ ਇਕ ਖਾਸ ਉਮੀਦਵਾਰ ਨੂੰ ਵੋਟ ਨਾ ਪਾਉਣ ਲਈ ਡਰਾਇਆ-ਧਮਕਾਇਆ ਗਿਆ ਹੈ।


Rakesh

Content Editor

Related News